ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦਰਮਿਆਨ, ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੇ 37 ਸਾਲ ਪੁਰਾਣੀ ਹਵਾਈ ਫੌਜ ਦੇ ਕਮਾਂਡਰਾਂ ਦੀ ਸਾਲਾਨਾ ਬੈਠਕ ’ਚ ਪਹਿਲੀ ਵਾਰ ਹਿੱਸਾ ਨਹੀਂ ਲਿਆ। ਹਰ ਸਾਲ 8 ਫਰਵਰੀ ਨੂੰ ਆਯੋਜਿਤ ਹੋਣ ਵਾਲੀ ਇਸ ਬੈਠਕ ’ਚ 1989 ਤੋਂ ਖਾਮੇਨੇਈ ਸ਼ਾਮਲ ਹੁੰਦੇ ਰਹੇ ਹਨ।
ਈਰਾਨ ਇੰਟਰਨੈਸ਼ਨਲ ਦੀ ਰਿਪੋਰਟ ਅਨੁਸਾਰ, ਇਸ ਸਾਲ ਖਾਮੇਨੇਈ ਦੀ ਜਗ੍ਹਾ ਹਥਿਆਰਬੰਦ ਫੌਜਾਂ ਦੇ ਚੀਫ ਆਫ ਸਟਾਫ ਅਬਦੋਲਰਹੀਮ ਮੂਸਾਵੀ ਨੇ ਹਵਾਈ ਫੌਜ ਦੇ ਕਮਾਂਡਰਾਂ ਨਾਲ ਮੁਲਾਕਾਤ ਕੀਤੀ। ਇਹ ਗ਼ੈਰ-ਹਾਜ਼ਰੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਲਗਾਤਾਰ ਧਮਕੀਆਂ ਅਤੇ ਖੇਤਰ ’ਚ ਵਧਦੀ ਫ਼ੌਜੀ ਮੌਜੂਦਗੀ ਦਰਮਿਆਨ ਸਹਮਣੇ ਆਈ ਹੈ, ਜਿਸ ਨਾਲ ਸੰਭਾਵੀ ਫ਼ੌਜੀ ਹਮਲੇ ਦਾ ਖ਼ਤਰਾ ਮਹਿਸੂਸ ਕੀਤਾ ਗਿਆ।
ਜ਼ਿਕਰਯੋਗ ਹੈ ਕਿ 8 ਫਰਵਰੀ ਦੀ ਬੈਠਕ ਈਰਾਨੀ ਹਵਾਈ ਫੌਜ ਲਈ ਇਤਿਹਾਸਕ ਮਹੱਤਵ ਰੱਖਦੀ ਹੈ। ਇਹ ਦਿਨ 1979 ’ਚ ਪਹਿਲਵੀ ਰਾਜਵੰਸ਼ ਦੇ ਪਤਨ ਅਤੇ ਰੂਹੁੱਲਾ ਖੁਮੈਨੀ ਦੀ ਪ੍ਰਤਿਗਿਆ ਦੀ ਵਰ੍ਹੇਗੰਢ ਨਾਲ ਜੁੜਿਆ ਹੋਇਆ ਹੈ। ਇਸ ਦਰਮਿਆਨ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ 11 ਫਰਵਰੀ ਨੂੰ ਵਾਸ਼ਿੰਗਟਨ ’ਚ ਟਰੰਪ ਨਾਲ ਮੁਲਾਕਾਤ ਕਰਨਗੇ।
ਇਸ ਦੌਰਾਨ ਉਨ੍ਹਾਂ ਦੀ ਗੱਲਬਾਤ ਦਾ ਏਜੰਡਾ ਈਰਾਨ ਨਾਲ ਗੱਲਬਾਤ ’ਚ ਬੈਲਿਸਟਿਕ ਮਿਜ਼ਾਈਲਾਂ ’ਤੇ ਰੋਕ ਅਤੇ ਈਰਾਨੀ ਸਹਿਯੋਗੀ ਧੜਿਆਂ ਦੇ ਸਮਰਥਨ ਨੂੰ ਖਤਮ ਕਰਨ ਦੀਆਂ ਸ਼ਰਤਾਂ ’ਤੇ ਕੇਂਦ੍ਰਿਤ ਹੋਵੇਗਾ। ਈਰਾਨ ਦੀ ਇਸ ਗ਼ੈਰ-ਹਾਜ਼ਰੀ ਨੇ ਖੇਤਰ ’ਚ ਤਣਾਅ ਵਧਾ ਦਿੱਤਾ ਹੈ ਅਤੇ ਵਿਸ਼ਵ ਭਾਈਚਾਰੇ ਦੀਆਂ ਨਜ਼ਰਾਂ ਇਸ ’ਤੇ ਟਿਕੀਆਂ ਹੋਈਆਂ ਹਨ।
ਭਾਰੀ ਪਈ ਟਰੱਕ ਡਰਾਈਵਰ ਦੀ ਲਾਪਰਵਾਹੀ ! ਭਿਆਨਕ ਹਾਦਸੇ 'ਚ ਗਈ 30 ਲੋਕਾਂ ਦੀ ਜਾਨ
NEXT STORY