ਨਿਊਯਾਰਕ/ਬੋਗੋਟਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਹਲਚਲ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ, ਟਰੰਪ ਨੇ ਹੁਣ ਸਿੱਧੇ ਤੌਰ 'ਤੇ ਕੋਲੰਬੀਆ ਸਮੇਤ ਹੋਰਨਾਂ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹ ਨਸ਼ਾ ਤਸਕਰਾਂ ਅਤੇ ਡਰੱਗ ਕਾਰਟੇਲ ਨੂੰ ਪਨਾਹ ਦੇਣ ਤੋਂ ਬਾਜ਼ ਨਹੀਂ ਆਉਂਦੇ, ਤਾਂ ਉਨ੍ਹਾਂ ਵਿਰੁੱਧ ਵੀ ਅਜਿਹੀ ਹੀ ਸਖ਼ਤ ਫੌਜੀ ਕਾਰਵਾਈ ਕੀਤੀ ਜਾ ਸਕਦੀ ਹੈ।
ਮਾਦੁਰੋ 'ਤੇ ਨਾਰਕੋ-ਟੈਰਰਿਜ਼ਮ ਦੇ ਦੋਸ਼
ਅਮਰੀਕੀ ਡੈਲਟਾ ਫੋਰਸ ਨੇ ਸ਼ਨੀਵਾਰ ਸਵੇਰੇ ਇੱਕ ਗੁਪਤ ਆਪ੍ਰੇਸ਼ਨ ਦੌਰਾਨ ਵੈਨੇਜ਼ੁਏਲਾ ਦੇ ਇੱਕ ਫੌਜੀ ਅੱਡੇ 'ਤੇ ਹਮਲਾ ਕਰਕੇ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲਿਆ ਫਲੋਰੇਸ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਜੰਗੀ ਜਹਾਜ਼ ਰਾਹੀਂ ਨਿਊਯਾਰਕ ਲਿਜਾਇਆ ਗਿਆ ਹੈ, ਜਿੱਥੇ ਫੈਡਰਲ ਕੋਰਟ ਵਿੱਚ ਉਨ੍ਹਾਂ ਵਿਰੁੱਧ 'ਨਾਰਕੋ-ਟੈਰਰਿਜ਼ਮ' (ਨਸ਼ਾ-ਅੱਤਵਾਦ) ਅਤੇ ਕੋਕੀਨ ਦੀ ਤਸਕਰੀ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਵਕੀਲਾਂ ਦਾ ਇਲਜ਼ਾਮ ਹੈ ਕਿ ਮਾਦੁਰੋ ਨੇ ਪਿਛਲੇ ਦੋ ਦਹਾਕਿਆਂ ਤੋਂ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਕੇ ਅਮਰੀਕਾ ਵਿੱਚ ਭਾਰੀ ਮਾਤਰਾ ਵਿੱਚ ਨਸ਼ੇ ਭੇਜੇ ਹਨ।
ਕੋਲੰਬੀਆ ਦੇ ਰਾਸ਼ਟਰਪਤੀ 'ਤੇ ਸ਼ਿਕੰਜਾ
ਅਮਰੀਕਾ ਨੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੇਟਰੋ 'ਤੇ ਵੀ ਗੰਭੀਰ ਦੋਸ਼ ਲਗਾਉਂਦੇ ਹੋਏ ਪਾਬੰਦੀਆਂ ਲਗਾ ਦਿੱਤੀਆਂ ਹਨ। ਅਮਰੀਕੀ ਵਿੱਤ ਵਿਭਾਗ ਅਨੁਸਾਰ, ਪੇਟਰੋ 'ਤੇ ਡਰੱਗ ਕਾਰਟੇਲ ਨੂੰ ਫਲਣ-ਫੁੱਲਣ ਦੀ ਇਜਾਜ਼ਤ ਦੇਣ ਦਾ ਦੋਸ਼ ਹੈ। ਇਸ ਕਾਰਵਾਈ ਦੇ ਤਹਿਤ:
• ਰਾਸ਼ਟਰਪਤੀ ਪੇਟਰੋ ਦੀ ਪਤਨੀ ਵੇਰੋਨਿਕਾ, ਉਨ੍ਹਾਂ ਦੇ ਬੇਟੇ ਅਤੇ ਕੋਲੰਬੀਆ ਦੇ ਗ੍ਰਹਿ ਮੰਤਰੀ ਦੀਆਂ ਅਮਰੀਕਾ ਵਿੱਚ ਮੌਜੂਦ ਸਾਰੀਆਂ ਜਾਇਦਾਦਾਂ ਨੂੰ ਜ਼ਬਤ (ਫ੍ਰੀਜ਼) ਕਰ ਦਿੱਤਾ ਗਿਆ ਹੈ।
• ਟਰੰਪ ਨੇ ਸਾਫ਼ ਕੀਤਾ ਹੈ ਕਿ ਲੋੜ ਪੈਣ 'ਤੇ ਇਸ ਖੇਤਰ ਵਿੱਚ ਹੋਰ ਅਮਰੀਕੀ ਫੌਜੀ ਆਪ੍ਰੇਸ਼ਨ ਚਲਾਏ ਜਾ ਸਕਦੇ ਹਨ।
ਕੋਲੰਬੀਆ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
ਅਮਰੀਕੀ ਕਾਰਵਾਈ ਦੇ ਜਵਾਬ ਵਿੱਚ ਕੋਲੰਬੀਆ ਦੇ ਵਿਦੇਸ਼ ਮੰਤਰਾਲੇ ਨੇ ਵਾਸ਼ਿੰਗਟਨ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਅਤੇ ਕੂਟਨੀਤੀ ਦਾ ਉਲੰਘਣ ਦੱਸਿਆ ਹੈ। ਰਾਸ਼ਟਰਪਤੀ ਪੇਟਰੋ ਨੇ ਸੰਯੁਕਤ ਰਾਸ਼ਟਰ (UN) ਅਤੇ 'ਓ.ਏ.ਐੱਸ.' (OAS) ਤੋਂ ਤੁਰੰਤ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਦੁਨੀਆ ਨੂੰ ਅਲਰਟ ਰਹਿਣ ਲਈ ਕਹਿੰਦਿਆਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਬੁਲਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਵੇਨੇਜ਼ੁਏਲਾ 'ਤੇ ਹੋਏ ਹਮਲੇ ਦੀ ਅੰਤਰਰਾਸ਼ਟਰੀ ਵੈਧਤਾ ਦੀ ਜਾਂਚ ਕੀਤੀ ਜਾ ਸਕੇ। ਅਮਰੀਕਾ ਨੇ ਇਸ ਖੇਤਰ ਵਿੱਚ ਪਹਿਲਾਂ ਹੀ ਆਪਣੀ ਫੌਜੀ ਮੌਜੂਦਗੀ ਵਧਾ ਦਿੱਤੀ ਹੈ ਅਤੇ ਕੈਰੇਬੀਅਨ ਤੇ ਪੈਸੀਫਿਕ ਸਾਗਰ ਵਿੱਚ ਜਹਾਜ਼ਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ।
'ਜੇਕਰ ਗੱਲ ਨਾ ਮੰਨੀ ਤਾਂ ਮਾਦੁਰੋ ਤੋਂ ਵੀ ਬੁਰਾ ਅੰਜਾਮ ਹੋਵੇਗਾ', ਵੈਨੇਜ਼ੁਏਲਾ ਦੀ ਉਪ ਰਾਸ਼ਟਰਪਤੀ ਨੂੰ ਟਰੰਪ ਦੀ ਖੁੱਲ੍ਹੀ ਧਮਕੀ
NEXT STORY