ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟ੍ਰੇਟ ਆਫ਼ ਹੋਰਮੁਜ਼ ਦੀ ਸੁਰੱਖਿਆ ਅਤੇ ਨਿਵੇਸ਼ ਰਣਨੀਤੀ ਨੂੰ ਲੈ ਕੇ ਇੱਕ ਵੱਡਾ ਨੀਤੀਗਤ ਬਦਲਾਅ ਕਰਦਿਆਂ ਆਪਣੇ ਪੁਰਾਣੇ ਫੈਸਲੇ ਤੋਂ 'ਯੂ-ਟਰਨ' ਲਿਆ ਹੈ। ਰਾਸ਼ਟਰਪਤੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਪਹਿਲਾਂ ਪ੍ਰਸਤਾਵਿਤ 20 ਫੀਸਦੀ 'ਰੀਇੰਬਰਸਮੈਂਟ ਫੀਸ' (ਸੁਰੱਖਿਆ ਸ਼ੁਲਕ) ਦੇ ਵਿਚਾਰ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਇਸ ਦੀ ਥਾਂ ਹੁਣ ਨਵੀਂ ਨਿਵੇਸ਼ ਰਣਨੀਤੀ ਲਾਗੂ ਕੀਤੀ ਜਾਵੇਗੀ।
ਰਾਸ਼ਟਰਪਤੀ ਟਰੰਪ ਅਨੁਸਾਰ, ਮੱਧ ਪੂਰਬ ਦੀ ਲੀਡਰਸ਼ਿਪ ਨਾਲ ਹੋਈਆਂ ਸਕਾਰਾਤਮਕ ਗੱਲਬਾਤਾਂ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਖਾੜੀ ਦੇਸ਼ ਅਮਰੀਕਾ ਵਿੱਚ ਸਿੱਧੇ ਤੌਰ 'ਤੇ ਵਪਾਰ ਅਤੇ ਨਿਵੇਸ਼ ਸੌਦੇ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਨਿਵੇਸ਼ ਇਤਿਹਾਸਕ ਪੱਧਰ ਦੇ ਹੋਣਗੇ, ਜਿਸ ਨਾਲ ਅਮਰੀਕਾ ਵਿੱਚ ਵੱਡੀ ਗਿਣਤੀ ਵਿੱਚ ਫੈਕਟਰੀਆਂ ਅਤੇ ਪਲਾਂਟ ਲੱਗਣਗੇ, ਜਿਸ ਸਦਕਾ ਲੱਖਾਂ ਨਵੀਆਂ ਅਤੇ ਉੱਚੀਆਂ ਤਨਖਾਹਾਂ ਵਾਲੀਆਂ ਅਮਰੀਕੀ ਨੌਕਰੀਆਂ ਪੈਦਾ ਹੋਣਗੀਆਂ।
ਈਰਾਨ ਵਿਰੁੱਧ ਆਪਣੇ ਰੁਖ ਨੂੰ ਹੋਰ ਸਖ਼ਤ ਕਰਦਿਆਂ ਟਰੰਪ ਨੇ ਐਲਾਨ ਕੀਤਾ ਕਿ ਹੋਰਮੁਜ਼ ਦਾ ਰਸਤਾ ਈਰਾਨ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੇ ਜਹਾਜ਼ਾਂ ਲਈ ਖੁੱਲ੍ਹਾ ਹੈ। ਉਨ੍ਹਾਂ ਨੇ ਈਰਾਨੀ ਬੰਦਰਗਾਹਾਂ 'ਤੇ ਪੂਰੀ ਤਰ੍ਹਾਂ ਨਾਕਾਬੰਦੀ ਲਗਾਉਣ ਦੀ ਗੱਲ ਕਹੀ ਹੈ, ਜਿਸ ਤਹਿਤ ਕਿਸੇ ਵੀ ਅਜਿਹੇ ਜਹਾਜ਼ ਨੂੰ ਨਹੀਂ ਲੰਘਣ ਦਿੱਤਾ ਜਾਵੇਗਾ ਜੋ ਈਰਾਨੀ ਮਾਲ ਲੈ ਕੇ ਜਾ ਰਿਹਾ ਹੋਵੇਗਾ। ਟਰੰਪ ਨੇ ਈਰਾਨੀ ਲੀਡਰਸ਼ਿਪ ਨੂੰ 'ਹਿੰਸਕ ਅਤੇ ਝੂਠੀ' ਕਰਾਰ ਦਿੰਦਿਆਂ ਕਿਹਾ ਕਿ ਉਹ ਦੇਸ਼ ਨੂੰ ਤਬਾਹੀ ਦੇ ਰਾਹ 'ਤੇ ਲੈ ਕੇ ਜਾ ਰਹੇ ਹਨ।
ਟਰੰਪ ਨੇ ਸਟ੍ਰੇਟ ਆਫ਼ ਹੋਰਮੁਜ਼ ਵਿੱਚ ਤੇਲ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਉਣ ਲਈ ਅਮਰੀਕੀ ਫੌਜ ਦੀ ਤਾਕਤ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਜੰਗੀ ਸਕੱਤਰ ਪੀਟ ਹੇਗਸੇਥ, ਜੁਆਇੰਟ ਚੀਫ਼ ਆਫ਼ ਸਟਾਫ਼ ਦੇ ਚੇਅਰਮੈਨ ਡੈਨ ਕੇਨ ਅਤੇ ਐਡਮਿਰਲ ਬ੍ਰੈਡ ਕੂਪਰ ਦਾ ਧੰਨਵਾਦ ਕੀਤਾ। ਰਾਸ਼ਟਰਪਤੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਅਗਵਾਈ ਹੇਠ ਈਰਾਨ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਨਹੀਂ ਕਰ ਸਕੇਗਾ।
ਪਿਆਕੜਾਂ ਲਈ ਖ਼ੁਸ਼ਖ਼ਬਰੀ, ਹੁਣ ਸਸਤੀ ਮਿਲੇਗੀ ਸ਼ਰਾਬ; ਵਧਣਗੇ ਨੌਕਰੀਆਂ ਦੇ ਮੌਕੇ
NEXT STORY