ਅੰਕਾਰਾ/ਤੇਹਰਾਨ : ਈਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਭਿਆਨਕ ਜੰਗ ਦਰਮਿਆਨ ਤੁਰਕੀ ਨੇ ਵੱਡਾ ਸਿਆਸੀ ਉਲਟਫੇਰ ਕਰਦਿਆਂ ਈਰਾਨ ਦਾ ਖੁੱਲ੍ਹ ਕੇ ਸਮਰਥਨ ਕੀਤਾ ਹੈ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਨੇ ਮੁਸਲਿਮ ਦੇਸ਼ਾਂ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਜੰਗ ਨੂੰ ਤੁਰੰਤ ਰੋਕਣ ਦੀ ਅਪੀਲ ਕੀਤੀ ਹੈ।
ਅੰਕਾਰਾ ਵਿੱਚ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਏਰਦੋਗਨ ਨੇ ਇੱਕ ਭਾਵੁਕ ਬਿਆਨ ਦਿੱਤਾ। ਉਨ੍ਹਾਂ ਕਿਹਾ, "ਮੈਂ ਨਾ ਤਾਂ ਸੁੰਨੀ ਹਾਂ ਅਤੇ ਨਾ ਹੀ ਸ਼ੀਆ, ਅਸੀਂ ਸਾਰੇ ਪਹਿਲਾਂ ਮੁਸਲਮਾਨ ਹਾਂ"। ਏਰਦੋਗਨ ਨੇ ਕਿਹਾ ਕਿ ਇਹ ਮੁਸਲਿਮ ਜਗਤ ਲਈ ਇੱਕ-ਦੂਜੇ ਦਾ ਸਾਥ ਦੇਣ ਦਾ ਸਮਾਂ ਹੈ ਅਤੇ ਜੇਕਰ ਇਹ ਜੰਗ ਨਾ ਰੁਕੀ ਤਾਂ ਪੂਰੀ ਦੁਨੀਆ ਇਸ ਦੀ ਅੱਗ ਵਿੱਚ ਸੜ ਜਾਵੇਗੀ।
ਏਰਦੋਗਨ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਜੰਗ ਇਜ਼ਰਾਈਲ ਵੱਲੋਂ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਅਮਰੀਕਾ ਕੂਟਨੀਤੀ ਨੂੰ ਪਹਿਲ ਦੇਵੇ ਤਾਂ ਇਸ ਜੰਗ ਨੂੰ ਰੋਕਿਆ ਜਾ ਸਕਦਾ ਹੈ। ਤੁਰਕੀ ਨੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਕੀਤੀਆਂ ਜਾ ਰਹੀਆਂ ਏਅਰ ਸਟ੍ਰਾਈਕਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ "ਸਾਫ਼ ਉਲੰਘਣਾ" ਕਰਾਰ ਦਿੱਤਾ ਹੈ। ਹਾਲਾਂਕਿ, ਰਾਸ਼ਟਰਪਤੀ ਏਰਦੋਗਨ ਨੇ ਆਪਣੇ ਨਿੱਜੀ ਸਬੰਧਾਂ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਿੱਧਾ ਨਾਮ ਲੈਣ ਤੋਂ ਪਰਹੇਜ਼ ਕੀਤਾ ਹੈ।
ਤੁਰਕੀ ਇਸ ਸਮੇਂ ਈਰਾਨ ਅਤੇ ਅਮਰੀਕਾ ਵਿਚਾਲੇ ਮੱਧਸਥਤਾ ਕਰਨ ਦੀ ਸਰਗਰਮ ਕੋਸ਼ਿਸ਼ ਕਰ ਰਿਹਾ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਹਾਕਾਨ ਫਿਦਾਨ ਨੇ ਸੰਸਦ ਵਿੱਚ ਸੰਸਦ ਮੈਂਬਰਾਂ ਨੂੰ ਇਸ ਸੰਕਟ ਨਾਲ ਨਜਿੱਠਣ ਦੀ ਰਣਨੀਤੀ ਬਾਰੇ ਗੁਪਤ ਜਾਣਕਾਰੀ ਵੀ ਦਿੱਤੀ ਹੈ।
ਤੁਰਕੀ ਦੇ ਇਸ ਰੁਖ਼ ਤੋਂ ਇਜ਼ਰਾਈਲ ਕਾਫ਼ੀ ਨਾਰਾਜ਼ ਨਜ਼ਰ ਆ ਰਿਹਾ ਹੈ। ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੇਨੇਟ ਨੇ ਕਿਹਾ ਹੈ ਕਿ ਤੁਰਕੀ ਵੀ ਹੁਣ ਈਰਾਨ ਦੇ ਨਕਸ਼ੇ-ਕਦਮਾਂ 'ਤੇ ਚੱਲ ਰਿਹਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਤੁਰਕੀ, ਹਮਾਸ, ਕਤਰ ਅਤੇ ਸੀਰੀਆ ਵਰਗੇ ਦੇਸ਼ਾਂ ਨਾਲ ਮਿਲ ਕੇ ਇੱਕ ਅਜਿਹਾ ਗੱਠਜੋੜ ਬਣਾ ਰਿਹਾ ਹੈ ਜਿਸਦਾ ਮਕਸਦ ਇਜ਼ਰਾਈਲ ਨੂੰ ਨੁਕਸਾਨ ਪਹੁੰਚਾਉਣਾ ਹੈ।
ਪੈਰਾ ਓਲੰਪਿਕਸ 'ਚ ਕੈਨੇਡਾ ਦੇ ਖਿਡਾਰੀਆਂ ਦੀ ਬੱਲੇ-ਬੱਲੇ, ਬ੍ਰਿਟਨੀ ਹੁਡੈਕ ਤੇ ਮਾਰਕ ਅਰੇਂਡਜ਼ ਨੇ ਜਿੱਤੇ ਕਾਂਸੀ ਦੇ ਤਮਗੇ
NEXT STORY