ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਸੂਬੇ ਵਿਚ ਸੈਨ ਡਿਏਗੋ ਦੇ ਇਕ ਚਿੜੀਆਘਰ ਸਫਾਰੀ ਪਾਰਕ 'ਚ ਦੋ ਗੋਰਿੱਲੇ ਕੋਰੋਨਾ ਵਾਇਰਸ ਤੋਂ ਪੀੜਤ ਹੋਏ ਹਨ। ਇਸ ਸਬੰਧੀ ਚਿੜੀਆਘਰ ਦੇ ਅਧਿਕਾਰੀਆਂ ਵਲੋਂ ਸੋਮਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਇਲਾਵਾ ਪ੍ਰਬੰਧਕਾਂ ਨੇ ਦੱਸਿਆ ਕਿ ਇਕ ਹੋਰ ਗੁਰਿੱਲਾ 'ਚ ਵੀ ਵਾਇਰਸ ਦੇ ਲੱਛਣ ਦਿਖ ਰਹੇ ਹਨ ਪਰ ਉਸ ਦੀ ਅਜੇ ਜਾਂਚ ਨਹੀਂ ਹੋਈ। ਅਧਿਕਾਰੀਆਂ ਵਲੋਂ ਕਈ ਹੋਰ ਗੋਰਿੱਲਿਆਂ ਨੂੰ ਵੀ ਵਾਇਰਸ ਦੀ ਲਾਗ ਲੱਗਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ।
ਚਿੜੀਆਘਰ ਪ੍ਰਬੰਧਕਾਂ ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੀੜਤ ਜਾਨਵਰਾਂ 'ਚ 6 ਜਨਵਰੀ ਨੂੰ ਖੰਘ ਅਤੇ ਹੋਰ ਹਲਕੇ ਲੱਛਣਾਂ ਨੂੰ ਵੇਖਦਿਆਂ ਜਾਂਚ ਕੀਤੀ ਗਈ ਸੀ ਜੋ ਕਿ 8 ਜਨਵਰੀ ਨੂੰ ਪਾਜ਼ੀਟਿਵ ਪਾਏ ਗਏ ਸਨ ਅਤੇ ਯੂ. ਐੱਸ. ਡੀ. ਏ. ਦੀਆਂ ਰਾਸ਼ਟਰੀ ਵੈਟਰਨਰੀ ਸੇਵਾ ਲੈਬਾਰਟਰੀ ਦੁਆਰਾ ਇਨ੍ਹਾਂ ਟੈਸਟਾਂ ਦੀ 11 ਜਨਵਰੀ ਨੂੰ ਪੁਸ਼ਟੀ ਕਰ ਦਿੱਤੀ ਗਈ ਸੀ।
ਚਿੜੀਆਘਰ ਦੇ ਇਹ ਜਾਨਵਰ ਕਿਸੇ ਵਾਇਰਸ ਪੀੜਤ ਪਰ ਲੱਛਣ ਨਾ ਹੋਣ ਵਾਲੇ ਸਟਾਫ਼ ਮੈਂਬਰ ਦੁਆਰਾ ਪੀੜਤ ਹੋਏ ਮੰਨੇ ਜਾਂਦੇ ਹਨ। ਚਿੜੀਆਘਰ ਪ੍ਰਬੰਧਕਾਂ ਅਨੁਸਾਰ ਦੋਵੇਂ ਪੀੜਤ ਗੋਰਿੱਲੇ ਸਿਹਤ ਪੱਖੋਂ ਠੀਕ ਹਨ। ਪਾਰਕ ਦੀ ਕਾਰਜਕਾਰੀ ਨਿਰਦੇਸ਼ਕ, ਲੀਜ਼ਾ ਪੀਟਰਸਨ ਅਨੁਸਾਰ ਇਨ੍ਹਾਂ ਦੇ ਸੰਪਰਕ ਵਿਚ ਆਏ 8 ਗੋਰਿੱਲਾ ਜਾਨਵਰਾਂ ਨੂੰ ਇਹ ਵਾਇਰਸ ਹੋਣ ਦਾ ਡਰ ਹੈ ਹਾਲਾਂਕਿ ਉਨ੍ਹਾਂ ਦਾ ਧਿਆਨ ਨਾਲ ਨਿਰੀਖਣ ਕੀਤਾ ਜਾ ਰਿਹਾ ਹੈ । ਇਹ ਮੰਨਿਆ ਜਾਂਦਾ ਹੈ ਕਿ ਗੋਰਿੱਲਾ ਜਾਨਵਰਾਂ ਵਿਚ ਕੋਰੋਨਾ ਵਾਇਰਸ ਹੋਣ ਦੀ ਇਹ ਪਹਿਲੀ ਉਦਾਹਰਣ ਹੈ ਜਦਕਿ ਨਿਊਯਾਰਕ ਦੇ ਬ੍ਰੌਨਕਸ ਚਿੜੀਆਘਰ ਵਿਚ ਇਕ ਸ਼ੇਰ ਵੀ ਕੋਰੋਨਾ ਦਾ ਸ਼ਿਕਾਰ ਹੋ ਗਿਆ ਸੀ।
ਆਸਟ੍ਰੇਲੀਆ : 6 ਵਿਅਕਤੀ ਯੂ.ਕੇ. ਵੇਰੀਐਂਟ ਨਾਲ ਪੀੜਤ, ਖਾਲੀ ਕਰਵਾਇਆ ਗਿਆ ਹੋਟਲ
NEXT STORY