ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਯੂਕੇ ਦਾ ਸਿਹਤ ਵਿਭਾਗ ਵੱਡੀ ਪੱਧਰ 'ਤੇ ਐੱਨ. ਐੱਚ. ਐੱਸ. ਡਾਕਟਰਾਂ ਦੁਆਰਾ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਦਾ ਸਾਹਮਣਾ ਕਰ ਰਿਹਾ ਹੈ। ਇਸ ਸਬੰਧੀ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ (ਬੀ. ਐੱਮ. ਏ.) ਨੇ ਚੇਤਾਵਨੀ ਦਿੱਤੀ ਹੈ ਕਿ ਮੈਡੀਕਲ ਖੇਤਰ ਵਿਚ ਕਰਮਚਾਰੀ ਸੰਕਟ ਪੈਦਾ ਹੋ ਰਿਹਾ ਹੈ, ਕਿਉਂਕਿ ਪੈਨਸ਼ਨ ਟੈਕਸ ਵਿਚ ਹੋਈਆਂ ਤਬਦੀਲੀਆਂ ਬਹੁਤ ਤਜ਼ਰਬੇਕਾਰ ਡਾਕਟਰਾਂ ਦੇ ਵੱਡੇ ਪੱਧਰ 'ਤੇ ਸੇਵਾ ਮੁਕਤੀ ਲੈਣ ਦਾ ਕਾਰਨ ਬਣ ਸਕਦੀਆਂ ਹਨ।
ਐੱਨ. ਐੱਚ. ਐੱਸ. ਬਿਜ਼ਨਸ ਸਰਵੀਸਿਜ਼ ਅਥਾਰਟੀ ਦੁਆਰਾ ਬ੍ਰਿਟਿਸ਼ ਮੈਡੀਕਲ ਜਰਨਲ ਨੂੰ ਦਿੱਤੇ ਗਏ ਅੰਕੜਿਆਂ ਅਨੁਸਾਰ ਇੰਗਲੈਂਡ ਅਤੇ ਵੇਲਜ਼ ਵਿਚ ਛੇਤੀ ਰਿਟਾਇਰਮੈਂਟ ਲੈਣ ਵਾਲੇ ਐੱਨ. ਐੱਚ. ਐੱਸ. ਡਾਕਟਰਾਂ ਦੀ ਗਿਣਤੀ ਪਿਛਲੇ ਤਕਰੀਬਨ 13 ਸਾਲਾਂ ਵਿਚ ਤਿੰਨ ਗੁਣਾ ਤੋਂ ਵੀ ਵੱਧ ਗਈ ਹੈ। ਲੱਗਭਗ 1358 ਡਾਕਟਰਾਂ ਨੇ ਇਸ ਸਾਲ ਛੇਤੀ ਰਿਟਾਇਰਮੈਂਟ ਲਈ ਹੈ ਅਤੇ ਇਹ ਗਿਣਤੀ 2008 ਵਿਚ 401 ਸੀ। ਸਾਲ 2008 ਤੋਂ ਐੱਨ. ਐੱਚ. ਐੱਸ. ਡਾਕਟਰਾਂ ਦੀ ਸਮੁੱਚੀ ਰਿਟਾਇਰਮੈਂਟ ਵਿਚ ਵੀ 21 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਿਸ ਤਹਿਤ ਇਸ ਸਾਲ ਉਸ ਵੇਲੇ ਦੇ 2531 ਦੀ ਤੁਲਨਾ ਵਿਚ 2952 ਡਾਕਟਰ ਸੇਵਾਮੁਕਤ ਹੋਏ ਹਨ।
ਡਾਕਟਰਾਂ ਦੀ ਸੇਵਾਮੁਕਤੀ ਦੀ ਉਮਰ ਵਿਚ ਵੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਔਸਤਨ 59 ਸਾਲ ਹੈ ਜਦਕਿ 2008 ਵਿਚ ਇਹ 61 ਸਾਲ ਸੀ। ਬੀ. ਐੱਮ. ਏ. ਅਨੁਸਾਰ ਟੈਕਸ ਨਿਯਮਾਂ ਵਿਚ ਬਦਲਾਅ ਡਾਕਟਰਾਂ ਨੂੰ ਜਲਦੀ ਰਿਟਾਇਰ ਹੋਣ ਲਈ ਪ੍ਰੇਰਿਤ ਕਰ ਰਹੇ ਹਨ। ਬੀ. ਐੱਮ. ਏ. ਪੈਨਸ਼ਨ ਕਮੇਟੀ ਦੇ ਚੇਅਰਮੈਨ ਵਿਸ਼ਾਲ ਸ਼ਰਮਾ ਨੇ ਵੀ ਮੌਜੂਦਾ ਪੈਨਸ਼ਨ ਟੈਕਸ ਪ੍ਰਣਾਲੀ ਨੂੰ ਜਲਦੀ ਰਿਟਾਇਰਮੈਂਟ ਲਈ ਜਿੰਮੇਵਾਰ ਦੱਸਿਆ ਹੈ। ਸਾਲ 2010 ਤੋਂ ਲਾਗੂ ਇਹਨਾਂ ਤਬਦੀਲੀਆਂ ਕਰਕੇ ਸੀਨੀਅਰ ਡਾਕਟਰਾਂ ਨੂੰ ਟੈਕਸ ਦੇ ਬਿੱਲਾਂ ਅਤੇ ਮੁਸ਼ਕਲ ਚੋਣਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀ. ਐੱਮ. ਏ. ਦੇ ਸਰਵੇਖਣ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਧੇ ਤੋਂ ਵੱਧ ਡਾਕਟਰਾਂ ਨੇ 60 ਸਾਲ ਦੀ ਉਮਰ ਤੋਂ ਪਹਿਲਾਂ ਸੇਵਾਮੁਕਤ ਹੋਣ ਦੀ ਯੋਜਨਾ ਬਣਾਈ ਸੀ ਤੇ ਉਹਨਾਂ ਨੇ ਬਹੁਮਤ ਦੇ ਨਾਲ ਪੈਨਸ਼ਨ ਟੈਕਸਾਂ ਨੂੰ ਮੁੱਖ ਕਾਰਨ ਦੱਸਿਆ ਸੀ।
ਓਬਾਮਾ ਦੇ ਕਾਰਜਕਾਲ ’ਚ ਪੱਤਰਕਾਰ ਖਾਸ਼ੋਗੀ ਦੇ ਕਾਤਲਾਂ ਨੂੰ ਸਿਖਲਾਈ ਦੀ ਮਿਲੀ ਸੀ ਮਨਜ਼ੂਰੀ
NEXT STORY