ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਵਿੱਚ ਕੋਰੋਨਾ ਤਾਲਾਬੰਦੀ ਵਿੱਚ ਦਿੱਤੀ ਜਾ ਰਹੀ ਪੜਾਅਵਾਰ ਢਿੱਲ ਦੀ ਲੜੀ ਤਹਿਤ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਮਵਾਰ ਨੂੰ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਇੰਗਲੈਂਡ ਦੀਆਂ ਯੂਨੀਵਰਸਿਟੀਆਂ ਦੇ ਸਾਰੇ ਵਿਦਿਆਰਥੀਆਂ ਨੂੰ ਅਗਲੇ ਹਫ਼ਤੇ ਤੋਂ ਕੈਂਪਸ ਵਿੱਚ ਵਾਪਸ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਤਾਲਾਬੰਦੀ ਦੌਰਾਨ ਕ੍ਰਿਸਮਸ ਤੋਂ ਲੈ ਕੇ ਹੁਣ ਤੱਕ ਲੱਗਭਗ 10 ਲੱਖ ਵਿਦਿਆਰਥੀਆਂ ਨੇ ਆਨਲਾਈਨ ਪੜ੍ਹਾਈ ਨੂੰ ਜਾਰੀ ਰੱਖਿਆ ਹੈ ਪਰ ਹੁਣ ਤਾਲਾਬੰਦੀ ਪਾਬੰਦੀਆਂ ਦੇ ਆਸਾਨ ਹੋਣ ਕਰਕੇ ਉਹ 17 ਮਈ ਤੋਂ ਵਿਅਕਤੀਗਤ ਅਧਿਐਨ ਲਈ ਯੂਨੀਵਰਸਿਟੀ ਵਾਪਿਸ ਜਾ ਸਕਦੇ ਹਨ।
ਇਸ ਕਦਮ ਦੀ ਘੋਸ਼ਣਾ ਬੋਰਿਸ ਜਾਨਸਨ ਦੁਆਰਾ ਸਰਕਾਰ ਦੇ ਤਾਲਾਬੰਦੀ ਤੋਂ ਬਾਹਰ ਆਉਣ ਦੇ ਰੋਡਮੈਪ ਦੇ ਹਿੱਸੇ ਵਜੋਂ ਕੀਤੀ ਗਈ ਹੈ। ਕੈਂਪਸ ਵਿੱਚ ਵਾਪਸ ਆਉਣ ਵਾਲੇ ਵਿਦਿਆਰਥੀਆਂ ਨੂੰ ਵਾਇਰਸ ਦੀ ਲਾਗ ਦੇ ਫੈਲਣ ਨੂੰ ਸੀਮਤ ਕਰਨ ਲਈ ਰਿਹਾਇਸ਼ ਲਈ ਯਾਤਰਾ ਤੋਂ ਪਹਿਲਾਂ ਇੱਕ ਕੋਵਿਡ ਟੈਸਟ ਕਰਵਾਉਣ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ, ਜ਼ਿਆਦਾਤਰ ਵਿਦਿਆਰਥੀ ਪਹਿਲਾਂ ਹੀ ਆਪਣੀਆਂ ਯੂਨੀਵਰਸਿਟੀਆਂ ਦੇ ਪਤੇ 'ਤੇ ਵਾਪਿਸ ਆ ਗਏ ਹਨ। ਦਫਤਰ ਫਾਰ ਨੈਸ਼ਨਲ ਸਟੈਟਿਸਟਿਕਸ ਵੱਲੋਂ ਪਿਛਲੇ ਹਫ਼ਤੇ ਪ੍ਰਕਾਸ਼ਿਤ ਕੀਤੇ ਗਏ ਅੰਕੜਿਆਂ ਅਨੁਸਾਰ ਇੰਗਲੈਂਡ ਵਿੱਚ 82% ਵਿਦਿਆਰਥੀ ਪਹਿਲਾਂ ਹੀ ਯੂਨੀਵਰਸਿਟੀਆਂ ਵਿੱਚ ਵਾਪਿਸ ਆਏ ਸਨ, ਹਾਲਾਂਕਿ ਉਨ੍ਹਾਂ ਦੀ ਪੜ੍ਹਾਈ ਆਨਲਾਈਨ ਹੀ ਜਾਰੀ ਰਹੀ ਸੀ।
ਪੜ੍ਹੋ ਇਹ ਅਹਿਮ ਖਬਰ- ਯੂਕੇ : ਕੁਝ ਦੇਸ਼ਾਂ ਲਈ ਦਿੱਤੀ ਜਾ ਸਕਦੀ ਹੈ ਇਕਾਂਤਵਾਸ ਰਹਿਤ ਯਾਤਰਾ ਦੀ ਇਜਾਜ਼ਤ
ਸਾਰੇ ਵਿਦਿਆਰਥੀਆਂ ਵਿੱਚੋਂ ਵਿਗਿਆਨ ਅਤੇ ਇੰਜੀਨੀਅਰਿੰਗ ਸਮੇਤ ਪ੍ਰੈਕਟੀਕਲ ਕੋਰਸ ਕਰ ਰਹੇ ਅੱਧੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਸਹੂਲਤਾਂ ਅਤੇ ਉਪਕਰਣਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਅਜਿਹੇ ਵਿਦਿਆਰਥੀਆਂ ਨੂੰ 8 ਮਾਰਚ ਤੋਂ ਕੈਂਪਸ ਵਿੱਚ ਵਾਪਿਸ ਜਾਣ ਦਿੱਤਾ ਗਿਆ ਸੀ। ਇਸਦੇ ਇਲਾਵਾ ਸਿੱਖਿਆ ਵਿਭਾਗ (ਡੀ.ਐੱਫ.ਈ.) ਨੇ ਮਹਾਮਾਰੀ ਦੇ ਚਲਦਿਆਂ ਗ੍ਰੈਜੂਏਟਾਂ ਨੂੰ ਹੁਨਰਮੰਦ ਬਣਾਉਣ ਅਤੇ ਉਨ੍ਹਾਂ ਦੇ ਕੈਰੀਅਰ ਨੂੰ ਸ਼ੁਰੂ ਕਰਨ ਵਿੱਚ ਸਹਾਇਤਾ ਕਰਨ ਲਈ ਯੂਨੀਵਰਸਿਟੀਆਂ ਨਾਲ ਤਿਆਰ ਕੀਤੀ ਗ੍ਰੈਜੂਏਟ ਰੁਜ਼ਗਾਰ ਅਤੇ ਹੁਨਰ ਗਾਈਡ ਦੀ ਸ਼ੁਰੂਆਤ ਕਰਨ ਦੀ ਵੀ ਘੋਸ਼ਣਾ ਵੀ ਕੀਤੀ ਹੈ।
ਯੂਕੇ : ਕੁਝ ਦੇਸ਼ਾਂ ਲਈ ਦਿੱਤੀ ਜਾ ਸਕਦੀ ਹੈ ਇਕਾਂਤਵਾਸ ਰਹਿਤ ਯਾਤਰਾ ਦੀ ਇਜਾਜ਼ਤ
NEXT STORY