ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਬ੍ਰਿਟਿਸ਼ ਫ਼ੌਜ ਨੇ ਆਪਣੀ ਸ਼ਕਤੀ ਸਮਰੱਥਾ ਵਧਾਉਣ ਲਈ ਮਨੁੱਖ ਰਹਿਤ ਹਵਾਈ ਵਾਹਨਾਂ (ਯੂ. ਏ. ਵੀ.) ਦੀ ਸੈਨਿਕ ਵਰਤੋਂ ਵਿਚ, 2 ਕਿਲੋਮੀਟਰ (1.25 ਮੀਲ) ਦੂਰ ਦੇ ਟੀਚਿਆਂ ਦੀ ਜਾਸੂਸੀ ਕਰਨ ਲਈ 30 “ਨੈਨੋ ਬੱਗ ਡਰੋਨ” ਖਰੀਦੇ ਹਨ।
ਇੱਕ ਸਮਾਰਟਫੋਨ ਜਿੰਨੇ ਛੋਟੇ ਇਹ ਡਰੋਨ ਹੱਥ ਦੀ ਹਥੇਲੀ ਵਿੱਚ ਰੱਖੇ ਜਾ ਸਕਦੇ ਹਨ ਅਤੇ ਇੱਕ ਦਾ ਭਾਰ 196 ਗ੍ਰਾਮ ਹੈ। ਇਸ ਤਰ੍ਹਾਂ ਦੇ ਡਰੋਨ ਪਹਿਲਾਂ ਹੀ ਵਿਸ਼ਵਵਿਆਪੀ ਪੱਧਰ 'ਤੇ ਫ਼ੌਜਾਂ ਦੁਆਰਾ ਨਿਗਰਾਨੀ ਉਪਕਰਣਾਂ ਜਾਂ ਹਥਿਆਰਾਂ ਨਾਲ ਲੈਸ ਮਨੁੱਖ ਰਹਿਤ ਵਾਹਨਾਂ ਦੇ ਰੂਪ ਵਿੱਚ ਵਰਤੇ ਜਾ ਰਹੇ ਹਨ। ਹਾਲਾਂਕਿ ਕਈ ਮਨੁੱਖੀ ਅਧਿਕਾਰ ਸਮੂਹਾਂ ਦੁਆਰਾ ਇਹਨਾਂ ਦੀ ਵਰਤੋਂ ਦੀ ਭਾਰੀ ਆਲੋਚਨਾ ਕੀਤੀ ਗਈ ਹੈ ਪਰ ਯੂਰਪੀਅਨ ਯੂਨੀਅਨ ਅਤੇ ਯੂ. ਕੇ. ਨੇ ਭੂ-ਮੱਧ ਸਾਗਰ ਅਤੇ ਚੈਨਲ ਵਿਚ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਨੂੰ ਲੱਭਣ ਲਈ ਵੀ ਡਰੋਨ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ।
ਬ੍ਰਿਟਿਸ਼ ਫ਼ੌਜ ਦੇ ਇਹ ਨਵੇਂ ਨੈਨੋ ਡਰੋਨ ਯੂਕੇ ਹਥਿਆਰ ਨਿਰਮਾਤਾ ਬੀ.ਏ.ਈ. ਸਿਸਟਮ ਦੁਆਰਾ ਗਲੋਸਟਰਸ਼ਾਇਰ ਵਿੱਚ ਸਥਿਤ ਮਿਲਟਰੀ ਡਰੋਨ ਦੇ ਇੱਕ ਛੋਟੇ ਨਿਰਮਾਤਾ ਨਾਲ ਮਿਲ ਕੇ ਤਿਆਰ ਕੀਤੇ ਗਏ ਹਨ। ਇਹ ਡਰੋਨ 40 ਮਿੰਟ ਦੀ ਬੈਟਰੀ ਲਾਈਫ ਨਾਲ ਲਾਈਵਸਟ੍ਰੀਮ ਵੀਡੀਓ ਕਰਨ ਦੇ ਯੋਗ ਹਨ। ਇਸਦੇ ਨਾਲ ਹੀ ਇਹ ਡਰੋਨ 50 ਮੀਲ ਪ੍ਰਤੀ ਘੰਟਾਹਵਾ ਦੀ ਗਤੀ ਵਿੱਚ ਕੰਮ ਕਰ ਸਕਦਾ ਹੈ।ਪਿਛਲੇ ਸਾਲ ਡਿਫੈਂਸ ਵਿਭਾਗ ਨੇ ਜੰਗ ਦੇ ਮੈਦਾਨਾਂ ਵਿੱਚ ਰੋਬੋਟਿਕ ਪ੍ਰੋਜੈਕਟਾਂ ਉੱਤੇ ਖਰਚ ਕਰਨ ਲਈ 66 ਮਿਲੀਅਨ ਪੌਂਡ ਦੀ ਘੋਸ਼ਣਾ ਕੀਤੀ ਸੀ, ਜਿਸ ਵਿੱਚ ਨਿਗਰਾਨੀ ਲਈ “ਮਿੰਨੀ ਡਰੋਨ”, ਰਿਮੋਟ ਨਿਯੰਤਰਿਤ ਲੜਨ ਵਾਲੇ ਵਾਹਨ ਅਤੇ ਸਵੈ-ਡਰਾਈਵਿੰਗ ਲੌਜਿਸਟਿਕ ਵਾਹਨ ਆਦਿ ਸ਼ਾਮਲ ਹਨ। ਸੈਨਾ ਦੁਆਰਾ ਇਰਾਕ ਅਤੇ ਅਫਗਾਨਿਸਤਾਨ ਵਿੱਚ ਕੁੱਝ ਨਵੇਂ ਉਪਕਰਣ ਪਹਿਲਾਂ ਹੀ ਤਾਇਨਾਤ ਕੀਤੇ ਜਾ ਚੁੱਕੇ ਹਨ ਅਤੇ ਯੂਕੇ ਦੀ ਹਥਿਆਰਬੰਦ ਸੈਨਾ ਦੇ ਮੁਖੀ ਅਨੁਸਾਰ ਰੋਬੋਟ 2030 ਤੱਕ ਬ੍ਰਿਟਿਸ਼ ਫ਼ੌਜ ਦਾ ਵੱਡਾ ਹਿੱਸਾ ਬਣਾ ਸਕਦੇ ਹਨ।
ਲੰਡਨ ਐਂਬੂਲੈਂਸ ਸਰਵਿਸ ਨੂੰ ਮਿਲਣ ਵਾਲੀਆਂ ਫੋਨ ਕਾਲਾਂ ਵਿਚ ਹੋਇਆ ਭਾਰੀ ਵਾਧਾ
NEXT STORY