ਲੰਡਨ ,(ਰਾਜਵੀਰ ਸਮਰਾ)— ਯੂ.ਕੇ. ਦੇ ਸਭ ਤੋਂ ਪੁਰਾਣੇ ਗੁਰਦੁਆਰਾ ਸਾਹਿਬ 'ਦਾ ਸੈਂਟਰਲ ਗੁਰਦੁਆਰਾ ਲੰਡਨ' ਦੀ ਨਵੀਂ ਇਮਾਰਤ ਦਾ ਖ਼ਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਸ਼ੁੱਭ ਆਰੰਭ ਕੀਤਾ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਉਪਰੰਤ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ.ਕੇ. ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਕੇ ਸੰਗਤ ਨੂੰ ਸੰਬੋਧਨ ਕੀਤਾ ਅਤੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਨਵਾਂ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਸੇਵਾ ਵੀ ਕੀਤੀ ਗਈ।
ਜ਼ਿਕਰਯੋਗ ਹੈ ਕਿ ਨਵੀਂ ਇਮਾਰਤ ਬਣਾਉਣ ਦਾ ਕੰਮ ਵਿਰਦੀ ਫਾਊਂਡੇਸ਼ਨ ਦੀ ਅਗਵਾਈ 'ਚ ਕਰਵਾਇਆ ਗਿਆ ਅਤੇ ਇਸ ਨਵੀਂ ਇਮਾਰਤ ਨੂੰ ਬਣਾਉਣ ਦੀ ਸੇਵਾ ਮਨਦੀਪ ਸਿੰਘ ਕੱਕੜ ਸੀਨੀਜ਼ ਕੰਪਨੀ ਵਲੋਂ ਮੁਫ਼ਤ ਕੀਤੀ ਗਈ ਅਤੇ ਇਸ ਕੰਪਨੀ ਵਲੋਂ ਇਸ ਸੇਵਾ 'ਚ ਹੋਰ ਵੀ ਵਡਮੁੱਲਾ ਯੋਗਦਾਨ ਪਾਇਆ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਗੁਰੂ ਘਰ ਵਿਚ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਲੈਣ ਲਈ ਗ਼ਦਰੀ ਬਾਬਿਆਂ ਵਲੋਂ ਮੀਟਿੰਗਾਂ ਕੀਤੀਆਂ ਜਾਂਦੀਆਂ ਸਨ ਅਤੇ ਸ਼ਹੀਦ ਊਧਮ ਸਿੰਘ ਨੇ ਵੀ ਜਲ੍ਹਿਆਂ ਵਾਲੇ ਬਾਗ ਦਾ ਬਦਲਾ ਲੈਣ ਤੋਂ ਪਹਿਲਾਂ ਇਸੇ ਗੁਰੂ ਘਰ ਵਿਚ ਅਰਦਾਸ ਕੀਤੀ ਸੀ। 1908 'ਚ ਬਣੇ ਇਸ ਗੁਰਦੁਆਰਾ ਸਾਹਿਬ ਨੂੰ ਬਣਿਆ 110 ਸਾਲ ਦਾ ਸਮਾਂ ਹੋ ਗਿਆ ਹੈ ਅਤੇ ਹੁਣ ਇਹ ਗੁਰੂ ਘਰ ਇਕ ਸਾਲ ਬੰਦ ਰਹਿਣ ਮਗਰੋਂ ਨਵੀਂ ਇਮਾਰਤ ਦੇ ਨਿਰਮਾਣ ਹੋਣ ਮਗਰੋਂ ਮੁੜ ਸੰਗਤਾਂ ਲਈ ਖੋਲ੍ਹਿਆ ਗਿਆ ਹੈ। ਇਸ ਗੁਰੂ ਘਰ 'ਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਇੰਟਰ ਨੈਸ਼ਨਲ ਪੰਜਾਬ ਫੋਰਮ ਦੇ ਜਨਰਲ ਸਕੱਤਰ ਬਲਬੀਰ ਸਿੰਘ ਕੱਕੜ ਨੇ ਇਸ ਗੁਰੂ ਘਰ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ । ਇਸ ਧਾਰਮਿਕ ਸਮਾਗਮ 'ਚ ਮੈਂਬਰ ਆਫ਼ ਯੂਰਪੀਅਨ ਪਾਰਲੀਮੈਂਟ ਨੀਨਾ ਕੌਰ ਗਿੱਲ ਅਤੇ ਮੈਂਬਰ ਪਾਰਲੀਮੈਂਟ ਜੌਨ ਮੈਕਡੋਨ ਨੇ ਵੀ ਉਚੇਚੇ ਤੌਰ 'ਤੇ ਪੁੱਜ ਕੇ ਸੰਗਤਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਪ੍ਰੋ: ਪੀਟਰ ਸਿੰਘ ਵਿਰਦੀ, ਮਨਦੀਪ ਸਿੰਘ ਕੱਕੜ, ਗੁਰਪ੍ਰੀਤ ਸਿੰਘ ਅਨੰਦ, ਬਲਬੀਰ ਸਿੰਘ ਕੱਕੜ ਸਮੇਤ ਹੋਰ ਪ੍ਰਬੰਧਕਾਂ ਨੇ ਸ: ਮਨਜੀਤ ਸਿੰਘ ਜੀ.ਕੇ. ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ | ਇਸੇ ਤਰ੍ਹਾਂ ਮਨਜੀਤ ਸਿੰਘ ਜੀ.ਕੇ. ਇੰਗਲੈਂਡ ਦੇ ਸ਼ਹਿਰ ਈਰਥ 'ਚ ਵੀ ਵਿਸ਼ੇਸ਼ ਤੌਰ 'ਤੇ ਗਏ ਅਤੇ ਉੱਥੇ ਵੀ ਉਨ੍ਹਾਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਿਸਾਖੀ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ ।
ਲੰਡਨ 'ਚ ਰਾਸ਼ਟਰਮੰਡਲ ਸੰਮੇਲਨ ਦੀ ਹੋਈ ਰਸਮੀ ਸ਼ੁਰੂਆਤ
NEXT STORY