ਮਾਸਕੋ : ਰੂਸ ਦੀ ਰਾਜਧਾਨੀ ਮਾਸਕੋ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ 'ਤੇ ਯੂਕਰੇਨ ਵੱਲੋਂ ਕੀਤੇ ਗਏ ਇੱਕ ਵੱਡੇ ਡਰੋਨ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਹੈ, ਜਦੋਂ ਕਿ ਤਿੰਨ ਹੋਰ ਭਾਰਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਹਨ। ਰੂਸ ਵਿੱਚ ਮੌਜੂਦ ਭਾਰਤੀ ਦੂਤਾਵਾਸ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਮ੍ਰਿਤਕ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।
ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਪੂਰੇ ਰੂਸ ਵਿੱਚ 1,000 ਤੋਂ ਵੱਧ ਯੂਕਰੇਨੀ ਡਰੋਨਾਂ ਨੂੰ ਮਾਰ ਗਿਰਾਇਆ ਗਿਆ ਹੈ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਮੁਤਾਬਕ, ਰਾਜਧਾਨੀ ਵੱਲ ਵਧ ਰਹੇ ਘੱਟੋ-ਘੱਟ 81 ਡਰੋਨਾਂ ਨੂੰ ਰਾਤੋ-ਰਾਤ ਤਬਾਹ ਕਰ ਦਿੱਤਾ ਗਿਆ। ਇਸ ਹਮਲੇ ਕਾਰਨ ਰਿਹਾਇਸ਼ੀ ਇਮਾਰਤਾਂ ਅਤੇ ਬੁਨਿਆਦੀ ਢਾਂਚੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ ਅਤੇ ਕਈ ਥਾਵਾਂ 'ਤੇ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।
ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਭਾਰਤੀਆਂ ਨਾਲ ਮੁਲਾਕਾਤ ਕੀਤੀ। ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਕੁੱਲ ਚਾਰ ਲੋਕਾਂ ਦੀ ਜਾਨ ਗਈ ਹੈ, ਜਿਨ੍ਹਾਂ ਵਿੱਚ ਮਾਸਕੋ ਦੇ ਖਿਮਕੀ ਇਲਾਕੇ ਦੀ ਇੱਕ ਮਹਿਲਾ ਅਤੇ ਪੋਗੋਰੇਲਕੀ ਪਿੰਡ ਦੇ ਦੋ ਨਿਵਾਸੀ ਸ਼ਾਮਲ ਹਨ। ਇਕ ਹੋਰ ਮੌਤ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਬੇਲਗੋਰੋਦ ਇਲਾਕੇ ਵਿੱਚ ਹੋਈ ਹੈ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਹਮਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਹ ਰੂਸ ਵੱਲੋਂ ਕੀਵ 'ਤੇ ਕੀਤੇ ਗਏ ਹਮਲਿਆਂ ਦਾ ਜਵਾਬ ਹੈ। ਉਨ੍ਹਾਂ ਦਾਅਵਾ ਕੀਤਾ ਕਿ ਯੂਕਰੇਨ ਹੁਣ ਰੂਸ ਦੇ ਅੰਦਰ 500 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰ ਤੱਕ ਹਮਲਾ ਕਰਨ ਦੇ ਸਮਰੱਥ ਹੈ। ਦੂਜੇ ਪਾਸੇ, ਰੂਸੀ ਵਿਦੇਸ਼ ਮੰਤਰਾਲੇ ਨੇ ਇਸ ਨੂੰ 'ਵੱਡਾ ਅੱਤਵਾਦੀ ਹਮਲਾ' ਕਰਾਰ ਦਿੱਤਾ ਹੈ।
ਟਰੰਪ ਦੀ ਇਰਾਨ ਨੂੰ ਆਖਰੀ ਚਿਤਾਵਨੀ: 'ਉਲਟੀ ਗਿਣਤੀ ਸ਼ੁਰੂ, ਨਾਮੋ-ਨਿਸ਼ਾਨ ਮਿਟਾ ਦਿਆਂਗੇ'
NEXT STORY