ਸੰਯੁਕਤ ਰਾਸ਼ਟਰ (ਭਾਸ਼ਾ) : ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਪਿਛਲੇ ਸਾਲ 15 ਅਗਸਤ ਨੂੰ ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਅਫ਼ਗਾਨਿਸਤਾਨ ਦੀ ਸਾਬਕਾ ਸਰਕਾਰ, ਉਸ ਦੇ ਸੁਰੱਖਿਆ ਬਲਾਂ ਅਤੇ ਅੰਤਰਰਾਸ਼ਟਰੀ ਫੌਜਾਂ ਨਾਲ ਕੰਮ ਕਰਨ ਵਾਲੇ 100 ਤੋਂ ਵੱਧ ਸਾਬਕਾ ਫ਼ੌਜੀ ਮਾਰੇ ਗਏ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਨੂੰ ਇਸ ਸਬੰਧੀ ਭਰੋਸੇਯੋਗ ਚੈਨਲਾਂ ਰਾਹੀਂ ਜਾਣਕਾਰੀ ਮਿਲੀ ਹੈ। ਐਤਵਾਰ ਨੂੰ ‘ਦਿ ਐਸੋਸੀਏਟਿਡ ਪ੍ਰੈਸ’ ਨੂੰ ਮਿਲੀ ਰਿਪੋਰਟ ਵਿਚ ਗੁਤਾਰੇਸ ਨੇ ਕਿਹਾ ਕਿ ਤਾਲਿਬਾਨ ਵੱਲੋਂ ਸਾਬਕਾ ਸਰਕਾਰ ਅਤੇ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਫੌਜਾਂ ਨਾਲ ਜੁੜੇ ਲੋਕਾਂ ਲਈ ‘ਆਮ ਮਾਫੀ’ ਦੀ ਘੋਸ਼ਣਾ ਦੇ ਬਾਵਜੂਦ, ਤਾਲਿਬਾਨ ਜਾਂ ਇਸ ਦੇ ਸਹਿਯੋਗੀਆਂ ’ਤੇ ‘ਦੋ-ਤਿਹਾਈ ਤੋਂ ਜ਼ਿਆਦਾ’ ਲੋਕਾਂ ਦਾ ਗੈਰ-ਨਿਆਇਕ ਕਤਲ ਕਰਨ ਦੇ ਦੋਸ਼ ਹਨ।
ਇਹ ਵੀ ਪੜ੍ਹੋ: ਮਿਸ USA ਰਹੀ ਚੈਸਲੀ ਕ੍ਰਿਸਟ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਸੀ ਤਸਵੀਰ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਸੌਂਪੀ ਗਈ ਇੱਕ ਰਿਪੋਰਟ ਵਿਚ ਗੁਤਾਰੇਸ ਨੇ ਕਿਹਾ ਕਿ ਅਫ਼ਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਰਾਜਨੀਤਿਕ ਮਿਸ਼ਨ ਨੂੰ ਆਈ.ਐਸ.ਆਈ.ਐਲ.-ਕੇਪੀ ਨਾਲ ਸਬੰਧਤ ਹੋਣ ਦੇ ਸ਼ੱਕ ਵਿਚ ਘੱਟੋ-ਘੱਟ 50 ਲੋਕਾਂ ਦਾ ਗੈਰ-ਨਿਆਇਕ ਕਤਲ ਕੀਤੇ ਜਾਣ ਦੀ ਭਰੋਸੇਯੋਗ ਚੈਨਲਾਂ ਤੋਂ ਜਾਣਕਾਰੀ ਮਿਲੀ ਹੈ। ਆਈ.ਐਸ.ਆਈ.ਐਲ.-ਕੇਪੀ, ਅਫ਼ਗਾਨਿਸਤਾਨ ਵਿਚ ਸਰਗਰਮ ਇਸਲਾਮਿਕ ਸਟੇਟ ਕੱਟੜਪੰਥੀ ਸੰਗਠਨ ਹੈ। ਗੁਤਾਰੇਸ ਨੇ ਕਿਹਾ ਕਿ ਤਾਲਿਬਾਨ ਦੇ ਭਰੋਸੇ ਦੇ ਬਾਵਜੂਦ, ਸਾਬਕਾ ਸਰਕਾਰ ਅਤੇ ਗਠਜੋੜ ਦੇ ਮੈਂਬਰਾਂ ਦੇ ਜੀਵਨ ਦੇ ਅਧਿਕਾਰ ਨੂੰ ਪ੍ਰਭਾਵਿਤ ਕਰਨ ਅਤੇ ਹੋਰ ਓਲੰਘਣਾਵਾਂ ਦੀ ਜਾਣਕਾਰੀ ਸੰਯੁਕਤ ਰਾਸ਼ਟਰ ਦੇ ਰਾਜਨੀਤਿਕ ਮਿਸ਼ਨ ਨੂੰ ਮਿਲੀ ਹੈ। ਗੁਤਾਰੇਸ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਰੱਖਿਅਕ ਅਤੇ ਮੀਡੀਆ ਕਰਮੀ ਵੀ ‘ਹਮਲਾ, ਧਮਕੀ, ਪਰੇਸ਼ਾਨ ਕਰਨ, ਮਨਮਾਨੀ ਗ੍ਰਿਫ਼ਤਾਰੀ, ਦੁਰਵਿਵਹਾਰ ਅਤੇ ਕਤਲ’ ਵਰਗੇ ਅਪਰਾਧਾਂ ਦਾ ਸ਼ਿਕਾਰ ਹੋਏ ਹਨ।
ਇਹ ਵੀ ਪੜ੍ਹੋ: ਹੁਣ ਪਾਕਿਸਤਾਨ ਦੇ ਕਿਸਾਨਾਂ ਨੇ ਇਮਰਾਨ ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, 14 ਨੂੰ ਕਰਨਗੇ ਵਿਰੋਧ ਪ੍ਰਦਰਸ਼ਨ
ਸੱਕਤਰ-ਜਨਰਲ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮਿਸ਼ਨ ਨੇ ਅਸਥਾਈ ਗ੍ਰਿਫ਼ਤਾਰੀਆਂ, ਕੁੱਟਮਾਰ ਅਤੇ ਧਮਕਾਉਣ ਦੇ 44 ਕੇਸ ਦਰਜ ਕੀਤੇ ਹਨ, ਜਿਨ੍ਹਾਂ ਵਿਚੋਂ 42 ਤਾਲਿਬਾਨ ਵਿਰੁੱਧ ਹਨ। ਮਹੱਤਵਪੂਰਨ ਗੱਲ ਇਹ ਹੈ ਕਿ 20 ਸਾਲਾਂ ਬਾਅਦ ਅਮਰੀਕਾ ਅਤੇ ਨਾਟੋ ਫੌਜਾਂ ਦੇ ਦੇਸ਼ ਤੋਂ ਹਟਣ ਦੇ ਵਿਚਕਾਰ ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਜ਼ਿਆਦਾਤਰ ਖੇਤਰ ’ਤੇ ਕਬਜ਼ਾ ਕਰ ਲਿਆ ਹੈ। ਉਸ ਨੇ ਪਿਛਲੇ ਸਾਲ 15 ਅਗਸਤ ਨੂੰ ਕਾਬੁਲ ’ਤੇ ਕਬਜ਼ਾ ਕੀਤਾ ਸੀ। ਦੇਸ਼ ਦੇ ਤਤਕਾਲੀ ਰਾਸ਼ਟਰਪਤੀ ਅਸ਼ਰਫ ਗਨੀ ਅਚਾਨਕ ਬਿਨਾਂ ਕਿਸੇ ਨੂੰ ਦੱਸੇ ਦੇਸ਼ ਛੱਡ ਕੇ ਚਲੇ ਗਏ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਨੀਵਰਸਿਟੀ ਨੇ ਗਲਤੀ ਨਾਲ 5500 ਵਿਦਿਆਰਥੀਆਂ ਨੂੰ ਭੇਜਿਆ ਲੱਖਾਂ ਦੀ 'ਸਕਾਲਰਸ਼ਿਪ' ਦਾ ਮੈਸੇਜ, ਪਿਆ ਬਖੇੜਾ
NEXT STORY