ਨਿਊਯਾਰਕ/ਕਰਾਕਾਸ (ਇੰਟ.) : ਅਮਰੀਕਾ ਵਲੋਂ ਵੈਨੇਜ਼ੁਏਲਾ ’ਤੇ ਲਾਗੂ ਸਖ਼ਤ ਪਾਬੰਦੀਆਂ ਅਤੇ ਸਮੁੰਦਰੀ ਨਾਕਾਬੰਦੀ ਕਾਰਨ ਚੀਨ ਅਤੇ ਕਿਊਬਾ ਨੂੰ ਭੇਜੀ ਜਾਣ ਵਾਲੀ ਵੈਨੇਜ਼ੁਏਲਾ ਦੀ ਕੱਚੇ ਤੇਲ ਦੀ ਸਪਲਾਈ ਲਗਭਗ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਇਹ ਕਦਮ ਨਾ ਸਿਰਫ਼ ਵੈਨੇਜ਼ੁਏਲਾ ਦੀ ਆਰਥਿਕਤਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ, ਸਗੋਂ ਇਸ ਨਾਲ ਵਿਸ਼ਵ ਊਰਜਾ ਰਾਜਨੀਤੀ ਵਿਚ ਵੀ ਨਵੀਂ ਹਲਚਲ ਤੇਜ਼ ਹੋ ਗਈ ਹੈ।
3 ਜਨਵਰੀ ਤੋਂ ਬਾਅਦ ਬਦਲੇ ਹਾਲਾਤ
ਜਾਣਕਾਰੀ ਅਨੁਸਾਰ ਨਵੇਂ ਸਾਲ ਦੇ ਦਿਨ ਵੈਨੇਜ਼ੁਏਲਾ ਤੋਂ ਕੁਝ ਤੇਲ ਟੈਂਕਰ ਚੀਨ ਅਤੇ ਕਿਊਬਾ ਵੱਲ ਰਵਾਨਾ ਹੋਏ ਸਨ। ਇਨ੍ਹਾਂ ਜਹਾਜ਼ਾਂ ਨੂੰ ਵੈਨੇਜ਼ੁਏਲਾ ਦੀ ਜਲ ਸੈਨਾ ਦੀ ਸੁਰੱਖਿਆ ਹੇਠ ਕੈਰੇਬੀਅਨ ਸਾਗਰ ਤੋਂ ਲੰਘਾਇਆ ਗਿਆ। ਹਾਲਾਂਕਿ ਸੈਟੇਲਾਈਟ ਤਸਵੀਰਾਂ ਅਤੇ ਸ਼ਿਪਿੰਗ ਡਾਟਾ ਤੋਂ ਸੰਕੇਤ ਮਿਲਿਆ ਹੈ ਕਿ ਇਹ ਖੇਪ ਅਮਰੀਕੀ ਪਾਬੰਦੀਆਂ ਦੇ ਵਿਚਕਾਰ ਦਿੱਤੀ ਗਈ ਇਕ ਸੀਮਤ ਛੋਟ ਤਹਿਤ ਭੇਜੀ ਗਈ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਵੈਨੇਜ਼ੁਏਲਾ ਤੋਂ ਚੀਨ ਅਤੇ ਕਿਊਬਾ ਲਈ ਨਿਕਲੀ ਆਖਰੀ ਵੱਡੀ ਖੇਪ ਸਾਬਤ ਹੋਈ।
ਸ਼ਿਪਿੰਗ ਟ੍ਰੈਕਰ ਕੰਪਨੀਆਂ ਮੁਤਾਬਕ 3 ਜਨਵਰੀ ਤੋਂ ਬਾਅਦ ਵੈਨੇਜ਼ੁਏਲਾ ਤੋਂ ਸਿਰਫ ਅਮਰੀਕਾ ਜਾਣ ਵਾਲੇ ਸੀਮਤ ਟੈਂਕਰ ਹੀ ਰਵਾਨਾ ਹੋ ਸਕੇ ਹਨ। ਚੀਨ ਅਤੇ ਕਿਊਬਾ ਲਈ ਲੋਡ ਕੀਤੇ ਗਏ ਕਈ ਜਹਾਜ਼ ਜਾਂ ਤਾਂ ਬੰਦਰਗਾਹਾਂ ’ਤੇ ਹੀ ਖੜ੍ਹੇ ਰਹਿ ਗਏ ਜਾਂ ਉਨ੍ਹਾਂ ਨੂੰ ਅੱਧ ਵਿਚਕਾਰੋਂ ਵਾਪਸ ਮੁੜਨਾ ਪਿਆ।
ਟਰੰਪ ਕਾਲ ਨਾਲ ਵੈਨੇਜ਼ੁਏਲਾ ’ਤੇ ਜਾਰੀ ਹੈ ਦਬਾਅ
ਟਰੰਪ ਪ੍ਰਸ਼ਾਸਨ ਨੇ ਵੈਨੇਜ਼ੁਏਲਾ ਦੇ ਤੇਲ ਬਰਾਮਦ ਨੈੱਟਵਰਕ ’ਤੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ। ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਬੰਦੀਆਂ ਨੂੰ ਦਰਕਿਨਾਰ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਕਾਰਨ ਉਨ੍ਹਾਂ ਵਿਦੇਸ਼ੀ ਕੰਪਨੀਆਂ ਅਤੇ ਸ਼ਿਪਿੰਗ ਨੈੱਟਵਰਕਾਂ ’ਤੇ ਵੀ ਦਬਾਅ ਵਧਾ ਦਿੱਤਾ ਹੈ, ਜੋ ਵੈਨੇਜ਼ੁਏਲਾ ਦੇ ਤੇਲ ਦੀ ਢੋਆ-ਢੁਆਈ ਵਿਚ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ 2019 ਵਿਚ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੇ ਤੇਲ ਉਦਯੋਗ ’ਤੇ ਸਖਤ ਪਾਬੰਦੀਆਂ ਲਾਈਆਂ ਸਨ। ਇਨ੍ਹਾਂ ਪਾਬੰਦੀਆਂ ਤਹਿਤ ਅਮਰੀਕੀ ਰਿਫਾਇਨਰੀਆਂ ਨੂੰ ਵੈਨੇਜ਼ੁਏਲਾ ਦਾ ਤੇਲ ਖਰੀਦਣ ਤੋਂ ਰੋਕਿਆ ਗਿਆ ਅਤੇ ਉਨ੍ਹਾਂ ਵਿਦੇਸ਼ੀ ਕੰਪਨੀਆਂ ’ਤੇ ਵੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ, ਜੋ ਇਸ ਤੇਲ ਦੀ ਬਰਾਮਦ ਵਿਚ ਮਦਦ ਕਰ ਰਹੀਆਂ ਸਨ। ਸਮੇਂ ਦੇ ਨਾਲ ਵੈਨੇਜ਼ੁਏਲਾ ਨੇ ਕੁਝ ਰਸਤੇ ਕੱਢ ਕੇ ਤੇਲ ਭੇਜਣਾ ਸ਼ੁਰੂ ਕੀਤਾ ਪਰ ਹੁਣ ਉਨ੍ਹਾਂ ਰਸਤਿਆਂ ’ਤੇ ਵੀ ਸ਼ਿਕੰਜਾ ਕੱਸ ਦਿੱਤਾ ਗਿਆ ਹੈ।
ਵਿਸ਼ਵ ਬਾਜ਼ਾਰ ਦੀ ਵਧੀ ਚਿੰਤਾ
ਮਾਹਿਰਾਂ ਦਾ ਮੰਨਣਾ ਹੈ ਕਿ ਫਿਲਹਾਲ ਅੰਤਰਰਾਸ਼ਟਰੀ ਤੇਲ ਕੀਮਤਾਂ ’ਤੇ ਇਸ ਦਾ ਅਸਰ ਸੀਮਤ ਹੈ ਪਰ ਜੇਕਰ ਇਹ ਸਥਿਤੀ ਲੰਬੀ ਚੱਲੀ ਤਾਂ ਵਿਸ਼ਵ ਬਾਜ਼ਾਰ ਵਿਚ ਅਸਥਿਰਤਾ ਵਧ ਸਕਦੀ ਹੈ। ਅਮਰੀਕਾ ਦੀ ਇਸ ਕਾਰਵਾਈ ਨੂੰ ਦੁਨੀਆ ਭਰ ਵਿਚ ਊਰਜਾ ਸਪਲਾਈ ’ਤੇ ਉਸ ਦੇ ਪ੍ਰਭਾਵ ਅਤੇ ਕੰਟਰੋਲ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
ਚੀਨ ਤੇ ਕਿਊਬਾ ’ਤੇ ਕਿੰਨਾ ਪਵੇਗਾ ਅਸਰ
ਊਰਜਾ ਮਾਹਿਰਾਂ ਅਨੁਸਾਰ ਹਾਲ ਹੀ ਦੇ ਮਹੀਨਿਆਂ ਵਿਚ ਚੀਨ ਰੋਜ਼ਾਨਾ ਔਸਤਨ ਚਾਰ ਲੱਖ ਬੈਰਲ ਵੈਨੇਜ਼ੁਏਲਾ ਦਾ ਕੱਚਾ ਤੇਲ ਦਰਾਮਦ ਕਰ ਰਿਹਾ ਸੀ। ਸਪਲਾਈ ਰੁਕਣ ਨਾਲ ਚੀਨ ਨੂੰ ਹੁਣ ਬਦਲਵੇਂ ਸਰੋਤਾਂ ਵੱਲ ਰੁਖ ਕਰਨਾ ਪੈ ਸਕਦਾ ਹੈ। ਉਥੇ ਹੀ ਕਿਊਬਾ ਦੀ ਸਥਿਤੀ ਜ਼ਿਆਦਾ ਗੰਭੀਰ ਮੰਨੀ ਜਾ ਰਹੀ ਹੈ ਕਿਉਂਕਿ ਉਸ ਦੀ ਬਿਜਲੀ ਅਤੇ ਊਰਜਾ ਲੋੜਾਂ ਦਾ ਵੱਡਾ ਹਿੱਸਾ ਵੈਨੇਜ਼ੁਏਲਾ ਦੇ ਤੇਲ ’ਤੇ ਨਿਰਭਰ ਰਿਹਾ ਹੈ। ਸਪਲਾਈ ਠੱਪ ਹੋਣ ਨਾਲ ਉੱਥੇ ਬਿਜਲੀ ਸੰਕਟ ਹੋਰ ਡੂੰਘਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਵੈਨੇਜ਼ੁਏਲਾ ਸਰਕਾਰ ਨੇ ਇਸ ਨੂੰ ‘ਆਰਥਿਕ ਯੁੱਧ’ ਦੱਸਦੇ ਹੋਏ ਆਮ ਜਨਤਾ ’ਤੇ ਇਸ ਦੇ ਮਾੜੇ ਨਤੀਜਿਆਂ ਦੀ ਚੇਤਾਵਨੀ ਦਿੱਤੀ ਹੈ।
ਪਾਕਿਸਤਾਨ 'ਚ ਪ੍ਰਦੂਸ਼ਣ ਦਾ ਕਹਿਰ: ਲਾਹੌਰ ਨੰਬਰ-1 ਅਤੇ ਕਰਾਚੀ 9ਵੇਂ ਸਥਾਨ 'ਤੇ ਪਹੁੰਚਿਆ
NEXT STORY