ਕੋਰੋਨਾ ਦੀ ਲਾਗ ਦੇ ਫੈਲਣ ਕਾਰਨ ਚੀਨ ਪਿਛਲੇ ਸਾਲ ਤੋਂ ਅਮਰੀਕਾ ਦੇ ਰਾਡਾਰ ’ਤੇ ਰਿਹਾ ਹੈ। ਪਿਛਲੇ ਸਾਲ ਵੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ’ਤੇ ਸਿੱਧੇ ਤੌਰ ’ਤੇ ਕੋਰੋਨਾ ਦੀ ਲਾਗ ਫੈਲਾਉਣ ਦਾ ਦੋਸ਼ ਲਾਇਆ ਸੀ ਅਤੇ ਇਸ ਦੇ ਨਤੀਜੇ ਵਜੋਂ ਉਸ ਨੂੰ ਇਸ ਦੇ ਨਤੀਜੇ ਭੁਗਤਣ ਦੀ ਚੇਤਾਵਨੀ ਵੀ ਦਿੱਤੀ ਸੀ। ਫਿਰ ਨਵੰਬਰ ’ਚ ਜਦੋਂ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦੀ ਚੋਣ ’ਚ ਹਾਰ ਦਾ ਸਾਹਮਣਾ ਕਰਨਾ ਪਿਆ, ਤਾਂ ਕੋਰੋਨਾ ਲਾਗ ਦਾ ਇਹ ਕੇਸ ਵੀ ਕੁਝ ਹੱਦ ਤਕ ਦੱਬ ਗਿਆ। ਇਥੇ ਇਹ ਵਰਣਨਯੋਗ ਹੈ ਕਿ ਕੋਰੋਨਾ ਦੀ ਲਾਗ ਦਾ ਪਹਿਲਾ ਕੇਸ ਦਸੰਬਰ 2019 ’ਚ ਚੀਨ ਦੇ ਵੁਹਾਨ ਸ਼ਹਿਰ ’ਚ ਸਾਹਮਣੇ ਆਇਆ ਸੀ। ਉਸ ਸਮੇਂ ਤੋਂ ਇਕ ਮੋਟੇ ਅੰਦਾਜ਼ੇ ਅਨੁਸਾਰ ਦੁਨੀਆ ਭਰ ’ਚ ਇਸ ਲਾਗ ਦੇ 16.80 ਕਰੋੜ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ ਅਤੇ ਘੱਟੋ-ਘੱਟ 35 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ।
‘ਵਾਲ ਸਟ੍ਰੀਟ ਜਰਨਲ’ ਦੀ ਰਿਪੋਰਟ ਨਾਲ ਭਖਿਆ ਮੁੱਦਾ
ਪਰ ਇਹ ਮਾਮਲਾ ਇਕ ਵਾਰ ਫਿਰ ‘ਵਾਲ ਸਟ੍ਰੀਟ ਜਰਨਲ’ ਵੱਲੋਂ ਅਮਰੀਕੀ ਖੁਫੀਆ ਰਿਪੋਰਟ ਆਉਣ ਨਾਲ ਸੁਰਖੀਆਂ ’ਚ ਆਇਆ ਹੈ। ‘ਵਾਲ ਸਟ੍ਰੀਟ ਜਰਨਲ’ ਨੇ ਅਮਰੀਕੀ ਖੁਫੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਵੁਹਾਨ ਲੈਬ ਦੇ ਤਿੰਨ ਖੋਜੀ ਸਾਲ 2019 ਨਵੰਬਰ ਮਹੀਨੇ ’ਚ ਅਜਿਹੀ ਬੀਮਾਰੀ ਨਾਲ ਜੂਝ ਰਹੇ ਸਨ, ਜਿਸ ਦੇ ਲੱਛਣ ਕੋਵਿਡ-19 ਤੇ ਆਮ ਸਰਦੀ, ਜ਼ੁਕਾਮ ਦੋਵਾਂ ਨਾਲ ਮੇਲ ਖਾਂਦੇ ਸਨ। ਇਹ ਵਰਣਨਯੋਗ ਹੈ ਕਿ ਅਮਰੀਕੀ ਅਖਬਾਰ ‘ਵਾਲ ਸਟ੍ਰੀਟ ਜਰਨਲ’ ਦੀਆਂ ਖ਼ਬਰਾਂ ਅਨੁਸਾਰ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਤਿੰਨ ਖੋਜੀ ਨਵੰਬਰ 2019 ’ਚ ਬੀਮਾਰ ਪਏ ਸਨ ਤੇ ਉਨ੍ਹਾਂ ਹਸਪਤਾਲ ਦੀ ਮਦਦ ਮੰਗੀ ਸੀ। ਅਖਬਾਰ ਨੇ ਇਹ ਖ਼ਬਰ ਇਕ ਗੁਪਤ ਅਮਰੀਕੀ ਰਿਪੋਰਟ ਦੇ ਹਵਾਲੇ ਨਾਲ ਪ੍ਰਕਾਸ਼ਿਤ ਕੀਤੀ ਸੀ।
ਚੀਨ ਨੇ ‘ਵਾਲ ਸਟ੍ਰੀਟ ਜਰਨਲ’ ਦੀ ਰਿਪੋਰਟ ਨੂੰ ਸਿਰੇ ਤੋਂ ਨਕਾਰਿਆ
ਪਰ ਦੂਜੇ ਪਾਸੇ ਕੋਰੋਨਾ ਦੀ ਲਾਗ ਦੀ ਸ਼ੁਰੂਆਤ ਤੋਂ ਪਹਿਲਾਂ ਉਨ੍ਹਾਂ ਦੇ ਵੁਹਾਨ ਸ਼ਹਿਰ ’ਚ ਤਿੰਨ ਖੋਜੀਆਂ ਦੇ ਬੀਮਾਰ ਹੋਣ ਅਤੇ ਹਸਪਤਾਲ ਜਾਣ ਦੀਆਂ ਨੂੰ ਚੀਨ ਨੇ ‘ਪੂਰਨ ਤੌਰ ’ਤੇ ਝੂਠ’ ਕਿਹਾ ਹੈ। ਹਾਲਾਂਕਿ, ਚੀਨ ਸ਼ੁਰੂ ਤੋਂ ਹੀ ਅਜਿਹੇ ਦਾਅਵਿਆਂ ਨੂੰ ਗਲਤ ਦੱਸਦਾ ਆ ਰਿਹਾ ਹੈ ਕਿ ਵਾਇਰਸ ਆਪਣੀ ਇੱਕ ਲੈਬ ’ਚੋਂ ਲੀਕ ਹੋ ਗਿਆ ਹੈ ਅਤੇ ਆਮ ਲੋਕਾਂ ’ਚ ਫੈਲ ਗਿਆ ਹੈ, ਜਦਕਿ ਇਸ ਤੋਂ ਪਹਿਲਾਂ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ 31 ਦਸੰਬਰ, 2019 ਨੂੰ ਪਹਿਲੀ ਵਾਰ ਦੱਸਿਆ ਸੀ ਕਿ ਵੁਹਾਨ ’ਚ ਨਮੂਨੀਆ ਦੇ ਮਾਮਲਿਆਂ ਵਿਚ ਅਚਾਨਕ ਵਾਧਾ ਹੋਇਆ ਹੈ ਪਰ ਇਸ ਤੋਂ ਬਾਅਦ ਕੋਰੋਨਾ ਵਾਇਰਸ ਪੂਰੀ ਦੁਨੀਆ ’ਚ ਫੈਲਦਾ ਗਿਆ। ਇਕ ਅਨੁਮਾਨ ਅਨੁਸਾਰ ਇਸ ਵਾਇਰਸ ਕਾਰਨ ਹੁਣ ਤੱਕ 34 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ। ਇਸ ਪ੍ਰਸੰਗ ’ਚ ਜਦੋਂ ਪੱਤਰਕਾਰਾਂ ਨੇ ਪਿਛਲੇ ਸਮੇਂ ’ਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਚਾਓ ਲੀਜੀਅਨ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਅਜਿਹੀਆਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਲੀਜੀਅਨ ਨੇ ਕਿਹਾ, ‘‘ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਨੇ 23 ਮਾਰਚ ਨੂੰ ਇਕ ਬਿਆਨ ਜਾਰੀ ਕੀਤਾ ਸੀ। ਉਸ ਬਿਆਨ ਦੇ ਅਨੁਸਾਰ ਉਥੇ 30 ਦਸੰਬਰ, 2019 ਤੋਂ ਪਹਿਲਾਂ ਕੋਵਿਡ-19 ਦੇ ਕਿਸੇ ਵੀ ਮਾਮਲੇ ਦੀ ਰਿਪੋਰਟ ਨਹੀਂ ਕੀਤੀ ਗਈ ਅਤੇ ਅਜੇ ਤੱਕ ਇੱਥੇ ਕੋਈ ਸਟਾਫ ਜਾਂ ਵਿਦਿਆਰਥੀ ਵਾਇਰਸ ਦਾ ਸ਼ਿਕਾਰ ਨਹੀਂ ਹੋਇਆ।” ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ, “ਇਸ ਸਾਲ ਜਨਵਰੀ ’ਚ ਚੀਨ ਅਤੇ ਡਬਲਯੂ. ਐੱਚ. ਓ. ਦੀ ਸਾਂਝੀ ਟੀਮ ਨੇ ਵੁਹਾਨ ਸੈਂਟਰ ਸਮੇਤ ਕਈ ਸੰਸਥਾਵਾਂ ਦਾ ਦੌਰਾ ਕੀਤਾ, ਜਿਸ ’ਚ ਰੋਗ ਨਿਯੰਤਰਣ ਅਤੇ ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ ਵੀ ਸ਼ਾਮਲ ਸਨ। ਇਸ ਮੁਲਾਕਾਤ ਦੌਰਾਨ ਬਾਇਓਸੇਫਟੀ ਲੈਬਾਰਟਰੀਆਂ ਦਾ ਦੌਰਾ ਕਰ ਕੇ ਉਥੋਂ ਦੇ ਮਾਹਿਰਾਂ ਨਾਲ ਖੁੱਲ੍ਹ ਕੇ ਗੱਲ ਕੀਤੀ ਗਈ ਸੀ। ਸਭ ਤੋਂ ਬਾਅਦ ਇਸ ਨੂੰ ਸਰਬਸੰਮਤੀ ਨਾਲ ਦੱਸਿਆ ਗਿਆ ਕਿ ਇਸ ਵਾਇਰਸ ਦੇ ਕਿਸੇ ਲੈਬ ਵਿਚੋਂ ਦਾਅਵਿਆਂ ਦੇ ਲੀਕ ਹੋਣ ਦੀ ਸੰਭਾਵਨਾ ਬਿਲਕੁਲ ਨਾਂਹ ਦੇ ਬਰਾਬਰ ਹੈ। ਇਸ ਦੇ ਉਲਟ ਚੀਨ ਦੇ ਚਾਓ ਲੀਜੀਅਨ ਨੇ ਪੂਰੇ ਮਾਮਲੇ ਨੂੰ ਲੈ ਕੇ ਅਮਰੀਕਾ ਉੱਤੇ ਸਵਾਲ ਕੀਤੇ। ਇਸ ਸਬੰਧ ’ਚ ਉਸ ਨੇ ਕਿਹਾ, “ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਅਜਿਹੀਆਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਹਨ ਕਿ ਸਾਲ 2019 ਦੇ ਦੂਜੇ ਹਿੱਸੇ ਵਿੱਚ ਵਿਸ਼ਵਵਿਆਪੀ ਤੌਰ ’ਤੇ ਵਾਇਰਸ ਅਤੇ ਕੋਵਿਡ-19 ਮਹਾਮਾਰੀ ਦੀ ਮੌਜੂਦਗੀ ਦੀ ਗੱਲ ਕੀਤੀ ਗਈ ਹੈ। ਨਾਲ ਹੀ ਫੋਰਟ ਡੈਟ੍ਰਿਕ ’ਚ ਮੌਜੂਦ ਜੀਵ-ਵਿਗਿਆਨਕ ਪ੍ਰਯੋਗਸ਼ਾਲਾ ਅਤੇ ਵਿਸ਼ਵ ਭਰ ’ਚ 200 ਤੋਂ ਵੱਧ ਬਾਇਓ-ਲੈਬਜ਼ ਦੀ ਸਿਰਜਣਾ ਪਿੱਛੇ ਅਮਰੀਕਾ ਦੇ ਅਸਲ ਮਕਸਦ ਬਾਰੇ ਵੀ ਅੰਤਰਰਾਸ਼ਟਰੀ ਭਾਈਚਾਰੇ ’ਚ ਚਿੰਤਾ ਹੈ।”
‘ਵਾਰ-ਵਾਰ ਵਾਇਰਸ ਲੀਕ ਹੋਣ ਪਿੱਛੇ ਅਮਰੀਕਾ ਦਾ ਕੀ ਮਨੋਰਥ’
ਲੀਜੀਅਨ ਨੇ ਇਹ ਵੀ ਪੁੱਛਿਆ ਹੈ, ‘‘ਪ੍ਰਯੋਗਸ਼ਾਲਾ ਤੋਂ ਵਾਰ-ਵਾਰ ਵਾਇਰਸ ਦੇ ਲੀਕ ਹੋਣ ਵਾਲੇ ਸਿਧਾਂਤ ਪਿੱਛੇ ਅਮਰੀਕਾ ਦਾ ਅਸਲ ਮਨੋਰਥ ਕੀ ਹੈ? ਕੀ ਉਹ ਵਾਇਰਸ ਦੀ ਸ਼ੁਰੂਆਤ ਦਾ ਪਤਾ ਲਗਾਉਣ ਜਾਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਨ ਪ੍ਰਤੀ ਗੰਭੀਰ ਹੈ?’’ ਇਸ ਦੇ ਨਾਲ ਚੀਨੀ ਬੁਲਾਰੇ ਨੇ ਉਮੀਦ ਜਤਾਈ ਕਿ ਸਬੰਧਤ ਧਿਰਾਂ ਡਬਲਯੂ. ਐੱਚ. ਓ. ਨਾਲ ਮਿਲ ਕੇ ਕੰਮ ਕਰਨਗੀਆਂ ਤਾਂ ਜੋ ਵਾਇਰਸ ਦੀ ਸ਼ੁਰੂਆਤ ਅਤੇ ਚੀਨ ਤੋਂ ਸਬਕ ਲੈ ਕੇ ਵਿਗਿਆਨਕ ਅਤੇ ਸਹਿਕਾਰੀ ਰਵੱਈਆ ਅਪਣਾ ਕੇ ਡਬਲਯੂ.ਐੱਚ. ਓ. ਨਾਲ ਮਿਲ ਕੇ ਕੰਮ ਕਰਨਗੇ। ਨਾਲ ਹੀ, ਅਸੀਂ ਮਹਾਮਾਰੀ ਨੂੰ ਜਲਦੀ ਖਤਮ ਕਰਨ ਅਤੇ ਭਵਿੱਖ ਦੀਆਂ ਸਿਹਤ ਆਫ਼ਤਾਂ ਨਾਲ ਸਿੱਝਣ ਦੀਆਂ ਤਿਆਰੀਆਂ ’ਚ ਯੋਗਦਾਨ ਪਾਵਾਂਗੇ।
ਬਾਈਡੇਨ ਕੋਰੋਨਾ ਵਾਇਰਸ ਦੀ ਉਤਪਤੀ ਨੂੰ ਲੈ ਕੇ ਗੰਭੀਰ
ਜਦਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ‘ਚੀਨੀ ਵਾਇਰਸ’ ਅਤੇ ‘ਵੁਹਾਨ ਵਾਇਰਸ’ ਕਿਹਾ ਸੀ ਅਤੇ ਚੀਨ ਨੇ ਇਸ ’ਤੇ ਸਖਤ ਇਤਰਾਜ਼ ਜਤਾਇਆ ਸੀ। ਚੀਨ ’ਤੇ ਵੀ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਟੀਮ ਨੂੰ ਜਾਂਚ ’ਚ ਪੂਰਾ ਸਮਰਥਨ ਨਾ ਦੇਣ ਅਤੇ ਵੁਹਾਨ ਲੈਬ ਨਾਲ ਜੁੜੀ ਜਾਣਕਾਰੀ ਲੁਕਾਉਣ ਦੇ ਦੋਸ਼ ਵੀ ਲੱਗਦੇ ਰਹੇ ਹਨ। ਯੂ. ਐੱਸ. ਸੁਰੱਖਿਆ ਪ੍ਰੀਸ਼ਦ ਦੇ ਇਕ ਬੁਲਾਰੇ ਨੇ ਹਾਲਾਂਕਿ ‘ਵਾਲ ਸਟ੍ਰੀਟ ਜਰਨਲ’ ਦੀਆਂ ਖ਼ਬਰਾਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਬਾਈਡੇਨ ਪ੍ਰਸ਼ਾਸਨ ‘ਕੋਰੋਨਾ ਵਾਇਰਸ ਦੀ ਉਤਪਤੀ ਦੀ ਜਾਂਚ ਲਈ ਗੰਭੀਰ ਹੈ।’ ਹਾਲਾਂਕਿ ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਦੀ ਇੱਕ ਟੀਮ ਮਹਾਮਾਰੀ ਨਾਲ ਜੁੜੇ ਤੱਥਾਂ ਦਾ ਪਤਾ ਲਾਉਣ ਲਈ ਵੁਹਾਨ ਗਈ ਸੀ ਪਰ ਇਸ ਦੇ ਨਾਲ ਡਬਲਯੂ. ਐੱਚ. ਓ. ਨੇ ਕਿਹਾ ਕਿ ਇਹ ਸਾਬਤ ਕਰਨ ਲਈ ਕਾਫ਼ੀ ਤੱਥ ਨਹੀਂ ਹਨ ਕਿ ਕੋਰੋਨਾ ਵਾਇਰਸ ਵੁਹਾਨ ਦੀ ਲੈਬ ਤੋਂ ਦੁਨੀਆ ’ਚ ਫੈਲਿਆ। ਇਕ ਤਾਜ਼ਾ ਬਿਆਨ ’ਚ ਬਾਈਡੇਨ ਨੇ ਯੂ. ਐੱਸ. ਖੁਫੀਆ ਏਜੰਸੀਆਂ ਨੂੰ ਕਿਹਾ ਹੈ ਕਿ ‘ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰੋ ਤੇ 90 ਦਿਨਾਂ ਦੇ ਅੰਦਰ ਇੱਕ ਰਿਪੋਰਟ ਪੇਸ਼ ਕਰੋ।’
ਅੱਬਾਸ ਧਾਲੀਵਾਲ
ਮਾਲੇਰਕੋਟਲਾ
Abbasdhaliwal72@gmail.com
ਆਸਟ੍ਰੇਲੀਆ ਦੇ ਇਸ ਰਾਜ 'ਚ ਕੋਰੋਨਾ ਦੇ ਨਵੇਂ ਮਾਮਲੇ, ਮੁੜ ਲੱਗੀ ਤਾਲਾਬੰਦੀ
NEXT STORY