ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਕੁਝ ਦਿਨ ਹੀ ਬਚੇ ਹਨ। ਇਸ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰ ਦਿੱਤੀ ਹੈ। ਟਰੰਪ ਦੇ ਚੋਣ ਪ੍ਰਚਾਰ ਦੌਰਾਨ ਬੁੱਧਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇਕ ਯਾਤਰੀ ਜਹਾਜ਼ ਅਰੀਜ਼ੋਨਾ ਵਿਚ ਚੁਣਾਵੀ ਰੈਲੀ ਸਥਲ ਦੇ ਬਹੁਤ ਕਰੀਬ ਪਹੁੰਚ ਗਿਆ।
ਪਾਬੰਦੀਸ਼ੁਦਾ ਹਵਾਈ ਇਲਾਕੇ ਵਿਚ ਯਾਤਰੀ ਜਹਾਜ਼ ਦੇ ਆਉਣ 'ਤੇ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਤਾਇਨਾਤ ਸੀਕਰਟ ਸਰਵਿਸ ਹਰਕਤ ਵਿਚ ਆਈ ਅਤੇ ਤੁਰੰਤ ਯੂ.ਐੱਸ. ਏਅਰਫੋਰਸ ਨੇ ਆਪਣੇ ਇਕ F-16 ਲੜਾਕੂ ਜਹਾਜ਼ ਨੂੰ ਭੇਜਿਆ। ਰੈਲੀ ਸਥਲ 'ਤੇ ਲੜਾਕੂ ਜਹਾਜ਼ ਨੂੰ ਦੇਖ ਕੇ ਟਰੰਪ ਖੁਦ ਹੈਰਾਨ ਰਹਿ ਗਏ।
ਐੱਫ-16 ਜੈੱਟ ਨੇ ਅੱਗ ਦੀਆਂ ਲਪਟਾਂ ਛੱਡ ਕੇ ਯਾਤਰੀ ਜਹਾਜ਼ ਨੂੰ ਭੱਜਣ ਲਈ ਮਜਬੂਰ ਕੀਤਾ। ਅਮਰੀਕੀ ਹਵਾਈ ਸੈਨਾ ਦੇ ਇਕ ਬੁਲਾਰੇ ਜੌਨ ਕੋਰਨੇਲਿਓ ਨੇ ਕਿਹਾ ਕਿ ਐੱਫ-16 ਨੂੰ ਇਕ ਛੋਟੇ ਜਿਹੇ ਜਹਾਜ਼ ਦੀ ਜਾਣਕਾਰੀ ਲੈਣ ਲਈ ਭੇਜਿਆ ਗਿਆ ਸੀ। ਉਹਨਾਂ ਨੇ ਕਿਹਾ ਕਿ ਇਹ ਜਹਾਜ਼ ਰਾਸ਼ਟਰਪਤੀ ਟਰੰਪ ਦੀ ਰੈਲੀ ਦੇ ਹਵਾਈ ਇਲਾਕੇ ਵਿਚ ਆ ਗਿਆ ਸੀ। ਇਸ ਛੋਟੇ ਜਿਹੇ ਜਹਾਜ਼ ਨੇ ਪਹਿਲਾਂ ਕੋਈ ਜਵਾਬ ਨਹੀਂ ਦਿੱਤਾ ਸੀ ਪਰ ਜਦੋਂ ਐੱਫ-16 ਨੇ ਅੱਗ ਦੀਆਂ ਲਪਟਾਂ ਛੱਡੀਆਂ ਤਾਂ ਯਾਤਰੀ ਜਹਾਜ਼ ਦੇ ਪਾਇਲਟ ਨੇ ਰੇਡੀਓ 'ਤੇ ਜਵਾਬ ਦਿੱਤਾ।
ਜਹਾਜ਼ ਨੂੰ ਕੱਢਿਆ ਗਿਆ ਬਾਹਰ
ਜੌਨ ਨੇ ਕਿਹਾ ਕਿ ਬਾਅਦ ਵਿਚ ਐੱਫ-16 ਨੇ ਛੋਟੇ ਜਹਾਜ਼ ਨੂੰ ਰੈਲੀ ਦੀ ਹਵਾਈ ਸਰਹੱਦ ਤੋਂ ਬਾਹਰ ਕਰ ਦਿੱਤਾ। ਰੈਲੀ ਸਥਲ 'ਤੇ ਮੌਜੂਦ ਲੋਕਾਂ ਨੂੰ ਇਹ ਛੋਟਾ ਜਹਾਜ਼ ਨਹੀਂ ਦਿਖਾਈ ਦਿੱਤਾ ਪਰ ਫਾਈਟਰ ਜੈੱਟ ਦੀ ਆਵਾਜ਼ ਨਾਲ ਟਰੰਪ ਸਮੇਤ ਸਾਰਿਆਂ ਦਾ ਧਿਆਨ ਉਸ ਵੱਲ ਚਲਾ ਗਿਆ। ਟਰੰਪ ਲੜਾਕੂ ਜਹਾਜ਼ ਨੂੰ ਦੇਖ ਕੇ ਹੈਰਾਨ ਰਹਿ ਗਏ। ਉਹਨਾਂ ਨੇ ਉਸ ਦਾ ਮਜ਼ਾਕ ਵੀ ਉਡਾਇਆ। ਉਹਨਾਂ ਨੇ ਕਿਹਾ,''ਮੈਨੂੰ ਇਹ ਆਵਾਜ਼ ਪਸੰਦ ਹੈ ਅਤੇ ਮੈਂ ਇਸ ਨੂੰ ਪਿਆਰ ਕਰਦਾ ਹਾਂ।'' ਇੱਥੇ ਦੱਸ ਦਈਏ ਕਿ ਰਾਸ਼ਟਰਪਤੀ ਚੋਣਾਂ ਤੋਂ ਸਿਰਫ 7 ਦਿਨ ਪਹਿਲਾਂ ਟਰੰਪ ਨੇ ਆਪਣੀ ਪ੍ਰਚਾਰ ਮੁਹਿੰਮ ਤੇਜ਼ ਕਰਦਿਆਂ ਮੰਗਲਵਾਰ ਨੂੰ ਤਿੰਨ ਰੈਲੀਆਂ ਕੀਤੀਆਂ। ਇਹਨਾਂ ਵਿਚ ਇਕ ਰੈਲੀ ਮੀਂਹ ਦੇ ਵਿਚ ਅਤੇ ਜਮਾ ਦੇਣ ਵਾਲੀ ਠੰਡ ਵਿਚ ਆਯੋਜਿਤ ਕੀਤੀ ਗਈ।
ਇੰਗਲੈਂਡ 'ਚ ਕੋਰੋਨਾ ਕਾਰਨ ਲਾਗੂ ਤਾਲਾਬੰਦੀ ਦੌਰਾਨ ਅਪਰਾਧਾਂ 'ਚ ਆਈ ਭਾਰੀ ਕਮੀ
NEXT STORY