ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਸਾਊਥ ਕੈਲੀਫੋਰਨੀਆ ’ਚ ਇੱਕ ਪਹਾੜੀ ਸ਼ੇਰ ਵੱਲੋਂ ਇੱਕ 5 ਸਾਲਾ ਬੱਚੇ ਉੱਤੇ ਹਮਲਾ ਕਰ ਕੇ ਜ਼ਖ਼ਮੀ ਕਰਨ ਦੀ ਘਟਨਾ ਵਾਪਰੀ ਹੈ, ਜਿਸ ਨੂੰ ਬਾਅਦ ’ਚ ਜੰਗਲੀ ਜੀਵ ਅਧਿਕਾਰੀ ਵੱਲੋਂ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਇਸ ਘਟਨਾ ਸਬੰਧੀ ਕੈਲੀਫੋਰਨੀਆ ਦੇ ਮੱਛੀ ਅਤੇ ਵਾਈਲਡ ਲਾਈਫ (ਜੰਗਲੀ ਜੀਵ) ਵਿਭਾਗ ਦੇ ਬੁਲਾਰੇ ਕੈਪਟਨ ਪੈਟਰਿਕ ਫੋਏ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਪਹਾੜੀ ਸ਼ੇਰ ਨੇ ਲੜਕੇ ’ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ ਵੀਰਵਾਰ ਨੂੰ ਕੈਲਾਬਾਸਸ ’ਚ ਆਪਣੇ ਘਰ ਦੇ ਨੇੜੇ ਖੇਡ ਰਿਹਾ ਸੀ। ਇਸ ਦੌਰਾਨ ਸ਼ੇਰ ਨੇ ਲੜਕੇ ਨੂੰ ਬਗੀਚੇ ’ਚ 45 ਗਜ਼ ਦੇ ਘੇਰੇ ’ਚ ਘੜੀਸ ਲਿਆ। ਇਸ ਹਮਲੇ ’ਚ ਲੜਕੇ ਦੇ ਸਿਰ ਅਤੇ ਉਪਰਲੇ ਸਰੀਰ ’ਚ ਗੰਭੀਰ ਸੱਟਾਂ ਲੱਗੀਆਂ ਪਰ ਉਹ ਲਾਸ ਏਂਜਲਸ ਦੇ ਇੱਕ ਹਸਪਤਾਲ ’ਚ ਸਥਿਰ ਹਾਲਤ 'ਚ ਹੈ।
ਫੋਏ ਅਨੁਸਾਰ ਲੜਕੇ ਦੀ ਮਾਂ ਨੇ ਆਪਣੇ ਪੁੱਤਰ ਦੀ ਜਾਨ ਬਚਾਉਣ ’ਚ ਅਹਿਮ ਭੂਮਿਕਾ ਨਿਭਾਈ। ਹਮਲੇ ਸਮੇਂ ਬੱਚੇ ਦੀ ਮਾਂ ਘਰ ਦੇ ਅੰਦਰ ਸੀ। ਉਹ ਰੌਲਾ-ਰੱਪਾ ਸੁਣ ਕੇ ਬਾਹਰ ਆਈ ਅਤੇ ਪਹਾੜੀ ਸ਼ੇਰ ਨੂੰ ਆਪਣੇ ਨੰਗੇ ਹੱਥਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ । ਇਸ ਦੌਰਾਨ ਉਸ ਨੇ ਬੱਚੇ ਨੂੰ ਸ਼ੇਰ ਤੋਂ ਛੁਡਾ ਕੇ ਤੁਰੰਤ ਹਸਪਤਾਲ ਪਹੁੰਚਾਇਆ। ਇਸੇ ਦੌਰਾਨ ਅਧਿਕਾਰੀਆਂ ਨੂੰ ਇਸ ਹਮਲੇ ਦੀ ਸੂਚਨਾ ਦਿੱਤੀ ਗਈ ਅਤੇ ਇੱਕ ਜੰਗਲੀ ਵਿਭਾਗ ਦੇ ਅਧਿਕਾਰੀ ਨੇ ਘਟਨਾ ਸਥਾਨ ’ਤੇ ਜਾਇਜ਼ਾ ਲੈਂਦਿਆ ਝਾੜੀਆਂ ’ਚ ਘੁੰਮਦੇ ਹੋਏ ਸ਼ੇਰ ਨੂੰ ਗੋਲੀ ਮਾਰੀ। ਵਿਭਾਗ ਅਨੁਸਾਰ ਇਹ ਇੱਕ ਹਮਲਾਵਰ ਸ਼ੇਰ ਸੀ ਅਤੇ ਜਨਤਕ ਸੁਰੱਖਿਆ ਲਈ ਗੋਲੀ ਮਾਰ ਕੇ ਉਸ ਨੂੰ ਸਾਈਟ ਉੱਤੇ ਹੀ ਮਾਰ ਦਿੱਤਾ ਗਿਆ। ਇਸ ਉਪਰੰਤ ਡੀ. ਐੱਨ. ਏ. ਟੈਸਟਾਂ ਨੇ ਪੁਸ਼ਟੀ ਕੀਤੀ ਕਿ ਬੱਚੇ ’ਤੇ ਹਮਲਾ ਕਰਨ ਲਈ ਸ਼ੇਰ ਹੀ ਜ਼ਿੰਮੇਵਾਰ ਸੀ।
ਅਮਰੀਕਾ : 12 ਸੂਬਿਆਂ ਦੀ ਮਨੁੱਖੀ ਤਸਕਰੀ ਖ਼ਿਲਾਫ਼ ਮੁਹਿੰਮ ’ਚ 100 ਤੋਂ ਵੱਧ ਗ੍ਰਿਫ਼ਤਾਰ
NEXT STORY