ਇੰਟਰਨੈਸ਼ਨਲ ਡੈਸਕ- ਵੈਨੇਜ਼ੁਏਲਾ ਦੀ ਰਾਜਧਾਨੀ ਕਾਰਾਕਸ ਦੇ ਆਸਮਾਨ ’ਤੇ ਕਈ ਮਹੀਨਿਆਂ ਤੋਂ ਸੀ.ਆਈ.ਏ. ਦਾ ਇਕ ਗੁਪਤ ਹਥਿਆਰ ‘ਬ੍ਰੈਥ’ ਮੰਡਰਾ ਰਿਹਾ ਸੀ ਅਤੇ ਇਸ ਦੀ ਕਿਸੇ ਨੂੰ ਖ਼ਬਰ ਤੱਕ ਨਹੀਂ ਸੀ। ‘ਬ੍ਰੈਥ’ ਕਾਰਾਕਸ ਵਿਚ ਸਰਗਰਮ ਸੀ.ਆਈ.ਏ. ਦੇ ਸੂਤਰਾਂ ਰਾਹੀਂ ਵੈਨੇਜ਼ੁਏਲਾ ਦੇ ਤਤਕਾਲੀ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਹਰ ਗਤੀਵਿਧੀ ਦਾ ਡਾਟਾ ਫੀਡ ਇਕੱਠਾ ਕਰ ਰਿਹਾ ਸੀ ਅਤੇ ਉਸ ਨੂੰ ਸਿੱਧਾ ਹੈੱਡਕੁਆਰਟਰ ਭੇਜ ਰਿਹਾ ਸੀ।
ਇਕ ਰਿਪੋਰਟ ਅਨੁਸਾਰ ‘ਬ੍ਰੈਥ’ ਇਕ ਸਟੀਲਥ ਡਰੋਨ ਹੈ, ਜੋ ਕਿਸੇ ਵੀ ਰਾਡਾਰ ਦੀ ਪਕੜ ਵਿਚ ਨਹੀਂ ਆਉਂਦਾ। ਇਹ ਮਾਦੁਰੋ ਦੀ ਹਰ ਹਰਕਤ ਦੀਆਂ ਤਸਵੀਰਾਂ ਅਤੇ ਜਾਣਕਾਰੀ ਅਮਰੀਕਾ ਲਈ ਇਕੱਠੀ ਕਰ ਰਿਹਾ ਸੀ। ‘ਬ੍ਰੈਥ’ ਨੇ ਹੀ ਉਹ ਡਾਟਾ ਮੁਹੱਈਆ ਕਰਵਾਇਆ, ਜਿਸ ਦੀ ਮਦਦ ਨਾਲ ਮਾਦੁਰੋ ਦੇ ਲੁਕਣ ਵਾਲੇ ਟਿਕਾਣੇ ਦਾ ਹੂ-ਬ-ਹੂ ਮਾਡਲ ਤਿਆਰ ਕਰ ਕੇ ਅਮਰੀਕਾ ਵਿਚ ਡੈਲਟਾ ਫੋਰਸਿਜ਼ ਨੇ ਮਿਸ਼ਨ ਦਾ ਅਭਿਆਸ ਕੀਤਾ ਸੀ।

‘ਬ੍ਰੈਥ’ ਨੂੰ ‘ਲਾਕਹੀਡ ਮਾਰਟਿਨ’ ਕੰਪਨੀ ਦੀ ‘ਸਕੰਕ ਵਰਕਸ’ ਡਿਵੀਜ਼ਨ ਨੇ ਤਿਆਰ ਕੀਤਾ ਹੈ। ਇਸ ਦੀ ਵਰਤੋਂ ਬਹੁਤ ਹੀ ਸੰਵੇਦਨਸ਼ੀਲ ਮੁਹਿੰਮਾਂ ਲਈ ਕੀਤੀ ਜਾਂਦੀ ਹੈ। ਇਹ ਦੁਸ਼ਮਣ ਨੂੰ ਭਿਣਕ ਲੱਗੇ ਬਿਨਾਂ ਉਸ ਦੇ ਟਿਕਾਣੇ ਤੱਕ ਜਾ ਸਕਦਾ ਹੈ। ਇਹ ਮਾਦੁਰੋ ਦੀ ਰਿਹਾਇਸ਼ ਦੇ ਉੱਪਰ 50 ਹਜ਼ਾਰ ਫੁੱਟ ਦੀ ਉਚਾਈ ’ਤੇ ਕਈ ਮਹੀਨਿਆਂ ਤੋਂ ਮੰਡਰਾ ਰਿਹਾ ਸੀ। ਇਸ ਦੇ ਡਿਜ਼ਾਈਨ ਵਿਚ ਕਈ ਖੂਬੀਆਂ ਹਨ, ਜੋ ਸਿੰਗਲ ਇੰਜਣ ਡਿਜ਼ਾਈਨ ਨੂੰ ਰਾਡਾਰ ਦੀ ਪਕੜ ਤੋਂ ਬਚਾਉਂਦੀਆਂ ਹਨ। ਇਸ ਵਿਚ ਬੇਹੱਦ ਆਧੁਨਿਕ ਸੈਂਸਰ ਲੱਗੇ ਹਨ, ਜੋ ਹਰਕਤ ਕਰਦੇ ਹੋਏ ਨਿਸ਼ਾਨੇ ਨੂੰ ਟ੍ਰੈਕ ਕਰ ਸਕਦੇ ਹਨ ਤੇ ਇਸ 'ਚ ਲੱਗਾ ਇਨਫ੍ਰਾਰੈੱਡ ਕੈਮਰਾ ਰਾਤ ਨੂੰ ਵੀ ਵੀਡੀਓ ਬਣਾਉਣ ਵਿਚ ਸਮਰੱਥ ਹੈ।
ਇਸ ਦਾ ਹਾਈ-ਥ੍ਰਸਟ ਸਿੰਗਲ ਇੰਜਣ ਕਾਫ਼ੀ ਘੱਟ ਫਿਊਲ ਖ਼ਰਚ ਕਰਦਾ ਹੈ। ਇਸ ਵਿਚ ਮੌਜੂਦ ਅਤਿ-ਸੰਵੇਦਨਸ਼ੀਲ ਤਕਨੀਕ ਹਵਾ ਵਿਚ 50 ਹਜ਼ਾਰ ਫੁੱਟ ਤੱਕ ਦੀ ਉਚਾਈ ਤੋਂ ਆਪਣੇ ਨਿਸ਼ਾਨੇ ਦੀਆਂ ਗਤੀਵਿਧੀਆਂ ਨੂੰ ਰਿਕਾਰਡ ਕਰ ਸਕਦੀ ਹੈ। ਇਸ ਦੇ ਹਾਈਟੈੱਕ ਇੰਟਰਸੈਪਟਰ ਦੁਸ਼ਮਣ ਦੀ ਹਰ ਗੱਲਬਾਤ ਨੂੰ ਕੈਪਚਰ ਕਰਦੇ ਹਨ।

ਇਸ ਦੀ ਸਤ੍ਹਾ ’ਤੇ ਲੱਗਿਆ ਪੇਂਟ ਰਾਡਾਰ ਦੇ ਕਿਸੇ ਵੀ ਸਿਗਨਲ ਨੂੰ ਸੋਖ ਲੈਂਦਾ ਹੈ। ਇਸ ਨੂੰ ਅਜਿਹੀਆਂ ਮਿਸ਼ਰਤ ਧਾਤਾਂ ਨਾਲ ਬਣਾਇਆ ਗਿਆ ਹੈ, ਜਿਸ ਕਾਰਨ ਇਸ ਦਾ ਵਜ਼ਨ ਕਾਫ਼ੀ ਘੱਟ ਹੈ। ਟਾਰਗੇਟ ਦੀਆਂ ਗਤੀਵਿਧੀਆਂ ਦਾ ਸਾਰਾ ਰਿਕਾਰਡ ਕੀਤਾ ਡਾਟਾ ਸਿੱਧਾ ਹੈੱਡਕੁਆਰਟਰ ਨੂੰ ਭੇਜਿਆ ਜਾਂਦਾ ਹੈ।
20 ਤੋਂ ਜ਼ਿਆਦਾ ਹਨ ਅਜਿਹੇ ਖ਼ੁਫ਼ੀਆ ਹਥਿਆਰ
ਇਕ ਰਿਪੋਰਟ ਮੁਤਾਬਕ ਅਮਰੀਕਾ ਕੋਲ 20 ਤੋਂ ਜ਼ਿਆਦਾ ‘ਬ੍ਰੈਥ’ ਸਟੀਲਥ ਡਰੋਨ ਹਨ। ਇਨ੍ਹਾਂ ਦੀ ਤਾਇਨਾਤੀ ਨੇਵਾਦਾ ਦੇ ‘ਕ੍ਰੀਚ ਏਅਰਫੋਰਸ ਬੇਸ’ ’ਤੇ ਹੈ। ਮਈ 2011 ਵਿਚ ਜਦੋਂ ਲਾਦੇਨ ਨੂੰ ਫੜਿਆ ਗਿਆ ਸੀ, ਉਦੋਂ ‘ਬ੍ਰੈਥ’ ਡਰੋਨ ਐਬਟਾਬਾਦ (ਪਾਕਿਸਤਾਨ) ਸਥਿਤ ਉਸ ਦੇ ਲੁਕਣ ਵਾਲੇ ਟਿਕਾਣੇ ਦੇ ਉੱਪਰ ਆਸਮਾਨ ਵਿਚ ਕਈ ਦਿਨਾਂ ਤੱਕ ਮੰਡਰਾਉਂਦਾ ਰਿਹਾ ਸੀ।
ਮਾਦੁਰੋ ਨੂੰ ਫੜਨ ਲਈ ਚਲਾਈ ਗਈ ਫ਼ੌਜੀ ਮੁਹਿੰਮ ਵਿਚ ‘ਬ੍ਰੈਥ’ ਤੋਂ ਇਲਾਵਾ ਅਮਰੀਕਾ ਦੇ 150 ਤੋਂ ਜ਼ਿਆਦਾ ਜਹਾਜ਼ਾਂ ਨੇ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਨੇ ਵੱਖ-ਵੱਖ ਅਮਰੀਕੀ ਟਿਕਾਣਿਆਂ ਤੋਂ ਉਡਾਣ ਭਰੀ ਸੀ। ਸੂਤਰਾਂ ਅਨੁਸਾਰ ਅਮਰੀਕਾ ਦੀ ਸਾਈਬਰ ਯੁੱਧ ਯੂਨਿਟ ਨੇ ਵੀ ਇਸ ਮੁਹਿੰਮ ਵਿਚ ਮੁੱਖ ਭੂਮਿਕਾ ਨਿਭਾਈ। ਅਮਰੀਕਾ ਦੀ ਸਾਈਬਰ ਫੋਰਸ ਆਪਣੇ ਨਿਸ਼ਾਨੇ ਨੂੰ ਹਮਲੇ ਤੋਂ ਪਹਿਲਾਂ ਪੂਰੀ ਤਰ੍ਹਾਂ ‘ਡਿਜੀਟਲੀ ਮੈਪ’ ਕਰਦੀ ਹੈ।

ਇਹ ਵੀ ਪੜ੍ਹੋ- ''ਭਾਰਤ ਤਾਂ ਆਉਣਾ ਹੀ ਪਵੇਗਾ...'', ਬੰਗਲਾਦੇਸ਼ ਕ੍ਰਿਕਟ ਬੋਰਡ ਨੂੰ ICC ਨੇ ਦਿੱਤਾ ਕਰਾਰਾ ਝਟਕਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਖੂਬਸੂਰਤ ਦਿਸਣ ਦੀ ਚਾਹਤ ਪਈ ਭਾਰੀ ; 38 ਸਾਲਾ ਮਸ਼ਹੂਰ ਸੋਸ਼ਲ ਮੀਡੀਆ Influencer ਦੀ ਮੌਤ
NEXT STORY