ਵੈਨਜ਼ੁਏਲਾ— ਲੈਟਿਨ ਅਮਰੀਕੀ ਦੇਸ਼ ਵੈਨਜ਼ੁਏਲਾ 'ਚ ਮੰਗਲਵਾਰ ਨੂੰ ਪੁਲਸ ਅਤੇ ਵਿਰੋਧੀ ਨੇਤਾ ਜੁਆਨ ਗੁਇਡੋ ਦੇ ਸਮਰਥਕ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪ ਹੋਈ। ਹਿੰਸਾ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਹੋਰ 69 ਲੋਕ ਜ਼ਖਮੀ ਹੋ ਗਏ। ਇਹ ਹਿੰਸਾ ਉਸ ਸਮੇਂ ਭੜਕੀ ਜਦ ਗੁਇਡੋ ਨੇ ਫੌਜ ਨੂੰ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੇ ਖਿਲਾਫ ਖੜ੍ਹੇ ਹੋਣ ਦੀ ਅਪੀਲ ਕੀਤੀ ਸੀ।

ਦੂਜੇ ਪਾਸੇ, ਮਾਦੁਰੋ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਤਖਤਾਪਲਟ ਦੀ ਕੋਸ਼ਿਸ਼ ਨੂੰ ਅਸਫਲ ਕੀਤਾ ਹੈ। ਰਾਸ਼ਟਰਪਤੀ ਮਾਦੁਰੋ ਨੂੰ ਫੌਜ ਦਾ ਸਮਰਥਨ ਹਾਸਲ ਹੈ। ਉਨ੍ਹਾਂ ਨੇ ਸਜ਼ਾ ਦੇਣ ਦੀ ਗੱਲ ਵੀ ਆਖੀ।
ਹਾਲਾਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੁਰੰਤ ਸੰਬੋਧਨ ਕਰਦਿਆਂ ਟਵੀਟ ਕੀਤਾ ਕਿ ਅਮਰੀਕਾ ਵੈਨਜ਼ੁਏਲਾ ਦੀ ਜਨਤਾ ਅਤੇ ਉਨ੍ਹਾਂ ਦੀ ਸੁਤੰਤਰਤਾ ਦੇ ਨਾਲ ਹੈ। ਜ਼ਿਕਰਯੋਗ ਹੈ ਕਿ ਦੰਗਿਆਂ ਦੇ ਬਾਅਦ ਰਾਜਧਾਨੀ ਕਰਾਕਸ 'ਚ ਆਸਮਾਨ ਕਾਲੇ ਧੂੰਏਂ ਨਾਲ ਭਰ ਗਿਆ। ਮੰਗਲਵਾਰ ਨੂੰ ਟੀ. ਵੀ. 'ਤੇ ਰਾਸ਼ਟਰਪਤੀ ਮਾਦੁਰੋ ਨੇ ਵਧਾਈਆਂ ਦਿੰਦਿਆਂ ਕਿਹਾ ਕਿ ਹਿੰਸਾ ਭੜਕਾਉਣ ਦੀ ਇੱਛਾ ਰੱਖਣ ਵਾਲੇ ਇਕ ਛੋਟੇ ਗਰੁੱਪ ਨੂੰ ਹਰਾ ਦਿੱਤਾ ਗਿਆ ਹੈ।

ਨੈਸ਼ਨਲ ਅਸੈਂਬਲੀ ਦੇ ਨੇਤਾ 35 ਸਾਲਾ ਜੁਆਨ ਗੁਇਡੋ ਨੇ ਮੰਗਲਵਾਰ ਸਵੇਰੇ ਇਕ ਵੀਡੀਓ ਜਾਰੀ ਕਰਕੇ ਫੌਜ ਨੂੰ ਅਪੀਲ ਕੀਤੀ ਸੀ ਕਿ ਉਹ ਮਾਦੁਰੋ ਖਿਲਾਫ ਖੜ੍ਹੇ ਹੋਣ। ਇਹ ਵੀਡੀਓ ਲਾ ਕਾਰਲੋਟਾ ਏਅਰ ਬੇਸ ਦੇ ਬਾਹਰ ਬਣਾਈ ਗਈ ਅਤੇ ਉਨ੍ਹਾਂ ਨਾਲ ਕੁਝ ਫੌਜੀ ਵੀ ਸਨ। ਵੀਡੀਓ 'ਚ ਉਨ੍ਹਾਂ ਦੇ ਨਾਲ ਇਕ ਹੋਰ ਵਿਰੋਧੀ ਨੇਤਾ ਲਿਓਪੋਲਡੋ ਲੋਪਾਜ ਵੀ ਦਿਖਾਈ ਦੇ ਰਹੇ ਸਨ, ਜਿਨ੍ਹਾਂ ਨੇ ਕਿਹਾ ਕਿ ਫੌਜੀਆਂ ਨੇ ਉਨ੍ਹਾਂ ਨੂੰ ਹਾਊਸ ਅਰੈਸਟ ਤੋਂ ਆਜ਼ਾਦ ਕਰ ਦਿੱਤਾ ਹੈ। ਲੋਪਾਜ ਨੂੰ ਕਈ ਸਾਲਾਂ ਤੋਂ ਹਾਊਸ ਅਰੈਸਟ 'ਚ ਰੱਖਿਆ ਗਿਆ ਹੈ।
ਵੀਡੀਓ 'ਚ ਗੁਇਡੋ ਵਾਰ-ਵਾਰ ਕਹਿ ਰਹੇ ਸਨ ਕਿ ਮਾਦੁਰੋ ਰਾਜ ਦੇ 'ਅੰਤ ਦੀ ਸ਼ੁਰੂਆਤ' ਹੈ ਅਤੇ ਹੁਣ 'ਪਿੱਛੇ ਨਹੀਂ ਹਟਣਾ' ਹੈ। ਬਾਅਦ 'ਚ ਬੁੱਧਵਾਰ ਨੂੰ ਇਕ ਹੋਰ ਵੀਡੀਓ ਮੈਸਜ 'ਚ ਉਨ੍ਹਾਂ ਨੇ ਲੋਕਾਂ ਨੂੰ ਮਾਦੁਰੋ ਸਾਸ਼ਨ ਖਤਮ ਕਰਨ ਲਈ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਬੀਤੇ ਦਿਨ ਫੌਜ ਮੁਖੀ ਨੇ ਦੇਸ਼ 'ਚ ਖੂਨੀ ਝੜਪ ਹੋਣ ਦੀ ਚਿਤਾਵਨੀ ਵੀ ਦਿੱਤੀ ਸੀ। ਤੁਹਾਨੂੰ ਦੱਸ ਦਈਏ ਕਿ ਵਿਰੋਧੀ ਨੇਤਾ ਜੁਆਨ ਗੁਇਡੋ ਲਗਾਤਾਰ ਦੇਸ਼ ਦਾ ਸ਼ਾਸਨ ਆਪਣੇ ਹੱਥਾਂ 'ਚ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਫੌਜ ਵਿਵਾਦਾਂ 'ਚ ਘਿਰੇ ਰਾਸ਼ਟਰਪਤੀ ਨਿਕੋਲਸ ਦਾ ਸਮਰਥਨ ਕਰ ਰਹੀ ਹੈ। ਗੁਇਡੋ ਨੂੰ ਅਮਰੀਕਾ ਸਮੇਤ ਕਈ ਦੇਸ਼ਾਂ ਵਲੋਂ ਸਾਥ ਮਿਲ ਰਿਹਾ ਹੈ।
ਚੀਨ : ਜੰਗਲੀ ਅੱਗ ਬੁਝਾਉਣ ਲਈ ਭੇਜੇ ਗਏ 1,000 ਫਾਇਰਫਾਈਟਰਜ਼
NEXT STORY