ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਪੰਜਾਬੀ ਸੰਗੀਤ ਜਗਤ 'ਚ ਜਨਾਬ ਆਲਮ ਲੁਹਾਰ ਤੇ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਘਰਾਣੇ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਜਦੋਂ ਇਨ੍ਹਾਂ ਦੋਹਾਂ ਘਰਾਣਿਆਂ ਦੇ ਚਿਰਾਗ ਆਰਿਫ ਲੁਹਾਰ ਤੇ ਵਿਜੇ ਯਮਲਾ ਇਕ ਦੂਜੇ ਨੂੰ ਗਲਵੱਕੜੀ ਪਾਉਂਦੇ ਹੋਣ ਤਾਂ ਇਉਂ ਮਹਿਸੂਸ ਕਰ ਸਕਦੇ ਹਾਂ ਜਿਵੇਂ ਚੜ੍ਹਦੇ ਤੇ ਲਹਿੰਦੇ ਪੰਜਾਬ ਨੇ ਇਕ ਦੂਜੇ ਨੂੰ ਕਲਾਵੇ 'ਚ ਲੈ ਲਿਆ ਹੋਵੇ। ਬਰਤਾਨੀਆ ਫੇਰੀ 'ਤੇ ਆਏ ਵਿਜੇ ਯਮਲਾ ਨੇ ਆਰਿਫ ਲੁਹਾਰ ਨਾਲ ਵਿਸ਼ੇਸ਼ ਮਿਲਣੀ ਕੀਤੀ। ਇਸ ਦੌਰਾਨ ਵਿਜੇ ਯਮਲਾ ਨੇ ਆਪਣੇ ਭਰਾ ਰਵੀ ਯਮਲਾ ਵੱਲੋਂ ਬਹੁਤ ਹੀ ਰੀਝਾਂ ਨਾਲ ਤਿਆਰ ਕੀਤੀ ਤੂੰਬੀ ਆਰਿਫ ਲੁਹਾਰ ਦੇ ਬੇਟੇ ਨੂੰ ਭੇਟ ਕੀਤੀ, ਨਾਲ ਹੀ ਵਿਜੇ ਵੱਲੋਂ ਦੂਸਰੇ ਬੇਟੇ ਨੂੰ ਬੁਘਦੂ ਸਾਜ਼ ਵੀ ਪਿਆਰ ਸਹਿਤ ਭੇਟ ਕੀਤਾ ਗਿਆ।
ਇਹ ਵੀ ਪੜ੍ਹੋ : ਸਕਾਟਲੈਂਡ: ਪੇਜ਼ਲੀ ਦੀ 10 ਕਿਲੋਮੀਟਰ ਦੌੜ 2 ਸਕੇ ਭਰਾਵਾਂ ਨੇ ਜਿੱਤੀ
ਦੋਵੇਂ ਘਰਾਣਿਆਂ ਦੇ ਕਲਾਕਾਰ ਫਰਜੰਦਾਂ ਨੇ ਕਲਾਕਾਰੀ ਦੀ ਅਜਿਹੀ ਸਾਂਝ ਪਾਈ ਕਿ ਕੰਧਾਂ ਵੀ ਝੂਮ ਉੱਠੀਆਂ। ਵਿਜੇ ਯਮਲਾ ਵੱਲੋਂ ਵਜਾਈ ਤੂੰਬੀ ਦੀ ਟੁਣਕਾਰ 'ਤੇ ਆਰਿਫ ਲੁਹਾਰ ਨੇ ਗੀਤਾਂ ਦੀ ਛਹਿਬਰ ਲਗਾ ਦਿੱਤੀ। ਇਸ ਸਮੇਂ ਲੁਹਾਰ ਪਰਿਵਾਰ ਵੱਲੋਂ ਵਿਜੇ ਯਮਲਾ ਨੂੰ ਪਾਕਿਸਤਾਨ ਤੋਂ ਖਾਸ ਤੌਰ 'ਤੇ ਬਣਵਾ ਕੇ ਲਿਆਂਦੇ ਕੈਂਠੇ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮੇਂ ਬੋਲਦਿਆਂ ਆਰਿਫ ਲੁਹਾਰ ਨੇ ਕਿਹਾ ਕਿ ਵਿਜੇ ਯਮਲਾ ਮੇਰਾ ਨਿੱਕਾ ਵੀਰ ਹੀ ਨਹੀਂ, ਸਗੋਂ ਮੇਰੇ ਪੁੱਤਰਾਂ ਵਰਗਾ ਹੈ। ਯਮਲਾ ਜੱਟ ਜੀ ਦੀ ਸੰਗੀਤਕ ਵਿਰਾਸਤ ਨੂੰ ਅੱਗੇ ਲਿਜਾਣ ਲਈ ਉਸ ਦੀ ਮਿਹਨਤ ਤੇ ਲਗਨ ਅੱਗੇ ਸਿਰ ਝੁਕਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਪਿਤਾ ਦੇ ਦੋਸਤ ਦੇ ਪੋਤਰੇ ਹੱਥੋਂ ਯਮਲਾ ਜੱਟ ਸਾਹਿਬ ਦੀ ਈਜਾਦ ਕੀਤੀ ਤੂੰਬੀ ਲੈ ਕੇ ਆਪਣੇ-ਆਪ ਨੂੰ ਧੰਨ ਸਮਝਦਾ ਹਾਂ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸਕਾਟਲੈਂਡ: ਪੇਜ਼ਲੀ ਦੀ 10 ਕਿਲੋਮੀਟਰ ਦੌੜ 2 ਸਕੇ ਭਰਾਵਾਂ ਨੇ ਜਿੱਤੀ
NEXT STORY