ਤਹਿਰਾਨ (ਏ. ਐੱਨ. ਆਈ.)- ਈਰਾਨ ਵਿਚ ਹਿਜਾਬ ਦੇ ਵਿਰੋਧ ਵਿਚ ਸੜਕਾਂ ’ਤੇ ਉਤਰੀਆਂ ਔਰਤਾਂ ਦੇ ਪ੍ਰਦਰਸ਼ਨ ਨੂੰ ਦਬਾਉਣ ਲਈ ਬੇਰਿਹਮੀ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ ਗਈਆਂ ਹਨ। ਇੱਥੇ ਹੁਣ 20 ਸਾਲ ਦੀ ਕੁੜੀ ਹਦੀਸ ਨਜ਼ਫੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਹਦੀਸ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਉਹ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਦੀ ਤਿਆਰੀ ਕਰ ਰਹੀ ਸੀ। ਉਹ ਆਪਣੇ ਖੁੱਲ੍ਹੇ ਵਾਲਾਂ ਨੂੰ ਬੰਨ੍ਹ ਰਹੀ ਸੀ। ਰਿਪੋਰਟ ਮੁਤਾਬਕ ਹਦੀਸ ਨਜ਼ਫੀ ਦੇ ਢਿੱਡ, ਗਰਦਨ, ਦਿਲ ਅਤੇ ਹੱਥ ’ਚ ਗੋਲੀਆਂ ਲੱਗੀਆਂ ਹਨ। ਉਸਦੇ ਅੰਤਿਮ ਸੰਸਕਾਰ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਵਿਚ ਔਰਤਾਂ ਨਵੀਂ ਪੁੱਟੀ ਗਈ ਕਬਰ ’ਤੇ ਉਸਦੀ ਫੋਟੋ ਰੱਖ ਕੇ ਰੋਂਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।
ਇਹ ਵੀ ਪੜ੍ਹੋ: ਸ਼ਿੰਜੋ ਆਬੇ ਦੇ ਸਰਕਾਰੀ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਜਾਪਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ
ਇਕ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਹੇ ਹਿਜਾਬ ਵਿਰੋਧੀ ਪ੍ਰਦਰਸ਼ਨ ਨੇ ਈਰਾਨ ਨੂੰ ਹਿਲਾਕੇ ਰੱਖ ਦਿੱਤਾ ਹੈ। ਇਹ ਬੇਮਿਸਾਲ ਪ੍ਰਦਰਸ਼ਨ 22 ਸਾਲਾ ਮਹਸਾ ਅਮੀਨੀ ਦੇ ਪੁਲਸ ਹਿਰਾਸਤ ਵਿਚ ਮਾਰੇ ਜਾਣ ਤੋਂ ਬਾਅਦ ਦੇਸ਼ਭਰ ਵਿਚ ਸ਼ੁਰੂ ਹੋਇਆ ਹੈ। ਈਰਾਨ ਵਿਚ ਔਰਤਾਂ ਲਈ ਹਿਜਾਬ ਪਹਿਨਣਾ ਕਾਨੂੰਨੀ ਤੌਰ ’ਤੇ ਲਾਜ਼ਮੀ ਹੈ ਅਤੇ ਅਮੀਨੀ ਨੂੰ ‘ਹਿਜਾਬ’ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਜਿਹਾ ਦੋਸ਼ ਹੈ ਕਿ ਪੁਲਸ ਦੇ ਤਸੀਹਿਆਂ ਨਾਲ ਉਸਦੀ ਮੌਤ ਹੋ ਗਈ ਸੀ। ਈਰਾਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਉਸਨੂੰ ਅਚਾਨਕ ਦਿਲ ਦਾ ਦੌਰਾ ਪਿਆ ਸੀ। ਅਮੀਨੀ ਦੀ ਮੌਤ 16 ਸਤੰਬਰ ਨੂੰ ਹੋਈ ਸੀ। ਦੱਸ ਦੇਈਏ ਕਿ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਵਿਚ ਹੁਣ ਤੱਕ ਘੱਟੋ-ਘੱਟ 57 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਮੌਤਾਂ ਸੁਰੱਖਿਆ ਫੋਰਸਾਂ ਵਲੋਂ ਪ੍ਰਦਰਸ਼ਨਕਾਰੀਆਂ ਦੇ ਹਿੰਸਕ ਰੂਪ ਨੂੰ ਦਬਾਉਣ, ਕੁਝ ਮਾਮਲਿਆਂ ਵਿਚ ਗੋਲਾ-ਬਾਰੂਦ ਦੀ ਵਰਤੋਂ ਕਰਨ ਨਾਲ ਹੋਈਆਂ ਹਨ। ਸੁਰੱਖਿਆ ਫੋਰਸਾਂ ਨੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ।
ਇਹ ਵੀ ਪੜ੍ਹੋ: ਲੈਂਡਿੰਗ ਦੌਰਾਨ ਰਨਵੇ ਤੋਂ ਫਿਸਲ ਕੇ ਝੀਲ 'ਚ ਵੜਿਆ ਕਾਰਗੋ ਜਹਾਜ਼, ਵੇਖੋ ਤਸਵੀਰਾਂ
ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੂੰ ਅੰਤਿਮ ਵਿਦਾਈ (ਤਸਵੀਰਾਂ)
NEXT STORY