ਕਾਬੁਲ- ਅਫਗਾਨਿਸਤਾਨ 'ਤੇ ਤਾਲਿਬਾਨ ਕਬਜ਼ੇ ਦੇ ਬਾਅਦ ਉਥੇ ਦੇ ਲੋਕ ਡਰੇ ਹੋਏ ਹਨ ਅਤੇ ਹਜ਼ਾਰਾਂ ਅਫਗਾਨੀ ਨਾਗਰਿਕ ਦੇਸ਼ ਛੱਡਣ ਲਈ ਜਾਨ ਦੀ ਬਾਜ਼ੀ ਤੱਕ ਲਗਾਉਣ ਨੂੰ ਤਿਆਰ ਹੈ। ਇਕ ਪਾਸੇ ਲੋਕ ਜਿਥੇ ਤਾਲਿਬਾਨ ਦੇ ਡਰ ਨਾਲ ਦੇਸ਼ ਛੱਡ ਰਹੇ ਹਨ ਅਤੇ ਦੂਜੇ ਪਾਸੇ ਕੁਝ ਔਰਤਾਂ ਆਪਣੇ ਅਧਿਕਾਰਾਂ ਲਈ ਵਿਰੋਧ ਪ੍ਰਦਰਸ਼ਨ ਕਰਦੀਆਂ ਨਜ਼ਰ ਆ ਰਹੀਆਂ ਹਨ। ਇਰਾਨੀ ਪੱਤਰਕਾਰ ਮਸੀਹ ਅਲੀਨੇਜਾਦ ਨੇ ਟਵਿੱਟਰ 'ਤੇ ਇਕ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਅਫਗਾਨੀ ਔਰਤਾਂ ਨੂੰ ਤਾਲਿਬਾਨ ਲੜਾਕਿਆਂ ਨਾਲ ਘਿਰੇ ਹੋਏ ਕਾਬੁਲ ਦੀ ਇਕ ਸੜਕ 'ਤੇ ਕੁਝ ਪੋਸਟਰ ਫੜੇ ਦੇਖਿਆ ਜਾ ਸਕਦਾ ਹੈ ਜੋ ਉਨ੍ਹਾਂ ਨੇ ਆਪਣੇ ਹੀ ਹੱਥਾਂ ਨਾਲ ਬਣਾਏ ਹਨ।
ਵੀਡੀਓ 'ਚ ਵਿਰੋਧ ਕਰ ਰਹੀਆਂ ਔਰਤਾਂ ਨੂੰ ਸਮਾਜਿਕ ਸੁਰੱਖਿਆ , ਕੰਮ ਕਰਨ ਦਾ ਅਧਿਕਾਰ ਅਤੇ ਰਾਜਨੀਤਿਕ ਹਿੱਸੇਦਾਰੀ ਦੇ ਅਧਿਕਾਰ ਸਮੇਤ ਆਪਣੇ ਅਧਿਕਾਰਾਂ ਦੀ ਮੰਗ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਵੀਡੀਓ 'ਚ ਔਰਤਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, 'ਸਾਲਾਂ ਤੋਂ ਸਾਡੀਆਂ ਸਾਰੀਆਂ ਉਪਲੱਬਧੀਆਂ ਅਤੇ ਸਾਡੇ ਮੂਲ ਅਧਿਕਾਰਂ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ'। ਦਰਅਸਲ ਤਾਲਿਬਾਨ ਸ਼ਾਸਨ ਤੋਂ ਸਭ ਤੋਂ ਜ਼ਿਆਦਾ ਡਰ ਔਰਤਾਂ ਨੂੰ ਇਸ ਗੱਲ ਦਾ ਹੈ ਕਿ ਬੀਤੇ ਸਾਲਾਂ 'ਚ ਮਿਲੇ ਅਧਿਕਾਰ ਹੁਣ ਉਨ੍ਹਾਂ ਤੋਂ ਖੋਹ ਲਏ ਜਾਣਗੇ।
ਇਸ ਦੌਰਾਨ ਅਫਗਾਨਿਸਤਾਨ ਦੇ ਮੁਖ ਮੀਡੀਆ ਆਊਟਲੈਟਸ 'ਚੋਂ ਇਕ, ਟੋਲੋ ਨਿਊਜ਼ ਨੇ ਤਾਲਿਬਾਨ ਦੇ ਆਉਂਦੇ ਹੀ ਕੁਝ ਸਮੇਂ ਲਈ ਹਟਾਉਣ ਤੋਂ ਬਾਅਦ ਇਕ ਵਾਰ ਫਿਰ ਮਹਿਲਾ ਐਂਕਰਾਂ ਨੂੰ ਸਕ੍ਰੀਨ 'ਤੇ ਬੁਲਾ ਲਿਆ ਹੈ। ਐਤਵਾਰ ਨੂੰ ਕਾਬੁਲ 'ਤੇ ਤਾਲਿਬਾਨ ਵਲੋਂ ਕਬਜ਼ਾ ਕੀਤੇ ਜਾਣ ਦੇ ਬਾਅਦ ਕਈ ਔਰਤਾਂ ਆਪਣੀਆਂ ਜਾਨਾਂ ਅਤੇ ਸੁਰੱਖਿਆ ਦੇ ਡਰ ਨਾਲ ਅਫਗਾਨਿਸਤਾਨ ਤੋਂ ਭੱਜ ਗਈਆਂ। ਕਾਬੁਲ ਤੋਂ ਦਿੱਲੀ ਪਹੁੰਚੀ ਇਕ ਅਫਗਾਨੀ ਔਰਤ ਨੇ ਕਿਹਾ ਕਿ ਉਸ ਨੂੰ ਆਪਣੇ ਦੋਸਤਾਂ ਦੀ ਸੁਰੱਖਿਆ ਦਾ ਡਰ ਹੈ।
ਹਾਲਾਂਕਿ ਅਫਗਾਨਿਸਤਾਨ 'ਤੇ ਕਬਜ਼ਾ ਜਮਾਉਣ ਤੋਂ ਬਾਅਦ ਤਾਲਿਬਾਨ ਨੇ ਪਹਿਲੀ ਵਾਰ ਪ੍ਰੈਸ ਕਾਨਫਰੰਸ ਕੀਤੀ ਅਤੇ ਉਸ ਨੇ ਔਰਤਾਂ ਨੂੰ ਲੈ ਕੇ ਕੌਮਾਂਤਰੀ ਭਾਈਚਾਰੇ ਦੀਆਂ ਚਿੰਤਾਵਾਂ 'ਤੇ ਆਪਣਾ ਪੱਖ ਰੱਖਿਆ। ਤਾਲਿਬਾਨ ਨੇ ਮੰਗਲਵਾਰ ਨੂੰ ਇਸਲਾਮੀ ਕਾਨੂੰਨ ਦੇ ਵਲੋਂ ਔਰਤਾਂ ਦੇ ਅਧਿਕਾਰਾਂ ਦਾ ਸਨਮਾਨ ਕਰਨ ਦਾ ਵਾਅਦਾ ਕੀਤਾ ਅਤੇ ਆਪਣਾ ਵਿਰੋਧ ਕਰਨ ਵਾਲਿਆਂ ਨੂੰ ਮੁਆਫ਼ੀ ਦੇਣ ਅਤੇ ਸੁਰੱਖਿਅਤ ਅਫਗਾਨਿਸਤਾਨ ਸੁਨਿਸ਼ਚਿਤ ਕਰਨ ਦੀ ਘੋਸ਼ਣਾ ਕੀਤੀ।
ਅਫ਼ਗਾਨਿਸਤਾਨ : ਤਾਲਿਬਾਨ ਨੇ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਕੀਤੀ ਗੋਲੀਬਾਰੀ (ਵੀਡੀਓ)
NEXT STORY