ਇੰਟਰਨੈਸ਼ਨ ਡੈਸਕ- ਸਾਲ 2022 ਆਪਣੇ ਆਖਰੀ ਪੜਾਅ ’ਤੇ ਹੈ। ਕੁਝ ਦਿਨਾਂ ਬਾਅਦ 2022 ਨੂੰ ਬੀਤੇ ਸਾਲ ਵਾਂਗ ਯਾਦ ਕੀਤਾ ਜਾਵੇਗਾ। ਇਸ ਸਾਲ ਦੇਸ਼ ’ਚ ਹੀ ਨਹੀਂ ਸਗੋਂ ਦੁਨੀਆ ਭਰ ’ਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ, ਜਿਨ੍ਹਾਂ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਅਜਿਹੀਆਂ ਹੀ ਘਟਨਾਵਾਂ ਬਾਰੇ ਅਸੀਂ ਜ਼ਿਕਰ ਕਰਨ ਜਾ ਰਹੇ ਹਾਂ। ਉਹ ਗਲੋਬਲ ਹਸਤੀਆਂ, ਜਿਨ੍ਹਾਂ ਨੇ ਇਸ ਸਾਲ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਆਓ ਜਾਣਦੇ ਹਾਂ ਇਕ ਨਜ਼ਰ ’ਚ....
ਮਿਖਾਇਲ ਗੋਰਬਾਚੇਵ ਦਾ ਦਿਹਾਂਤ
ਸੋਵੀਅਤ ਸੰਘ ਦੇ ਸਾਬਕਾ ਰਾਸ਼ਟਰਪਤੀ ਅਤੇ ਸ਼ੀਤ ਯੁੱਧ ਨੂੰ ਖਤਮ ਕਰਨ ਵਾਲੇ ਮਿਖਾਇਲ ਗੋਰਬਾਚੇਵ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ 91 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਗੋਰਬਾਚੇਵ ਯੂਨਾਈਟਿਡ ਯੂਨੀਅਨ ਆਫ ਸੋਵੀਅਤ ਸਮਾਜਵਾਦੀ ਗਣਰਾਜ ਦੇ ਆਖਰੀ ਨੇਤਾ ਸਨ। ਉਨ੍ਹਾਂ ਨੇ ਸ਼ੀਤ ਯੁੱਧ ਨੂੰ ਖਤਮ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਸਿਡਨੀ ਪੋਇਟੀਅਰ ਨੇ 94 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ
ਇਸ ਸਾਲ ਆਸਕਰ ਜੇਤੂ ਅਦਾਕਾਰ ਸਿਡਨੀ ਪੋਇਟੀਅਰ ਨੇ ਇਸ ਦੁਨੀਆ ’ਚ 94 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਉਨ੍ਹਾਂ ਨੇ 1963 ’ਚ ਆਈ ਫਿਲਮ ‘ਲਿਲੀਜ਼ ਆਫ ਦਿ ਫੀਲਡ’ ’ਚ ਸਰਵੋਤਮ ਅਦਾਕਾਰ ਲਈ ਆਸਕਰ ਦਾ ਐਵਾਰਡ ਜਿੱਤਿਆ ਸੀ। ਉਹ ਪਹਿਲੇ ਕਾਲੇ ਅਭਿਨੇਤਾ ਹਨ, ਜਿਨ੍ਹਾਂ ਨੇ ਆਸਕਰ ਨੂੰ ਆਪਣੇ ਨਾਮ ਕਰ ਕੇ ਫਿਲਮੀ ਦੁਨੀਆ ’ਚ ਇਕ ਬਹੁਤ ਵੱਡਾ ਬਦਲਾਅ ਕੀਤਾ ਸੀ।
ਦਿੱਗਜ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ
ਆਸਟ੍ਰੇਲੀਆ ਦੇ ਦਿੱਗਜ ਸਪਿਨਰ ਸ਼ੇਨ ਵਾਰਨ ਦਾ ਮਾਰਚ 2022 ’ਚ ਦਿਲ ਦਾ ਦੌਰਾ ਪੈਣ ਕਾਰਨ 52 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ ਸੀ। ਉਹ ਥਾਈਲੈਂਡ ਦੇ ਕੋਹ ਸਮੂਈ ’ਚ ਆਪਣੇ ਵਿਲਾ ’ਚ ਬੇਹੋਸ਼ ਪਾਏ ਗਏ। ਉਨ੍ਹਾਂ ਨੇ ਆਪਣੇ ਕ੍ਰਿਕਟ ਕਰੀਅਰ ’ਚ 145 ਟੈਸਟ ਮੈਚ ਖੇਡੇ ਜਿਸ ’ਚ ਉਨ੍ਹਾਂ ਨੇ 708 ਵਿਕਟਾਂ ਲਈਆਂ ਸਨ ਅਤੇ ਉਨ੍ਹਾਂ ਦਾ ਸਰਵੋਤਮ ਪ੍ਰਦਰਸ਼ਨ ਇਕ ਮੈਚ ’ਚ 128 ਦੌੜਾਂ ਦੇ ਕੇ 12 ਵਿਕਟਾਂ ਰਿਹਾ।
ਜੀਨ-ਲਿਊਕ ਗੋਡਾਰਡ ਦਾ ਦਿਹਾਂਤ
ਫ੍ਰਾਂਸੀਸੀ ਨਿਊ ਵੇਵ ਦੇ ਆਈਕਾਨਿਕ ਫਿਲਮ ਨਿਰਮਾਤਾ ਜੀਨ-ਲਿਊਕ ਗੋਡਾਰਡ ਦਾ 13 ਸਤੰਬਰ 2022 ਨੂੰ 91 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਗੋਡਾਰਡ ਨੇ ਸਾਲ 1960 ’ਚ ਆਪਣੀ ਪਹਿਲੀ ਫਿਲਮ ‘ਬ੍ਰੀਦਲੇਸ’ ਨਾਲ ਸਿਨੇਮਾ ’ਚ ਕ੍ਰਾਂਤੀ ਲਿਆ ਦਿੱਤੀ। ਜੀਨ-ਲਿਊਕ ਗੋਡਾਰਡ ਨੇ ਸਾਲ 1950 ਦੇ ਦਹਾਕੇ ’ਚ ਇਕ ਫਿਲਮ ਆਲੋਚਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ ਦਿਹਾਂਤ
ਚੀਨ ਦੇ ਸਾਬਕਾ ਰਾਸ਼ਟਰਪਤੀ ਜਿਆਂਗ ਜ਼ੇਮਿਨ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 96 ਸਾਲ ਦੀ ਉਮਰ ’ਚ ਆਖਰੀ ਸਾਹ ਲਿਆ। ਉਨ੍ਹਾਂ ਨੇ ਲਗਭਗ ਇਕ ਦਹਾਕੇ ਤੱਕ ਚੀਨ ’ਤੇ ਰਾਜ ਕੀਤਾ। ਜਿਆਂਗ ਦੇ ਰਾਜ ਦੌਰਾਨ, ਚੀਨ ਨੇ ਤਿਆਨਮੇਨ ਕਤਲੇਆਮ ਤੋਂ ਉਭਰ ਕੇ ਨਵੀਆਂ ਆਰਥਿਕ ਉਚਾਈਆਂ ਹਾਸਲ ਕੀਤੀਆਂ।
ਅਮਰੀਕੀ ਗਾਇਕ ਜੈਰੀ ਲੀ ਲੇਵਿਸ ਦਾ ਦਿਹਾਂਤ
ਅਮਰੀਕੀ ਗਾਇਕ ਜੈਰੀ ਲੀ ਲੇਵਿਸ ਦਾ ਇਸ ਸਾਲ ਅਕਤੂਬਰ ’ਚ 87 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਉਹ 1950 ’ਚ ਸੁਰਖੀਆਂ ਵਿਚ ਆਏ ਸਨ ਅਤੇ ਉਨ੍ਹਾਂ ਖੁਦ ਨੂੰ ਰੌਕ ਰਿਬੈੱਲ ਦੇ ਰੂਪ ’ਚ ਮਿਊਜ਼ਿਕ ਇੰਡਸਟ੍ਰੀ ’ਚ ਉਤਾਰਿਆ ਸੀ। ਉਨ੍ਹਾਂ ਦੇ ਕਈ ਗਾਣਿਆਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਇੰਨਾ ਹੀ ਨਹੀਂ, ਉਨ੍ਹਾਂ ਦੇ ਸਟਾਈਲ ਨੂੰ ਵੀ ਲੋਕਾਂ ਨੇ ਖੂਬ ਪਸੰਦ ਕੀਤਾ ਸੀ। ਉਨ੍ਹਾਂ 7 ਵਿਆਹ ਕਰਵਾਏ ਸਨ।
ਅਮਰੀਕਾ ਦੀ ਪਹਿਲੀ ਵਿਦੇਸ਼ ਮੰਤਰੀ ਮੈਡੇਲੀਨ ਅਲਬ੍ਰਾਈਟ ਦਾ ਦਿਹਾਂਤ
ਅਮਰੀਕਾ ਦੀ ਪਹਿਲੀ ਵਿਦੇਸ਼ ਮੰਤਰੀ ਮੈਡੇਲੀਨ ਅਲਬ੍ਰਾਈਟ ਦਾ ਮਾਰਚ 2022 ’ਚ ਦਿਹਾਂਤ ਹੋ ਗਿਆ। ਉਹ 84 ਸਾਲ ਦੀ ਸੀ। ਉਹ 1997 ਤੋਂ 2001 ਦਰਮਿਆਨ ਤੱਤਕਾਲੀਨ ਰਾਸ਼ਟਰਪਤੀ ਬਿਲ ਕਲਿੰਟਨ ਦੇ ਕਾਰਜਕਾਲ ’ਚ ਅਮਰੀਕਾ ਦੀ ਵਿਦੇਸ਼ ਮੰਤਰੀ ਰਹੀ ਸੀ।
ਨਿਕੇਲ ਨਿਕੋਲਸ
ਸਟਾਰ ਟ੍ਰੈਕ ਅਭਿਨੇਤਰੀ ਨਿਕੇਲ ਨਿਕੋਲਸ ਦਾ 1 ਅਗਸਤ 2022 ਨੂੰ 89 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਸ ਨੇ 1960 ਦੇ ਦਹਾਕੇ ਦੀ ਸਾਈ-ਫਾਈ ਟੀ. ਵੀ. ਸੀਰੀਜ਼ ‘ਸਟਾਰ ਟ੍ਰੈਕ’ ਅਤੇ ਬਾਅਦ ਦੀਆਂ ਹੋਰ ਫਿਲਮਾਂ ਵਿਚ ਸਟਾਰਸ਼ਿਪ ਸੰਚਾਰ ਅਧਿਕਾਰੀ ਲੈਫਟੀਨੈਂਟ ਉਹੁਰਾ ਦਾ ਕਿਰਦਾਰ ਨਿਭਾਇਆ ਸੀ।
ਮਸ਼ਹੂਰ ਪੌਪ ਸਟਾਰ ਓਲਿਵੀਆ ਨਿਊਟਨ ਜਾਨ ਦਾ ਦਿਹਾਂਤ
70 ਦੇ ਦਹਾਕੇ ਦੇ ਸਭ ਤੋਂ ਵੱਡੇ ਪੌਪ ਸਿਤਾਰਿਆਂ ਵਿਚੋਂ ਇਕ ਅਤੇ 4 ਵਾਰ ਦੀ ਗ੍ਰੈਮੀ ਐਵਾਰਡ ਜੇਤੂ ਗਾਇਕਾ ਤੇ ਅਭਿਨੇਤਰੀ ਓਲਿਵੀਆ ਨਿਊਟਨ ਜਾਨ ਦਾ ਲੰਮੀ ਬੀਮਾਰੀ ਤੋਂ ਬਾਅਦ ਅਗਸਤ 2022 ’ਚ ਦਿਹਾਂਤ ਹੋ ਗਿਆ। ਓਲਿਵੀਆ ਨੂੰ 1971 ’ਚ ਪਹਿਲੀ ਵੱਡੀ ਸਫਲਤਾ ‘ਇਫ ਨਾਟ ਫਾਰ ਯੂ’ ਤੋਂ ਮਿਲੀ ਸੀ।
ਐਂਜਲਾ ਲੈਂਸਬਰੀ
ਅਭਿਨੇਤਰੀ ਐਂਜਲਾ ਲੈਂਸਬਰੀ ਦਾ ਅਕਤੂਬਰ 2022 ’ਚ 96 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ‘ਮਰਡਰ, ਸ਼ੀ ਰੋਟ’ ’ਚ ਕਿਰਦਾਰ ਰਾਈਟਰ ਜਾਸੂਸ ਲਈ ਜਾਣਿਆ ਜਾਂਦਾ ਸੀ। ਐਂਜਲਾ ਨੇ ਆਪਣੇ 8 ਦਹਾਕਿਆਂ ਦੇ ਕਰੀਅਰ ’ਚ ਨੈਗੇਟਿਵ ਭੂਮਿਕਾਵਾਂ ਤੋਂ ਲੈ ਕੇ ਜਾਸੂਸੀ ਤੇ ਕਾਮੇਡੀ ਭੂਮਿਕਾਵਾਂ ’ਚ ਸ਼ਾਨਦਾਰ ਐਕਟਿੰਗ ਨਾਲ ਅਮਿਟ ਛਾਪ ਛੱਡੀ ਸੀ।
ਨਿਊਜ਼ੀਲੈਂਡ 'ਚ ਭਾਰਤੀਆਂ ਨੇ ਦਿਖਾਈ ਏਕਤਾ, ਮਾਰੇ ਗਏ ਡੇਅਰੀ ਵਰਕਰ ਲਈ ਜੁਟਾਏ 100,000 ਡਾਲਰ
NEXT STORY