ਜਲੰਧਰ (ਵਰੁਣ) : ਸ਼ਹਿਰ ਦੀਆਂ ਸੜਕਾਂ ’ਤੇ ਨਾਜਾਇਜ਼ ਕਬਜ਼ੇ ਲਗਾਤਾਰ ਵਧ ਰਹੇ ਹਨ। ਇਸ ਦਾ ਸਿੱਧਾ ਅਸਰ ਸ਼ਹਿਰ ਦੀ ਟਰੈਫਿਕ ਵਿਵਸਥਾ ’ਤੇ ਪੈ ਰਿਹਾ ਹੈ, ਜਿਸ ਕਾਰਨ ਰੋਜ਼ਾਨਾ ਘੰਟਿਆਂਬੱਧੀ ਜਾਮ ਲੱਗ ਰਹੇ ਹਨ। ਵਧੇਰੇ ਸੜਕਾਂ ਨਾਜਾਇਜ਼ ਕਬਜ਼ਿਆਂ ਨੇ ਘੇਰੀਆਂ ਹੋਈਆਂ ਹਨ, ਜਦੋਂ ਕਿ ਯੈਲੋ ਲਾਈਨਾਂ ਦੇ ਅੰਦਰ ਵਾਹਨ ਖੜ੍ਹੇ ਕਰਨ ਦੀ ਜਗ੍ਹਾ ਰੇਹੜੀਆਂ ਤੇ ਪੱਕੇ ਤੌਰ ’ਤੇ ਫੜ੍ਹੀਆਂ ਲੱਗ ਰਹੀਆਂ ਹਨ। ਚਾਲਕਾਂ ਨੂੰ ਯੈਲੋ ਲਾਈਨ ਦੇ ਅੰਦਰ ਵਾਹਨ ਖੜ੍ਹੇ ਕਰਨ ਲਈ ਜਗ੍ਹਾ ਨਹੀਂ ਮਿਲਦੀ ਤਾਂ ਉਹ ਆਪਣੇ ਵਾਹਨ ਸੜਕ ਦੇ ਵਿਚਕਾਰ ਹੀ ਖੜ੍ਹੇ ਕਰ ਦਿੰਦੇ ਹਨ। ਆਟੋ ਚਾਲਕ ਤੇ ਈ-ਰਿਕਸ਼ਾ ਵਾਲਿਆਂ ਦੇ ਮਨਚਾਹੇ ਸਟਾਪੇਜ ਵੀ ਜਾਮ ਦਾ ਵੱਡਾ ਕਾਰਨ ਹੈ, ਕਿਉਂਕਿ ਸਵਾਰੀਆਂ ਚੁੱਕਣ ਦੇ ਚੱਕਰ ’ਚ ਉਹ ਸੜਕ ਦੇ ਵਿਚਾਲੇ ਹੀ ਆਟੋ ਤੇ ਰਿਕਸ਼ਾ ਰੋਕ ਲੈਂਦੇ ਹਨ, ਜਿਸ ਕਾਰਨ ਪਿੱਛੇ ਜਾਮ ਲੱਗ ਜਾਂਦਾ ਹੈ।
ਇਹ ਵੀ ਪੜ੍ਹੋ : ਨਗਰ ਨਿਗਮ ਨੇ ਫੜਿਆ ਸੀਵਰੇਜ 'ਚ ਤੇਜ਼ਾਬ ਸੁੱਟਣ ਦਾ ਮਾਮਲਾ, ਯੂਨਿਟ ਨੂੰ ਤਾਲਾ ਲਗਾ ਕੇ ਫਰਾਰ ਹੋਇਆ ਮਾਲਕ
ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਤੇ ਗੁਰੂ ਨਾਨਕ ਮਿਸ਼ਨ ਚੌਕ ਤੋਂ ਲੈ ਕੇ ਮਾਡਲ ਟਾਊਨ ਰੋਡ ’ਤੇ ਰੋਜ਼ਾਨਾ ਜਾਮ ਲੱਗਦਾ ਹੈ। ਲੋਕ ਵਾਹਨਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ’ਚ ਫਸਣ ਲਈ ਮਜਬੂਰ ਹਨ। ਅਲੀ ਮੁਹੱਲਾ ’ਚ ਸੜਕਾਂ ’ਤੇ ਖੜ੍ਹੇ ਡੀਲਰਾਂ ਦੇ ਵਾਹਨ, ਭਗਵਾਨ ਵਾਲਮੀਕਿ ਚੌਕ ਦੇ ਆਲੇ-ਦੁਆਲੇ ਸੜਕਾਂ ’ਤੇ ਨਾਜਾਇਜ਼ ਕਬਜ਼ੇ, ਗੁਰੂ ਨਾਨਕ ਮਿਸ਼ਨ ਚੌਕ ’ਚ ਸਥਿਤ ਡੀ-ਮਾਰਟ ਵਾਲੀ ਸੜਕ ’ਤੇ ਪਾਰਕਿੰਗ, ਨਕੋਦਰ ਰੋਡ ’ਤੇ ਸੜਕ ਕੰਢੇ ਖੜ੍ਹੀਆਂ ਟਰਾਲੀਆਂ ਆਦਿ ਸਭ ਜਾਮ ਦਾ ਕਾਰਨ ਹਨ। ਹੈਰਾਨੀ ਦੀ ਗੱਲ ਹੈ ਕਿ ਸਿਵਲ ਹਸਪਤਾਲ ਨੂੰ ਆਉਣ-ਜਾਣ ਵਾਲੀ ਐਂਬੂਲੈਂਸ ਨੂੰ ਵੀ ਕਾਫੀ ਪ੍ਰੇਸ਼ਾਨੀ ਤੋਂ ਬਾਅਦ ਰਾਹ ਮਿਲ ਪਾਉਂਦਾ ਹੈ।
ਗੱਲ ਜੇਕਰ ਸ਼ਹੀਦ ਭਗਤ ਸਿੰਘ ਚੌਕ ਤੋਂ ਲੈ ਕੇ ਅੱਡਾ ਹੁਸ਼ਿਆਰਪੁਰ ਚੌਕ ਰੋਡ ਦੀ ਕਰੀਏ ਤਾਂ ਟਰੈਫਿਕ ਪੁਲਸ ਨੇ ਇਸ ਪਾਸੇ ਕਦੀ ਧਿਆਨ ਹੀ ਨਹੀਂ ਦਿੱਤਾ। ਇਸ ਸੜਕ ’ਤੇ ਖੁਦ ਦੁਕਾਨਦਾਰ ਦੁਕਾਨ ’ਚ ਮਾਲ ਛੱਡਣ ਆਏ ਹੈਵੀ ਵ੍ਹੀਕਲਜ਼ ਸੜਕ ’ਤੇ ਹੀ ਖੜ੍ਹੇ ਕਰ ਦਿੰਦੇ ਹਨ, ਜਿਸ ਕਾਰਨ ਲੰਮਾ ਜਾਮ ਲੱਗਿਆ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਹੀ ਨਗਰ ਨਿਗਮ ਤੇ ਟਰੈਫਿਕ ਪੁਲਸ ਨੇ ਸ਼੍ਰੀ ਰਾਮ ਚੌਕ ਤੋਂ ਲੈ ਕੇ ਬਸਤੀ ਅੱਡਾ ਚੌਕ ਰੋਡ ਤੋਂ ਕਬਜ਼ੇ ਹਟਵਾਏ ਸਨ ਪਰ ਹੁਣ ਉਸ ਤੋਂ ਵੀ ਕਿਤੇ ਜ਼ਿਆਦਾ ਕਬਜ਼ੇ ਦੁਬਾਰਾ ਹੋ ਚੁੱਕੇ ਹਨ। ਇਸ ਸਬੰਧੀ ਏ. ਡੀ. ਸੀ. ਪੀ. ਟਰੈਫਿਕ ਕੰਵਲਜੀਤ ਸਿੰਘ ਚਾਹਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਾਲ ਹੀ ’ਚ ਉਹ ਸੋਢਲ ਮੇਲੇ ਤੋਂ ਫ੍ਰੀ ਹੋਏ ਹਨ। ਉਹ ਖੁਦ ਉਕਤ ਸਾਰੇ ਪੁਆਇੰਟਾਂ ’ਤੇ ਜਾ ਕੇ ਗਰਾਊਂਡ ਲੈਵਲ ’ਤੇ ਚੈੱਕ ਕਰਨਗੇ, ਜਿਸ ਤੋਂ ਬਾਅਦ ਕਬਜ਼ੇ ਹਟਵਾਉਣ ਲਈ ਲਗਾਤਾਰ ਐਕਸ਼ਨ ਕੀਤਾ ਜਾਵੇਗਾ।
'ਖੇਡਾਂ ਵਤਨ ਪੰਜਾਬ ਦੀਆਂ' ਤਹਿਤ ਜ਼ਿਲ੍ਹਾ ਪੱਧਰੀ ਪਾਵਰਲਿਫਟਿੰਗ ਚੈਂਪੀਅਨਸ਼ਿਪ ਜਲੰਧਰ 'ਚ 19 ਸਤੰਬਰ ਨੂੰ
NEXT STORY