ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ)- ਇੱਥੋਂ ਕਰੀਬ 15 ਕਿਲੋਮੀਟਰ ਦੂਰ ਸਥਿਤ ਸਰਾਏਨਾਗਾ-ਬਰੀਵਾਲਾ ਰੋਡ ਸਥਿਤ 132 ਕੇ. ਵੀ ਬਿਜਲੀ ਗਰਿੱਡ ਨੂੰ ਅੱਜ ਅਚਾਨਕ ਅੱਗ ਲੱਗਣ ਕਾਰਨ ਬਿਜਲੀ ਦੀਅਾਂ ਤਾਰਾਂ ਸਡ਼ ਗਈਆਂ, ਜਿਸ ਕਰ ਕੇ ਮੰਡੀ ਬਰੀਵਾਲਾ ਅਤੇ ਸਰਾਏਨਾਗਾ ਖੇਤਰ ਦੀ ਸਪਲਾਈ ਠੱਪ ਹੋ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਮੌਕੇ ’ਤੇ ਮੌਜੂਦ ਜੇ. ਈ. ਮਹੇਸ਼ ਨੇ ਦੱਸਿਆ ਕਿ ਬਿਜਲੀ ਗਰਿੱਡ ਦੇ ਆਲੇ-ਦੁਆਲੇ ਉੱਗੀਆਂ ਝਾਡ਼ੀਆਂ ਨੂੰ ਅਚਾਨਕ ਅੱਗ ਲੱਗ ਗਈ ਅਤੇ ਚੱਲ ਰਹੀ ਤੇਜ਼ ਹਵਾ ਕਾਰਨ ਅੱਗ ਦੇਖਦੇ ਹੀ ਦੇਖਦੇ ਬਿਜਲੀ ਗਰਿੱਡ ਤੱਕ ਪਹੁੰਚ ਗਈ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਸ੍ਰੀ ਮੁਕਤਸਰ ਸਾਹਿਬ ਨੂੰ ਦਿੱਤੀ, ਜਿਸ ’ਤੇ ਫਾਇਰਮੈਨ ਸ਼ਮਸ਼ੇਰ ਸਿੰਘ ਦੀ ਅਗਵਾਈ ’ਚ ਗੁਰਪ੍ਰੀਤ ਸਿੰਘ ਹੈਲਪਰ ਤੇ ਸਤਿੰਦਰ ਸ਼ਰਮਾ ’ਤੇ ਅਧਾਰਿਤ ਟੀਮ ਵੱਲੋਂ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ ਗਿਆ।
ਪਾਵਰਕਾਮ ਵਿਭਾਗ ਦੇ ਜੇ. ਈ. ਮਹੇਸ਼ ਨੇ ਦੱਸਿਆ ਕਿ ਇਸ ਅੱਗ ਕਾਰਨ ਗਰਿੱਡ ਦੀ ਕੇਬਲ ਸਡ਼ ਗਈ ਅਤੇ ਮੰਡੀ ਬਰੀਵਾਲਾ ਅਤੇ ਸਰਾਏਨਾਗਾ ਖੇਤਰ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਉਕਤ ਗਰਿੱਡ ਨੂੰ ਕਰੀਬ 4 ਦਿਨ ਪਹਿਲਾਂ ਵੀ ਸਪਾਰਕਿੰਗ ਕਾਰਨ ਅੱਗ ਲੱਗ ਗਈ ਸੀ, ਜਿਸ ਨੂੰ ਕਾਫੀ ਮੁਸ਼ਕਲ ਦੇ ਨਾਲ ਬੁਝਾਇਆ ਗਿਆ ਸੀ। ਇਸ ਨਾਲ ਜਿੱਥੇ ਤਾਰਾਂ ਦਾ ਭਾਰੀ ਨੁਕਸਾਨ ਹੋਇਆ ਸੀ, ਉੱਥੇ ਹੀ ਆਸ-ਪਾਸ ਦੇ ਪਿੰਡਾਂ ’ਚ ਬਿਜਲੀ ਸਪਲਾਈ ਵੀ ਠੱਪ ਰਹੀ ਸੀ।
ਲੇਬਰ ਯੂਨੀਅਨ ਦੀਅਾਂ ਦੋ ਧਿਰਾਂ ਹੋਈਅਾਂ ਆਹਮੋ-ਸਾਹਮਣੇ
NEXT STORY