ਜਲੰਧਰ(ਬੁਲੰਦ)- ਆਮ ਆਦਮੀ ਪਾਰਟੀ ਨੇ ਸ਼ਾਹਕੋਟ ਉਪ ਚੋਣ ਵਿਚ ਭਾਵੇਂ ਕਈ ਵੱਡੇ ਬਿਆਨ ਦਿੱਤੇ ਹੋਣ ਪਰ ਜ਼ਮੀਨੀ ਹਕੀਕਤ ਵਿਚ ਪਾਰਟੀ ਪ੍ਰਚਾਰ ਵਿਚ ਤਾਂ ਫਾਡੀ ਰਹੀ ਹੀ, ਅੱਜ ਵੋਟਿੰਗ ਵਾਲੇ ਦਿਨ ਵੀ ਪਾਰਟੀ ਵਲੋਂ ਬੂਥ ਲਾਉਣ ਵਿਚ ਹੱਥ ਪਿੱਛੇ ਖਿੱਚਦਾ ਨਜ਼ਰ ਆਇਆ। ਪਾਰਟੀ ਵਲੋਂ ਪੋਲਿੰਗ ਬੂਥ ਲਾਏ ਹੀ ਨਹੀਂ ਗਏ, ਜਿਸ ਕਾਰਨ ਪੋਲਿੰਗ ਸੈਂਟਰਾਂ ਦੇ ਕੋਲ ਕਾਂਗਰਸ ਅਤੇ ਅਕਾਲੀ ਦਲ ਦਾ ਹੀ ਜੋਸ਼ ਵੇਖਣ ਨੂੰ ਮਿਲਿਆ। ਮਾਮਲੇ ਬਾਰੇ ਜਾਣਕਾਰਾਂ ਦੀ ਮੰਨੀਏ ਤਾਂ ਪਾਰਟੀ ਦੇ ਸਾਰੇ ਵੱਡੇ ਆਗੂ ਚੋਣ ਪ੍ਰਚਾਰ ਵਿਚ ਗਾਇਬ ਰਹੇ। ਭਗਵੰਤ ਮਾਨ, ਸੁਖਪਾਲ ਖਹਿਰਾ, ਅਮਨ ਅਰੋੜਾ ਆਦਿ ਆਮ ਆਦਮੀ ਪਾਰਟੀ ਦੇ ਸਾਰੇ ਮਹਾਰਥੀ ਚੋਣ ਪ੍ਰਚਾਰ ਵਿਚ ਸਰਗਰਮ ਨਜ਼ਰ ਨਹੀਂ ਆਏ। ਪਾਰਟੀ ਦੇ ਉਮੀਦਵਾਰ ਦੇ ਨਾਲ ਉਸ ਦੇ ਰਿਸ਼ਤੇਦਾਰ ਤੇ ਪਾਰਟੀ ਦੇ ਵਾਲੰਟੀਅਰ ਹੀ ਨਜ਼ਰ ਆਏ, ਜੋ ਅਸਲ ਵਿਚ 'ਆਪ' ਪਾਰਟੀ ਦੇ ਵਫਾਦਾਰ ਹਨ। ਜਿਥੇ ਇਕ ਪਾਸੇ ਕਾਂਗਰਸ ਵਲੋਂ ਖੁਦ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਤੇ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਨੇ ਸ਼ਾਹਕੋਟ ਵਿਚ ਡੇਰਾ ਲਾਈ ਰੱਖਿਆ, ਉਥੇ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਇਕ-ਅੱਧੀ ਵਾਰ ਹੀ ਸ਼ਾਹਕੋਟ ਪ੍ਰਚਾਰ ਲਈ ਗਏ ਹੋਣਗੇ। ਪਾਰਟੀ ਪ੍ਰਧਾਨ ਭਗਵੰਤ ਮਾਨ ਤਾਂ ਚੋਣ ਪ੍ਰਚਾਰ ਵਿਚ ਗਾਇਬ ਹੀ ਰਹੇ। ਪਾਰਟੀ ਵਲੋਂ ਮਾਨ ਦੇ ਛੁੱਟੀ ਮਨਾਉਣ ਦੀ ਗੱਲ ਕਹੀ ਜਾਂਦੀ ਰਹੀ। ਚੋਣ ਮਾਹਿਰਾਂ ਦੀ ਮੰਨੀਏ ਤਾਂ 'ਆਪ' ਪਾਰਟੀ ਦੇ ਉਮੀਦਵਾਰ ਲਈ ਆਪਣੀ ਜ਼ਮਾਨਤ ਤੱਕ ਬਚਾਉਣੀ ਮੁਸ਼ਕਲ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਸ਼ਾਹਕੋਟ ਤੋਂ 40 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ ਸਨ, ਜੋ ਇਸ ਵਾਰ ਕਾਫੀ ਘੱਟ ਹੋਣ ਦੀ ਸੰਭਾਵਨਾ ਬਣੀ ਹੋਈ ਹੈ।
ਉਥੇ ਸ਼ਾਹਕੋਟ ਵਿਚ ਪੋਲਿੰਗ ਬੂਥ ਨਾ ਲਾਏ ਜਾਣ ਦੇ ਕਾਰਨਾਂ ਬਾਰੇ ਪੁੱਛਣ 'ਤੇ ਪਾਰਟੀ ਦੇ ਮੀਡੀਆ ਸਕੱਤਰ ਆਤਮਾ ਪ੍ਰਕਾਸ਼ ਸਿੰਘ ਨੇ ਕਿਹਾ ਕਿ ਪਾਰਟੀ ਨੇ ਆਪਣੇ ਵਰਕਰ ਚੋਣ ਕੇਂਦਰਾਂ ਵਿਚ ਬਿਠਾਏ ਸਨ। ਬੂਥ ਇਸ ਲਈ ਨਹੀਂ ਲਾਏ ਕਿਉਂਕਿ ਚੋਣ ਪਰਚੀਆਂ ਤਾਂ ਲੋਕਾਂ ਨੂੰ ਪਹਿਲਾਂ ਹੀ ਮਿਲ ਚੁੱਕੀਆਂ ਸਨ।
ਚੰਨੀ ਦੇ ਬਿਆਨ ਵਿਚ ਕਾਂਗਰਸੀਆਂ ਨੂੰ ਨਜ਼ਰ ਆਈ ਸਿਆਸੀ ਸਾਜ਼ਿਸ਼
NEXT STORY