ਅੰਮ੍ਰਿਤਸਰ, (ਵੜੈਚ)- ਪਿਛਲੇ 20 ਸਾਲਾਂ ਤੋਂ ਆਵਾਰਾ ਪਸ਼ੂਆਂ ਤੇ ਡੇਅਰੀਆਂ ਦਾ ਲੋਕ ਕਹਿਰ ਝੱਲਣ ਲਈ ਮਜਬੂਰ ਹਨ। ਜੇਕਰ ਨਗਰ ਨਿਗਮ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਾ ਤੇ ਅਜਿਹੀ ਘਟਨਾ ਨਾ ਹੁੰਦੀ, ਜੋ ਕੁਝ ਦਿਨ ਪਹਿਲਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਵਾਪਰੀ। ਇਹ ਉਸ ਘਟਨਾਚੱਕਰ ਦੀਆਂ ਕੜੀਆਂ ਹਨ, ਜਿਨ੍ਹਾਂ 'ਚ ਨਵਜੋਤ ਸਿੰਘ ਸਿੱਧੂ 'ਤੇ ਇਕ ਸਾਨ੍ਹ ਨੇ ਘਾਤਕ ਹਮਲਾ ਕੀਤਾ ਸੀ। ਇਸ ਬਾਰੇ ਜਗ ਬਾਣੀ ਟੀਮ ਵੱਲੋਂ ਕੀਤੇ ਗਏ ਸਰਵੇਖਣ ਕਾਰਨ ਅਜਿਹੀਆਂ ਕਈ ਚੀਜ਼ਾਂ ਅੱਗੇ ਆਈਆਂ, ਜਿਨ੍ਹਾਂ 'ਚ ਪਸ਼ੂ ਮਾਫੀਆ ਕਿੰਨਾ ਭਾਰੀ ਹੁੰਦਾ ਹੈ ਕਿ ਸਰਕਾਰਾਂ ਉਸ ਦੇ ਸਾਹਮਣੇ ਬੇਵੱਸ ਹੋ ਚੁੱਕੀਆਂ ਹਨ।
ਪਸ਼ੂਆਂ ਦੇ ਨਾਂ 'ਤੇ ਮੰਗੀਆਂ ਜਾਂਦੀਆਂ ਹਨ ਵੋਟਾਂ
ਚੋਣਾਂ ਵੇਲੇ ਜਿਥੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੇ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ, ਪੈਸਾ, ਕੱਪੜੇ ਅਤੇ ਵਿਕਾਸ ਦੇ ਕਈ ਵਾਅਦੇ ਕਰਦੇ ਹਨ ਪਰ ਪਸ਼ੂਆਂ ਦਾ ਅੱਡਾ ਬਣੇ ਦੁਰਗਿਆਣਾ ਵਾਰਡ ਦੇ ਲੋਕ ਹਰ ਉਮੀਦਵਾਰ ਨੂੰ ਇਹ ਕਹਿੰਦੇ ਹਨ ਕਿ ਸਾਨੂੰ ਵਿਕਾਸ ਦੇ ਕੰਮ ਨਹੀਂ ਚਾਹੀਦੇ ਤੇ ਨਾ ਹੀ ਕੋਈ ਪੈਸਾ, ਸਿਰਫ ਡੰਗਰ ਹਟਾ ਦਿਓ ਤੇ ਵੋਟ ਲੈ ਜਾਓ। ਹਰ ਪਾਰਟੀ ਦਾ ਉਮੀਦਵਾਰ ਇਹੀ ਕਹਿੰਦਾ ਹੈ ਕਿ ਜੇਕਰ ਉਹ ਜਿੱਤ ਗਿਆ ਤਾਂ ਇਕ ਦਿਨ 'ਚ ਪਸ਼ੂਆਂ ਦਾ ਸਫਾਇਆ ਕਰ ਦੇਵੇਗਾ ਅਤੇ ਇਲਾਕੇ ਨੂੰ ਪਸ਼ੂ-ਮੁਕਤ ਬਣਾ ਦੇਵੇਗਾ ਪਰ ਜਿੱਤਣ ਉਪਰੰਤ ਪਸ਼ੂ ਮਾਫੀਆ ਦਾ ਇਸ ਤਰ੍ਹਾਂ ਦਾ ਚੱਕਰ ਚੱਲਦਾ ਹੈ ਕਿ ਉਮੀਦਵਾਰ ਇਸ ਇਲਾਕੇ ਦੇ ਨੇੜੇ ਤੱਕ ਨਹੀਂ ਫਟਕਦਾ। ਪਿਛਲੇ 20 ਸਾਲਾਂ ਤੋਂ ਹੋਈਆਂ ਲੋਕ ਸਭਾ, ਵਿਧਾਨ ਸਭਾ ਅਤੇ ਨਗਰ ਨਿਗਮ ਦੀਆਂ ਕਈ ਚੋਣਾਂ ਤੋਂ ਅੱਕ ਚੁੱਕੇ ਲੋਕ ਹੁਣ ਸ਼ਿਕਾਇਤ ਤੱਕ ਨਹੀਂ ਕਰਦੇ, ਜਿਸ ਕਰ ਕੇ ਪਸ਼ੂ ਮਾਫੀਆ ਹੁਣ ਆਪਣਾ ਹੱਕ ਸਮਝ ਚੁੱਕਾ ਹੈ, ਜਦਕਿ ਸ਼ਹਿਰੀ ਇਲਾਕੇ ਵਿਚ ਹਾਈ ਕੋਰਟ ਦੇ ਨਿਰਦੇਸ਼ ਹਨ ਕਿ ਪਸ਼ੂਆਂ ਨੂੰ ਸ਼ਹਿਰੀ ਇਲਾਕਿਆਂ ਤੋਂ ਦੂਰ ਰੱਖਿਆ ਜਾਵੇ।
ਇਹ ਹਨ ਇਲਾਕੇ
ਦੁਰਗਿਆਣਾ ਮੰਦਰ ਦੇ ਨਾਲ ਲੱਗਦੀ ਦੁਸਹਿਰਾ ਗਰਾਊਂਡ, ਬਗੀਚੀ ਹੀਰਾ ਲਾਲ, ਗਲੀ ਲਾਜਪਤ ਰਾਏ, ਗੋਲਬਾਗ, ਪਿੰਕ ਪਲਾਜ਼ਾ, ਲੋਹਗੜ੍ਹ ਗੇਟ, ਬਾਬਾ ਭੋੜੀ ਵਾਲਾ ਰੋਡ, ਟੈਂਕ ਚੌਕ, ਭਗਵਾਨ ਵਾਲਮੀਕਿ ਚੌਕ ਆਦਿ ਇਲਾਕੇ ਸ਼ਾਮਲ ਹਨ, ਜਿਥੇ ਭਾਰੀ ਗਿਣਤੀ 'ਚ ਲੋਕ ਰਹਿੰਦੇ ਹਨ ਤੇ ਕਾਲੋਨੀਆਂ ਬਣੀਆਂ ਹੋਈਆਂ ਹਨ।
ਅੱਜ ਵੀ ਬੇਖੌਫ ਘੁੰਮ ਰਹੇ ਹਨ ਪਸ਼ੂ
ਹੈਰਾਨੀਜਨਕ ਗੱਲ ਹੈ ਕਿ 2 ਦਿਨ ਪਹਿਲਾਂ ਜਿਥੇ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਸਾਨ੍ਹ ਤੋਂ ਵਾਲ-ਵਾਲ ਬਚੇ ਸਨ, ਉਥੇ ਅੱਜ ਵੀ ਉਸੇ ਤਰ੍ਹਾਂ ਪਸ਼ੂ ਫਿਰ ਰਹੇ ਹਨ ਅਤੇ ਕੋਈ ਵੀ ਨਗਰ ਨਿਗਮ ਦਾ ਸਟਾਫ ਉਥੇ ਦਿਖਾਈ ਨਹੀਂ ਦੇ ਰਿਹਾ।
ਇਲਾਕਾ ਨਿਵਾਸੀਆਂ ਨੇ ਕੀਤੀ ਸੀ ਬੁੰਗਨੀ ਦੀ ਪੇਸ਼ਕਸ਼
ਇਲਾਕਾ ਨਿਵਾਸੀਆਂ ਨੇ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ 'ਚ ਉਮੀਦਵਾਰਾਂ ਅੱਗੇ ਬੁੰਗਨੀਆਂ ਰੱਖ ਦਿੱਤੀਆਂ ਸਨ ਕਿ ਸਾਰਾ ਇਲਾਕਾ ਇਨ੍ਹਾਂ ਬੁੰਗਨੀਆਂ 'ਚ ਹਰ ਰੋਜ਼ ਪੈਸੇ ਪਾਏਗਾ। ਜਿੰਨੀ ਰਿਸ਼ਵਤ ਪਸ਼ੂ ਮਾਫੀਆ ਕੋਲੋਂ ਡੰਗਰ ਨਾ ਚੁੱਕਣ ਦੀ ਲਈ ਜਾਂਦੀ ਹੈ, ਉਸ ਤੋਂ ਦੁੱਗਣੀ ਉਹ ਪਸ਼ੂ ਹਟਾਉਣ ਲਈ ਦੇਣ ਨੂੰ ਤਿਆਰ ਹਨ। ਉਮੀਦਵਾਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਇਕ ਵੀ ਪਸ਼ੂ ਦਿਖਾਈ ਦਿੱਤਾ ਤਾਂ ਉਹ ਰਾਜਨੀਤੀ ਛੱਡ ਦੇਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੋਇਆ।
ਚਾਰੇ ਦੀ ਜਗ੍ਹਾ ਖੁਆਏ ਜਾਂਦੇ ਹਨ ਫ੍ਰੀ ਦੇ ਪਪੀਤੇ
ਆਮ ਤੌਰ 'ਤੇ ਜਿਥੇ ਲੋਕ ਜਾਨਵਰਾਂ ਨੂੰ ਖਲ, ਵੜੇਵੇਂ ਅਤੇ ਪੱਠੇ ਪਾਉਂਦੇ ਹਨ, ਉਥੇ ਪਸ਼ੂ ਮਾਫੀਆ ਇਨ੍ਹਾਂ ਜਾਨਵਰਾਂ ਨੂੰ ਫਰੂਟ ਮੰਡੀ 'ਚੋਂ ਗਲੇ-ਸੜੇ ਪਪੀਤੇ ਲਿਆ ਕੇ ਖੁਆਉਂਦੇ ਹਨ, ਜਿਸ ਕਾਰਨ ਇਹ ਜਾਨਵਰ ਗੋਬਰ ਕਰਨ ਦੀ ਜਗ੍ਹਾ ਪਤਲਾ ਸ਼ੀਰਾ ਛੱਡਦੇ ਹਨ, ਜੋ ਇਸ ਇਲਾਕੇ 'ਚ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ, ਜਿਸ ਦੀ ਬਦਬੂ ਨਾਲ ਇਸ ਇਲਾਕੇ ਦਾ ਮੱਛਰ ਇੰਨਾ ਵੱਧ ਚੁੱਕਾ ਹੈ ਕਿ ਲੋਕਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ।
ਕੋਈ ਮਕਾਨ ਲੈਣ ਨੂੰ ਤਿਆਰ ਨਹੀਂ ਹੈ ਇਨ੍ਹਾਂ ਇਲਾਕਿਆਂ 'ਚ
ਪਸ਼ੂਆਂ ਦੇ ਕਹਿਰ ਨੂੰ ਦੇਖ ਕੇ ਕੋਈ ਵੀ ਵਿਅਕਤੀ ਇਨ੍ਹਾਂ ਇਲਾਕਿਆਂ 'ਚ ਰਿਹਾਇਸ਼ੀ ਮਕਾਨ ਲੈਣ ਨੂੰ ਤਿਆਰ ਨਹੀਂ ਕਿਉਂਕਿ ਪਸ਼ੂਆਂ ਦੀ ਦਹਿਸ਼ਤ ਇੰਨੀ ਵੱਧ ਗਈ ਹੈ ਕਿ ਇਨ੍ਹਾਂ ਤੋਂ ਬਚਣਾ ਮੁਸ਼ਕਿਲ ਹੋ ਗਿਆ ਹੈ। ਇਥੋਂ ਤੱਕ ਕਿ ਗਲੀਆਂ ਅਤੇ ਗਰਾਊਂਡਾਂ 'ਚ ਰਹਿਣ ਵਾਲੇ ਲੋਕ ਕਈ ਵਾਰ ਇਨ੍ਹਾਂ ਪਸ਼ੂਆਂ ਹੱਥੋਂ ਜ਼ਖਮੀ ਹੋ ਚੁੱਕੇ ਹਨ ਅਤੇ ਲੜਦੇ-ਲੜਦੇ ਸਾਨ੍ਹ ਬਾਹਰ ਪਏ ਮੋਟਰਸਾਈਕਲ ਤੇ ਕਾਰਾਂ ਨੂੰ ਨਿੱਤ ਤੋੜਦੇ ਰਹਿੰਦੇ ਹਨ।
ਟਰੰਪ ਨੂੰ ਮਿਲਣ ਲਈ ਕਾਹਲੇ ਕਿਮ ਨੇ ਕੀਤਾ ਇਹ ਵੱਡਾ ਐਲਾਨ
NEXT STORY