ਫਤਿਹਗੜ੍ਹ ਸਾਹਿਬ(ਜਗਦੇਵ)-ਪੜ੍ਹੇ-ਲਿਖੇ ਨੌਜਵਾਨ ਕਿਸੇ ਵੀ ਕਿੱਤੇ ਦੀ ਸਿਖਲਾਈ ਹਾਸਲ ਕਰ ਕੇ ਨਾ ਕੇਵਲ ਆਪਣਾ ਰੋਜ਼ਗਾਰ ਸ਼ੁਰੂ ਕਰ ਸਕਦੇ ਹਨ ਸਗੋਂ ਹੋਰ ਕਈ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਸਮਰੱਥ ਵੀ ਹੋ ਸਕਦੇ ਹਨ। ਅਜਿਹੀ ਇਕ ਮਿਸਾਲ ਕਾਇਮ ਕੀਤੀ ਹੈ ਸਰਹਿੰਦ ਵਾਸੀ ਮਾਰਵਿਨ ਸੈਮਿਊਲ ਨੇ ਜਿਨ੍ਹਾਂ ਨੇ ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਤੋਂ ਟ੍ਰੇਨਿੰਗ ਹਾਸਲ ਕਰ ਕੇ ਗਾਰਮੈਂਟਸ ਮੈਨੂਫੈਕਚਰਿੰਗ ਦਾ ਕੰਮ ਸ਼ੁਰੂ ਕੀਤਾ। ਮਾਰਵਿਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਬੈਂਕ ਕਰਮਚਾਰੀ ਅਤੇ ਮਾਤਾ ਸਕੂਲ ਟੀਚਰ ਹਨ ਅਤੇ ਉਸ ਦੀ ਭਰਪੂਰ ਇੱਛਾ ਸੀ ਕਿ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਕਿਸੇ ਬੈਂਕ ਜਾਂ ਸਰਕਾਰੀ ਵਿਭਾਗ ਵਿਚ ਨੌਕਰੀ ਹਾਸਲ ਕਰੇ। ਇਸ ਲਈ ਬੀ. ਕਾਮ. ਕਰਨ ਤੋਂ ਬਾਅਦ ਉਸ ਨੇ ਬੈਂਕ ਅਤੇ ਹੋਰ ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਵਿਚ ਨੌਕਰੀ ਹਾਸਲ ਕਰਨ ਲਈ ਕਈ ਪੇਪਰ ਅਤੇ ਇੰਟਰਵਿਊ ਦਿੱਤੇ ਪਰ ਉਸ ਨੂੰ ਕਾਮਯਾਬੀ ਹਾਸਲ ਨਹੀਂ ਹੋਈ। ਉਸ ਨੇ ਦੱਸਿਆ ਕਿ ਲਗਾਤਾਰ ਦੋ ਸਾਲ ਦੇ ਸੰਘਰਸ਼ ਦੌਰਾਨ ਉਸ ਨੇ ਆਪਣੇ ਨਜ਼ਦੀਕੀ ਰਿਸ਼ਤੇਦਾਰ ਦੇ ਬੂਟੀਕ 'ਤੇ ਕੰਮ ਕੀਤਾ ਅਤੇ ਗਾਰਮੈਂਟਸ ਮੈਨੂਫੈਕਚਰਿੰਗ ਦਾ ਆਪਣਾ ਕੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ। ਸੈਮਿਊਲ ਨੇ ਦੱਸਿਆ ਕਿ ਘਰੇਲੂ ਜ਼ਿੰਮੇਵਾਰੀਆਂ ਅਤੇ ਪੈਸੇ ਦੀ ਘਾਟ ਕਾਰਨ ਕੰਮ ਸ਼ੁਰੂ ਕਰਨਾ ਉਸ ਲਈ ਸੰਭਵ ਨਹੀਂ ਸੀ ਹੋ ਰਿਹਾ। ਇਸ ਦੌਰਾਨ ਉਸ ਨੂੰ ਆਰਸੇਟੀ (ਦਿਹਾਤੀ ਸਵੈ-ਰੋਜ਼ਗਾਰ ਸਿਖਲਾਈ ਸੰਸਥਾ) ਬਾਰੇ ਜਾਣਕਾਰੀ ਹਾਸਲ ਹੋਈ ਅਤੇ ਇਸ ਸੰਸਥਾ ਰਾਹੀਂ ਪੜ੍ਹੇ-ਲਿਖ ਬੇਰੁਜ਼ਗਾਰਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਮੁਫਤ ਦਿੱਤੀ ਜਾਂਦੀ ਤਕਨੀਕੀ ਸਿਖਲਾਈ ਬਾਰੇ ਪਤਾ ਲੱਗਾ। ਉਸ ਨੇ ਸੰਸਥਾ ਦੇ ਡਾਇਰੈਕਟਰ ਨਾਲ ਆਪਣਾ ਗਾਰਮੈਂਟਸ ਮੈਨੂਫੈਕਚਰਿੰਗ ਦਾ ਕੰਮ ਸ਼ੁਰੂ ਕਰਨ ਅਤੇ ਇਸ ਵਿਚ ਪੇਸ਼ ਆਉਂਦੀਆਂ ਸਮੱਸਿਆਵਾਂ ਬਾਰੇ ਦੱਸਿਆ। ਮਾਰਵਿਨ ਨੇ ਦੱਸਿਆ ਕਿ ਆਰਸੇਟੀ ਦੇ ਡਾਇਰੈਕਟਰ ਨਾਲ ਸਲਾਹ ਕਰ ਕੇ ਆਰਸੇਟੀ ਤੋਂ ਗਾਰਮੈਂਟਸ ਮੈਨੂਫੈਕਚਰਿੰਗ ਦੀ ਸਿਖਲਾਈ ਲਈ ਅਤੇ ਸਿਖਲਾਈ ਪੂਰੀ ਕਰਨ ਉਪਰੰਤ ਉਸ ਨੇ 'ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮ' ਅਧੀਨ ਕਰਜ਼ਾ ਲੈਣ ਲਈ ਅਰਜ਼ੀ ਦਿੱਤੀ। ਇਸ ਸਕੀਮ ਅਧੀਨ 9 ਲੱਖ 33 ਹਜ਼ਾਰ ਰੁਪਏ ਦਾ ਕਰਜ਼ਾ ਲੈ ਕੇ ਆਪਣੇ ਕੰਮ ਦੀ ਸ਼ੁਰੂਆਤ ਕੀਤੀ। ਉਸ ਨੇ ਦੱਸਿਆ ਕਿ ਇਸ ਕਰਜ਼ੇ ਦੀ ਰਕਮ 'ਤੇ ਉਸ ਨੂੰ 35 ਫੀਸਦੀ ਸਬਸਿਡੀ ਵੀ ਹਾਸਲ ਹੋਈ ਹੈ। ਆਪਣੇ ਕੰਮ ਬਾਰੇ ਹੋਰ ਜਾਣਕਾਰੀ ਦਿੰਦਿਆਂ ਮਾਰਵਿਨ ਨੇ ਦੱਸਿਆ ਕਿ ਉਸ ਨੇ ਗਾਰਮੈਂਟਸ ਮੈਨੂਫੈਕਚਰਿੰਗ ਦੀ ਸ਼ੁਰੂਆਤ ਤਿੰਨ ਮਸ਼ੀਨਾਂ ਲਗਾ ਕੇ ਕੀਤੀ ਸੀ ਅਤੇ ਹੁਣ ਉਸ ਕੋਲ 5 ਮਸ਼ੀਨਾਂ ਹਨ ਅਤੇ ਅਗਲੇ ਮਹੀਨੇ ਤੱਕ ਤਿੰਨ ਹੋਰ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ। ਉਸ ਨੇ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਵਿਚ ਘੱਟੋ-ਘੱਟ 22 ਹਜ਼ਾਰ ਅਤੇ ਵੱਧ ਤੋਂ ਵੱਧ ਇਕ ਲੱਖ ਰੁਪਏ ਦੀ ਮਸ਼ੀਨ ਹੈ। ਉਸ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਕੱਚਾ ਮਾਲ ਲੈ ਕੇ ਟੀ- ਸ਼ਰਟਾਂ ਤਿਆਰ ਕਰ ਕੇ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਵਿਚ ਆਰਡਰ 'ਤੇ ਸਪਲਾਈ ਕਰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਮਾਲ ਦੀ ਇਕ ਮਹੀਨੇ ਵਿਚ ਲਗਭਗ ਇਕ ਲੱਖ ਤੋਂ ਡੇਢ ਲੱਖ ਰੁਪਏ ਦੀ ਸੇਲ ਹੋ ਜਾਂਦੀ ਹੈ ਜਿਸ ਨੂੰ ਉਹ ਆਪਣੇ ਕੰਮ ਦੇ ਵਿਸਥਾਰ ਵਿਚ ਲਗਾ ਰਿਹਾ। ਉਸ ਮੁਤਾਬਕ ਉਸ ਵੱਲੋਂ ਤਿਆਰ ਕੀਤੇ ਗਏ ਮਾਲ ਦੀ ਗੁਣਵੱਤਾ ਅਤੇ ਖਰੀਦਦਾਰ ਨੂੰ ਸਮੇਂ ਸਿਰ ਆਰਡਰ ਪੂਰਾ ਕਰ ਕੇ ਦੇਣਾ ਹੀ ਉਸ ਦੀ ਕਾਮਯਾਬੀ ਦਾ ਆਧਾਰ ਹੈ। ਉਸ ਨੇ ਦੱਸਿਆ ਕਿ ਖਰੀਦਦਾਰਾਂ ਦੀ ਮੰਗ 'ਤੇ ਟੀ-ਸ਼ਰਟਾਂ 'ਤੇ ਪਿੰ੍ਰਟਿੰਗ ਕਰਨ ਲਈ ਭਵਿੱਖ ਵਿਚ ਪ੍ਰਿੰਟਿੰਗ ਯੂਨਿਟ ਲਗਾਉਣ ਦੀ ਵੀ ਯੋਜਨਾ ਹੈ। ਉਸ ਨੇ ਦੱਸਿਆ ਕਿ ਉਹ ਬੈਂਕ ਤੋਂ ਲਏ ਗਏ ਕਰਜ਼ੇ ਦੀ ਕਿਸ਼ਤ ਵੀ ਹਰ ਮਹੀਨੇ ਨਿਯਮਤ ਤੌਰ 'ਤੇ ਭਰ ਰਿਹਾ ਹੈ। ਮਾਰਵਿਨ ਸੈਮਿਊਲ ਨੇ ਦੱਸਿਆ ਕਿ ਉਸ ਦੀ ਕੋਸ਼ਿਸ਼ ਹੈ ਕਿ ਭਵਿੱਖ ਵਿਚ ਉਸ ਦੇ ਮੈਨੂਫੈਕਚਰਿੰਗ ਯੂਨਿਟ ਵਿਚ 500 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਹਾਸਲ ਹੋ ਸਕੇ। ਉਸ ਨੇ ਪੜ੍ਹੇ-ਲਿਖੇ ਬੇਰੋਜ਼ਗਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਨੌਕਰੀਆਂ ਪਿਛੇ ਭੱਜਣ ਦੀ ਬਜਾਏ ਆਪਣਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ। ਸਰਕਾਰ ਵੱਲੋਂ ਵੱਖ-ਵੱਖ ਕਿੱਤਿਆਂ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਬੈਂਕਾਂ ਵੱਲੋਂ ਸਵੈ-ਰੋਜ਼ਗਾਰ ਸਕੀਮ ਅਧੀਨ ਕਰਜ਼ੇ ਵੀ ਮੁਹੱਈਆ ਕਰਵਾਏ ਜਾਂਦੇ ਹਨ। ਇਸ ਲਈ ਕਿਸੇ ਹੋਰ ਦੇ ਅਧੀਨ ਨੌਕਰੀ ਕਰਨ ਤੋਂ ਬਿਹਤਰ ਆਪਣੀ ਪਸੰਦ ਦਾ ਕੰਮ ਸ਼ੁਰੂ ਕਰ ਕੇ ਆਪਣੇ ਮਾਲਕ ਆਪ ਬਣਨਾ ਚਾਹੀਦਾ ਹੈ।
ਵਿਦਿਆਰਥਣਾਂ ਦੇ ਸ਼ੋਸ਼ਣ ਦੇ ਵਿਰੋਧ 'ਚ ਆਏ ਪਾਕਿਸਤਾਨੀ ਕਲਾਕਾਰ
NEXT STORY