ਜਲੰਧਰ (ਖੁਰਾਣਾ)— ਵਿੱਤੀ ਸੰਕਟ ਨਾਲ ਜੂਝ ਰਹੇ ਜਲੰਧਰ ਨਗਰ ਨਿਗਮ ਵਿਚ ਹੁਣ ਅਫਸਰਸ਼ਾਹੀ ਅਤੇ ਰਾਜਸੀ ਆਗੂਆਂ 'ਚ ਅਣ-ਬਣ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਪਰ ਇਨ੍ਹੀਂ ਦਿਨੀਂ ਮੇਅਰ ਜਗਦੀਸ਼ ਰਾਜ ਰਾਜਾ, ਕਮਿਸ਼ਨਰ ਡਾ. ਬਸੰਤ ਗਰਗ ਨਾਲ ਨਾਰਾਜ਼ ਦਿਸ ਰਹੇ ਹਨ।
ਇਸ ਦਾ ਖੁਲਾਸਾ ਉਸ ਸਮੇਂ ਹੋਇਆ, ਜਦੋਂ ਮੇਅਰ ਨੇ ਅੱਜ ਇਕ ਤੋਂ ਬਾਅਦ ਇਕ ਕਮਿਸ਼ਨਰ ਨੂੰ ਲਗਾਤਾਰ 4 ਚਿੱਠੀਆਂ ਲਿਖ ਦਿੱਤੀਆਂ ਅਤੇ ਉਨ੍ਹਾਂ ਚਿੱਠੀਆਂ ਦੀ ਭਾਸ਼ਾ ਵੀ ਤਲਖ ਵਾਲੀ ਸੀ।
ਪਹਿਲੀ ਚਿੱਠੀ ਵਿਚ ਮੇਅਰ ਨੇ ਕਮਿਸ਼ਨਰ ਨੂੰ ਲਿਖਿਆ ਕਿ ਉਨ੍ਹਾਂ ਦੀ ਜਾਣਕਾਰੀ ਅਨੁਸਾਰ ਦਿਨ ਕਾਫੀ ਚੜ੍ਹ ਜਾਣ ਤੋਂ ਬਾਅਦ ਵੀ ਸਟ੍ਰੀਟ ਲਾਈਟਾਂ ਜਗਦੀਆਂ ਰਹਿੰਦੀਆਂ ਹਨ। ਇਸ ਬਾਰੇ 17 ਮਈ ਨੂੰ ਵੀ ਚਿੱਠੀ ਲਿਖੀ ਗਈ ਸੀ ਪਰ ਇਸਦੇ ਬਾਵਜੂਦ ਵਾਰਡ 24 ਅਤੇ 49 ਤੋਂ ਦਿਨ ਦੇ ਸਮੇਂ ਜਗਦੀਆਂ ਲਾਈਟਾਂ ਬਾਰੇ ਸ਼ਿਕਾਇਤਾਂ ਆਈਆਂ। ਵਾਰਡ 48 ਵਿਚ ਮੌਕਾ ਦੇਖਣ 'ਤੇ ਦਿਨ ਵੇਲੇ ਲਾਈਟਾਂ ਜਗਦੀਆਂ ਪਾਈਆਂ ਗਈਆਂ। ਮੇਅਰ ਨੇ ਕਮਿਸ਼ਨਰ ਨੂੰ ਕਿਹਾ ਕਿ ਹੁਣ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਠੇਕੇਦਾਰ ਜਾਂ ਕਰਮਚਾਰੀ 'ਤੇ ਸਖਤੀ ਕੀਤੀ ਜਾਵੇ ਤੇ ਇਸ ਬਾਰੇ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ।
ਦੂਜੀ ਚਿੱਠੀ ਵਿਚ ਮੇਅਰ ਨੇ ਕਮਿਸ਼ਨਰ ਨੂੰ ਸ਼ਹਿਰ ਦੇ ਸਾਰੇ ਪਾਰਕਾਂ ਅਤੇ ਗ੍ਰੀਨ ਬੈਲੇਟਾਂ ਵਿਚ ਲੱਗੇ ਫੁਆਰਿਆਂ ਤੇ ਟਿਊਬਵੈੱਲਾਂ ਦਾ ਸਟੇਟਸ ਮੰਗਿਆ ਹੈ। ਇਨ੍ਹਾਂ ਦਾ ਮਨਜ਼ੂਰਸ਼ੁਦਾ ਲੋਡ ਅਤੇ ਬਿਜਲੀ ਦੇ ਖਰਚੇ ਬਾਰੇ 3 ਦਿਨਾਂ 'ਚ ਜਾਣਕਾਰੀ ਮੁਹੱਈਆ ਕਰਵਾਉਣ ਨੂੰ ਕਿਹਾ ਗਿਆ ਹੈ। ਤੀਜੀ ਚਿੱਠੀ 'ਚ ਮੇਅਰ ਨੇ ਕਮਿਸ਼ਨਰ ਕੋਲੋਂ ਜ਼ੋਨ ਵਾਈਜ਼ ਸਾਰੇ ਟਿਊਬਵੈੱਲਾਂ ਦਾ ਵੇਰਵਾ ਮੰਗਿਆ ਹੈ। ਕਿੰਨੇ ਚੱਲ ਰਹੇ ਹਨ, ਕਿੰਨੇ ਬੰਦ ਹਨ,ਕਿੰਨੇ ਪਾਵਰ ਦੀ ਮੋਟਰ ਲੱਗੀ, ਕਿੰਨਾ ਲੋਡ ਮਨਜ਼ੂਰ ਹੈ, ਕਿੰਨਾ ਬਿੱਲ ਦਿੱਤਾ ਜਾ ਰਿਹਾ ਹੈ। ਪੂਰੀ ਸੂਚਨਾ ਤੁਰੰਤ ਦੇਣ ਲਈ ਕਿਹਾ ਗਿਆ ਹੈ।
ਮੇਅਰ ਵੱਲੋਂ ਕਮਿਸ਼ਨਰ ਨੂੰ ਲਿਖੀ ਗਈ ਚੌਥੀ ਚਿੱਠੀ ਸ਼ਹਿਰ ਦੇ ਚੌਰਾਹਿਆਂ, ਡਿਵਾਈਡਰਾਂ ਅਤੇ ਗ੍ਰੀਨ ਬੈਲੇਟਾਂ 'ਤੇ ਲੱਗੇ ਇਸ਼ਤਿਹਾਰਾਂ ਬਾਰੇ ਹੈ। ਕਈ ਜਗ੍ਹਾ ਕੰਪਨੀ ਵੱਲੋਂ ਦੂਜੀ ਕੰਪਨੀ ਦੇ ਇਸ਼ਤਿਹਾਰ ਲਗਾਏ ਜਾ ਰਹੇ ਹਨ, ਜੋ ਗੈਰ-ਕਾਨੂੰਨੀ ਹਨ। ਤਿੰਨ ਦਿਨਾਂ ਵਿਚ ਰਿਪੋਰਟ ਮੰਗੀ ਗਈ ਹੈ ਕਿ ਕਿਸ ਨੂੰ ਸੰਚਾਲਨ ਦਾ ਜ਼ਿੰਮਾ ਦਿੱਤਾ ਗਿਆ ਹੈ। ਕੀ ਸਾਰੇ ਇਸ਼ਤਿਹਾਰ ਸਹੀ ਲੱਗੇ ਹਨ। ਇਸ ਦੀ ਪੂਰੀ ਰਿਪੋਰਟ ਤਿੰਨ ਦਿਨਾਂ ਵਿਚ ਮੰਗੀ ਗਈ ਹੈ। ਉਸ ਤੋਂ ਬਾਅਦ ਮੇਅਰ ਵੱਲੋਂ ਰਿਪੋਰਟ ਨੂੰ ਮੌਕੇ 'ਤੇ ਜਾ ਕੇ ਚੈੱਕ ਕੀਤਾ ਜਾਵੇਗਾ।
ਬਾਵਾ ਹੈਨਰੀ ਅਤੇ ਮੇਅਰ 'ਚ ਹੋਈ ਲੰਮੀ ਬੈਠਕ : ਵਿਧਾਇਕ ਬਾਵਾ ਹੈਨਰੀ ਨੇ ਸੋਮਵਾਰ ਨਿਗਮ ਆਫਿਸ ਵਿਚ ਮੇਅਰ ਜਗਦੀਸ਼ ਰਾਜਾ ਦੇ ਨਾਲ ਕਰੀਬ 2 ਘੰਟੇ ਲੰਮੀ ਬੈਠਕ ਕੀਤੀ, ਜਿਸ ਦੌਰਾਨ ਨਿਗਮ ਕਮਿਸ਼ਨਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਰਹੇ। ਬੈਠਕ ਦੌਰਾਨ ਲੰਮਾ ਪਿੰਡ ਇਲਾਕੇ ਦੀ ਗੰਦੇ ਪਾਣੀ ਦੀ ਸਮੱਸਿਆ ਅਤੇ ਉੱਤਰੀ ਵਿਧਾਨ ਸਭਾ ਹਲਕੇ ਨਾਲ ਸਬੰਧਤ ਕਈ ਵਿਕਾਸ ਕਾਰਜਾਂ 'ਤੇ ਚਰਚਾ ਹੋਈ।
ਡਾਗ ਕੰਪਾਊਂਡ ਦੇ ਟੈਂਡਰ ਨਹੀਂ ਖੁੱਲ੍ਹਣਗੇ : ਜ਼ਿਲਾ ਚੋਣ ਅਧਿਕਾਰੀ ਅਤੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ ਨਿਗਮ ਨੂੰ ਡਾਗ ਕੰਪਾਊਂਡ ਦੇ ਟੈਂਡਰ ਕੋਡ ਆਫ ਕੰਡਕਟ ਤੋਂ ਬਾਅਦ ਖੋਲ੍ਹਣ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਨਿਗਮ ਨੇ ਇਸ ਨੂੰ ਜ਼ਰੂਰੀ ਕੰਮ ਦਸਦਿਆਂ ਟੈਂਡਰ ਖੋਲ੍ਹਣ ਦੀ ਇਜਾਜ਼ਤ ਦੇਣ ਸਬੰਧੀ ਡੀ. ਸੀ. ਨੂੰ ਚਿੱਠੀ ਲਿਖੀ ਸੀ, ਜਿਸ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ।
ਕਾਰ ਅਤੇ ਡੰਪਰ ਦੀ ਟੱਕਰ 'ਚ 3 ਦੋਸਤਾਂ ਦੀ ਮੌਤ
NEXT STORY