ਮੋਗਾ, (ਆਜ਼ਾਦ)- ਮੋਗਾ ਨੇਡ਼ਲੇ ਪਿੰਡ ਧੂਡ਼ਕੋਟ ਟਾਹਲੀ ਵਾਲਾ ਵਿਖੇ ਮਾਮੂਲੀ ਰੰਜਿਸ਼ ਦੇ ਚੱਲਦਿਆ ਮੰਗਲ ਸਿੰਘ ਨੂੰ ਪਿੰਡ ਦੇ ਹੀ ਇਕ ਵਿਅਕਤੀ ਵੱਲੋਂ ਗੋਲੀ ਮਾਰ ਕੇ ਜ਼ਖਮੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਵੇਖਦਿਆ ਲੁਧਿਆਣਾ ਰੈਫਰ ਕਰ ਦਿੱਤਾ। ਗੋਲੀ ਚੱਲਣ ਦੀ ਘਟਨਾ ਦਾ ਪਤਾ ਲੱਗਣ ’ਤੇ ਥਾਣਾ ਅਜੀਤਵਾਲ ਦੇ ਮੁੱਖ ਅਫਸਰ ਇੰਸਪੈਕਟਰ ਪਲਵਿੰਦਰ ਸਿੰਘ, ਸਹਾਇਕ ਥਾਣੇਦਾਰ ਮੇਜਰ ਸਿੰਘ ਪੁਲਸ ਪਾਰਟੀ ਸਹਿਤ ਮੌਕੇ ’ਤੇ ਪੁੱਜੇ ਅਤੇ ਜਾਂਚ ਤੋਂ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ।
ਇੰਸਪੈਕਟਰ ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸਰਬਜੀਤ ਸਿੰਘ ਸਰਬਾ ਦਾ ਆਪਣੇ ਪਿਤਾ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲਦਾ ਸੀ ਅਤੇ ਉਸਨੇ ਮੰਗਲ ਸਿੰਘ ਨੂੰ ਕਿਹਾ ਕਿ ਉਹ ਮੇਰੇ ਪਿਤਾ ਕੋਲੋਂ ਮੈਨੂੰ ਜ਼ਮੀਨ ਲੈ ਕੇ ਦੇਵੇਂ। ਮੰਗਲ ਸਿੰਘ ਨੇ ਉਸਨੂੰ ਕਿਹਾ ਕਿ ਉਹ ਤੇਰੇ ਪਿਤਾ ਨਾਲ ਗੱਲਬਾਤ ਕਰੇਗਾ, ਜਿਸ ਕਾਰਨ ਉਹ ਮੰਗਲ ਸਿੰਘ ਨਾਲ ਰੰਜਿਸ਼ ਰੱਖਣ ਲੱਗਾ। ਅੱਜ ਜਦੋਂ ਮੰਗਲ ਸਿੰਘ ਆਪਣੇ ਘਰ ਮੌਜੂਦ ਸੀ ਤਾਂ ਸਰਬਜੀਤ ਸਿੰਘ ਸਰਬਾ ਉਥੋ ਆਇਆ ਅਤੇ ਉਸਨੇ 315 ਬੋਰ ਦੇਸੀ ਪਿਸਤੌਲ ਨਾਲ ਉਸ ’ਤੇ ਗੋਲੀ ਚਲਾ ਦਿੱਤੀ, ਜੋ ਉਸਦੀ ਬਾਂਹ ’ਚ ਵੱਜੀ ਅਤੇ ਉੱਥੋ ਫਰਾਰ ਹੋ ਗਿਆ।
ਗੋਲੀ ਦੀ ਆਵਾਜ਼ ਸੁਣ ਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਤੇ ਪਿੰਡ ਦੇ ਲੋਕ ਆ ਗਏ, ਜਿਨ੍ਹਾਂ ਮੰਗਲ ਸਿੰਘ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਪਹੁੰਚਾਇਆ। ਥਾਣਾ ਮੁੱਖੀ ਨੇ ਕਿਹਾ ਕਿ ਦੋਸ਼ੀ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਿਸਦੇ ਕਾਬੂ ਆਉਣ ’ਤੇ ਹੀ ਪਤਾ ਲੱਗ ਸਕੇਗਾ ਕਿ ਉਕਤ ਦੇਸੀ ਪਿਸਤੌਲ ਉਹ ਕਿੱਥੋ ਲੈ ਕੇ ਆਇਆ ਸੀ ਅਤੇ ਕਿਓ ਗੋਲੀ ਚਲਾਈ ਹੈ। ਦੋਸ਼ੀਆਂ ਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ। ਇਸ ਸਬੰਧ ਵਿਚ ਮਹਿਣਾ ਪੁਲਸ ਵੱਲੋਂ ਚਰਨਜੀਤ ਕੌਰ ਪਤਨੀ ਮੰਗਲ ਸਿੰਘ ਦੇ ਬਿਆਨਾਂ ’ਤੇ ਸਰਬਜੀਤ ਸਿੰਘ ਸਰਬਾ ਪੁੱਤਰ ਨਛੱਤਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਦਾਜ ਮੰਗਣ ਦੇ ਦੋਸ਼ 'ਚ ਪਤੀ ਨਾਮਜ਼ਦ
NEXT STORY