ਝਬਾਲ/ ਬੀੜ ਸਾਹਿਬ, (ਲਾਲੂਘੁੰਮਣ,ਬਖਤਾਵਰ)—ਗ੍ਰਾਮ ਪੰਚਾਇਤ ਝਬਾਲ ਪੁੱਖਤਾ ਦੀ ਦਲਿਤ ਬਸਤੀ ਦੇ ਬਹੁਗਿਣਤੀ ਲੋਕ ਇਸ ਸਮੇਂ ਭਿਆਨਕ ਬਿਮਾਰੀਆਂ ਦੀ ਜ਼ਕੜ 'ਚ ਹਨ। ਬਿਮਾਰੀਆਂ ਦੀ ਗ੍ਰਿਫਤ 'ਚ ਆਉਣ ਦਾ ਕਾਰਨ, ਪਿੱਛਲੇ ਦਹਾਕਿਆਂ ਤੋਂ ਮਜ਼ਬੂਰੀ ਕਾਰਨ ਦੂਸ਼ਿਤ ਪਾਣੀ ਪੀਣਾ ਦੱਸਿਆ ਜਾ ਰਿਹਾ ਹੈ। 'ਜਗ ਬਾਣੀ' ਵੱਲੋਂ ਇਸ ਦਲਿਤ ਬਸਤੀ ਦੇ ਕੀਤੇ ਗਏ ਸਰਵੇਖਣ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਇਸ ਬਸਤੀ 'ਚ ਕਾਲਾ ਪੀਲੀਆ, ਕੈਂਸਰ, ਏਡਜ਼ ਅਤੇ ਟੀ. ਬੀ. ਸਮੇਤ ਟਾਇਫਾਇਡ ਬੁਖਾਰ, ਦੰਦਾ ਅਤੇ ਅੰਤੜੀਆਂ ਦੀਆਂ ਬਿਮਾਰੀਆਂ ਨਾਲ ਲੋਕ ਗ੍ਰਸਤ ਹਨ । ਇਸ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਕਦੇ ਵੀ ਕੋਈ ਵੱਡੀ ਮੁਹਿੰਮ ਚਲਾ ਕੇ ਇਸ ਬਸਤੀ ਦੇ ਲੋਕਾਂ ਨੂੰ ਜਾਗਰੂਕ ਕਰਨ ਜਾਂ ਸਰਵੇ ਨਾ ਕਰਨ ਦੇ ਦੋਸ਼ ਬਸਤੀ ਵਾਸੀਆਂ ਨੇ ਲਾਏ ਹਨ। ਅੰਕੜਿਆਂ ਦੀ ਜੁਬਾਨੀ ਇਸ ਵਿਹੜੇ ਦੇ 60 ਫੀਸਦੀ ਲੋਕ ਕਾਲਾ ਪੀਲੀਆ ਤੋਂ ਪ੍ਰਭਾਵਿਤ ਹਨ, ਜਦ ਕਿ ਬਹੁ ਗਿਣਤੀ ਲੋਕ ਟੀ. ਬੀ. ਵਰਗੀ ਬਿਮਾਰੀ ਦੇ ਸ਼ਿਕਾਰ ਹਨ। ਇੱਥੇ ਹੀ ਬਸ ਨਹੀਂ ਕੈਂਸਰ ਅਤੇ ਐੱਚ. ਆਈ. ਵੀ. ਤੋਂ ਪ੍ਰਭਾਵਿਤ ਲੋਕ ਵੀ ਇਸ ਵਿਹੜੇ ਦੀ ਵਸੋਂ ਦਾ ਹਿੱਸਾ ਹਨ। ਪਿੰਡ ਦੇ ਸਰਪੰਚ ਗੁਰਦੀਪ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ, ਗੁਰਿੰਦਰ ਸਿੰਘ ਉਰਫ ਗਿੰਦਰ ਸਰਪੰਚ, ਨੰਬਰਦਾਰ ਹਰਬੰਸ ਸਿੰਘ, ਕਾਂਗਰਸੀ ਆਗੂ ਨਿੱਪੀ ਸੂਦ, ਬਾਬਾ ਗੁਰਨਾਮ ਸਿੰਘ ਸੱਲੋ, ਮੈਂਬਰ ਪੰਚਾਇਤ ਕਰਮ ਸਿੰਘ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਦਹਾਕਿਆਂ ਤੋਂ ਇਸ ਬਸਤੀ ਦੇ ਲੋਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਟੈਂਕੀ ਵਾਲੀ ਸਹੂਲਤ ਬੰਦ ਹੋਣ ਕਾਰਨ ਸ਼ੁੱਧ ਪਾਣੀ ਵੀ ਨਹੀਂ ਮਿਲ ਰਿਹਾ ਹੈ। ਗਰੀਬੀ ਦੀ ਹਾਲਤ 'ਚ ਇਸ ਵਿਹੜੇ ਦੇ ਬਹੁ ਗਿਣਤੀ ਲੋਕ ਘਰਾਂ 'ਚ ਡੂੰਘੇ ਬੋਰਾਂ ਵਾਲੇ ਸਬਮਰਸੀਬਲ ਪੰਪ ਲਾਉਣ ਤੋਂ ਅਸਮਰਥ ਹਨ, ਜਿਸ ਕਰਕੇ ਹਾਲੇ ਵੀ ਇਸ ਬਸਤੀ ਦੇ ਲੋਕ ਘਰਾਂ 'ਚ ਲੱਗੇ ਪੁਰਾਣੇ ਹੈਂਡ ਪੰਪਾਂ (ਨਲਕਿਆਂ) ਦਾ ਪਾਣੀ-ਪੀਣ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਨਲਕਿਆਂ ਦਾ ਪਾਣੀ ਇੰਨਾ ਦੂਸ਼ਿਤ ਹੈ ਕਿ ਦੁਰਗੰਦ ਮਾਰਦਾ ਹੈ। ਉਕਤ ਲੋਕਾਂ ਨੇ ਹਲਕਾ ਵਿਧਾਇਕ ਤੋਂ ਮੰਗ ਕਰਦਿਆਂ ਕਿਹਾ ਕਿ ਬੰਦ ਪਈ ਪਾਣੀ ਵਾਲੀ ਟੈਂਕੀ ਦੇ ਸਪਲਾਈ ਪਾਇਪਾਂ ਨੂੰ ਨਵੇਂ ਸਿਰੇ ਤੋਂ ਪੁਆ ਕੇ ਟੈਂਕੀ ਚਾਲੂ ਕਰਾ ਕੇ ਲੋਕਾਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਾਈ ਜਾਵੇ, ਤਾਂ ਜੋ ਬਾਕੀ ਦੇ ਲੋਕ ਬਿਮਾਰੀਆਂ ਦੀ ਜਕੜ 'ਚ ਆਉਣ ਤੋਂ ਬਚ ਸਕਣ।
ਦਰਜ਼ਨਾਂ ਲੋਕਾਂ ਦੀ ਬਿਮਾਰੀਆਂ ਕਾਰਨ ਹੋ ਚੁਕੀ ਹੈ ਮੌਤ : ਪਿੰਡ ਵਾਸੀ
ਪਿੰਡ ਦੇ ਸਰਪੰਚ ਗੁਰਦੀਪ ਸਿੰਘ ਅਤੇ ਸਾਬਕਾ ਸਰਪੰਚ ਬਲਦੇਵ ਸਿੰਘ ਪੱਟੂ ਅਨੁਸਾਰ ਇਸ ਵਿਹੜੇ ਦੇ ਦਰਜ਼ਨਾਂ ਗਰੀਬ ਲੋਕ ਭਿਆਨਕ ਬਿਮਾਰੀਆਂ ਕਾਰਨ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁਲਵੰਤ ਸਿੰਘ, ਸੁਖਵਿੰਦਰ ਸਿੰਘ, ਕਰਨੈਲ ਸਿੰਘ, ਰਾਜ ਕੁਮਾਰ, ਸਰਦੂਲ ਸਿੰਘ ਅਤੇ ਸਾਹਬ ਸਿੰਘ ਦੀ ਜਿੱਥੇ ਕਾਲਾ ਪੀਲੀਆ ਕਾਰਨ ਪਿੱਛਲੇ ਸਮੇਂ ਮੌਤ ਹੋ ਚੁੱਕੀ ਹੈ ਉੱਥੇ ਹੀ ਜਗਤਾਰ ਸਿੰਘ, ਸੁਖਦੇਵ ਸਿੰਘ, ਕੁਲਵਿੰਦਰ ਸਿੰਘ, ਅਰਜਨ ਸਿੰਘ, ਰਵੀ ਸਿੰਘ ਅਤੇ ਹੋਰਨਾਂ ਵੀ ਟੀ. ਬੀ. ਦੀ ਬਿਮਾਰੀ ਦੀ ਭੇਂਟ ਚੜ•ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਇਸ ਵਿਹੜੇ ਦੇ ਬਲਵਿੰਦਰ ਸਿੰਘ ਦੀ ਵੀ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ, ਜਿਸ ਦੇ 3 ਮਾਸੂਮ ਬੱਚੇ ਹਨ ਅਤੇ ਉਸ ਦੀ ਪਤਨੀ ਵੀ ਬਿਮਾਰੀ ਦੀ ਹਾਲਤ 'ਚ ਹੈ। ਉਕਤ ਲੋਕਾਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਵਿਹੜੇ ਦੇ ਇਕ ਅਪਾਹਜ ਜੋੜੇ ਬਲਦੇਵ ਸਿੰਘ ਤੇ ਉਸਦੀ ਪਤਨੀ ਗੁਰਦੀਪ ਕੌਰ ਦੀ ਵੀ ਕਿਸੇ ਵੱਲੋਂ ਸਾਰ ਨਹੀਂ ਲਈ ਜਾ ਰਹੀ ਹੈ, ਜੋ ਮੰਦਹਾਲੀ ਦੀ ਹਾਲਤ 'ਚ ਹਨ ਅਤੇ ਗੰਦਾ ਪਾਣੀ ਪੀਣ ਲਈ ਮਜ਼ਬੂਰ ਹੋ ਰਹੇ ਹਨ।
ਵਟਸਐਪ ਗਰੁੱਪ 'ਚੋਂ ਕੀਤਾ ਰੀਮੂਵ ਤਾਂ ਐਡਮਿਨ ਨੂੰ ਤੇਜ਼ਧਾਰ ਹਥਿਆਰ ਨਾਲ ਵੱਢਿਆ
NEXT STORY