ਪਟਿਆਲਾ (ਰਾਜੇਸ਼) - ਪੰਜਾਬੀ ਐੈੱਨ. ਆਰ. ਆਈ. ਅਤੇ ਕੈਨੇਡਾ ਸਮੇਤ ਵਿਦੇਸ਼ਾਂ ਵਿਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਪ੍ਰਸਿੱਧ ਸਮਾਜ-ਸੇਵੀ ਸੁੱਖੀ ਬਾਠ ਨੇ ਕਿਹਾ ਕਿ ਵਿਦੇਸ਼ਾਂ 'ਚ ਪੰਜਾਬੀ ਅਤੇ ਪੰਜਾਬੀਆਂ ਦੀ ਬੱਲੇ-ਬੱਲੇ ਹੈ ਪਰ ਪੰਜਾਬ ਦੇ ਹਾਲਾਤ ਨਾਜ਼ੁਕ ਹਨ। ਜਿੱਥੇ ਪੰਜਾਬ ਦਾ ਪਾਣੀ ਹੇਠਾਂ ਜਾ ਰਿਹਾ ਹੈ, ਉਥੇ ਹੀ ਵਾਤਾਵਰਣ ਪ੍ਰਦੂਸ਼ਤ ਹੋ ਰਿਹਾ ਹੈ। ਇਸ ਕਰ ਕੇ ਇਥੇ ਕੈਂਸਰ ਵਰਗੀਆਂ ਬੀਮਾਰੀਆਂ ਨੇ ਆਪਣੇ ਪੈਰ ਪਸਾਰ ਲਏ ਹਨ। ਵਿਦੇਸ਼ਾਂ ਵਿਚ ਬੈਠੇ ਪੰਜਾਬੀ ਆਪਣੀ ਮਾਂ-ਭੂਮੀ ਨੂੰ ਲੈ ਕੇ ਬੇਹੱਦ ਚਿੰਤਤ ਹਨ। ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਭ ਪੰਜਾਬੀਆਂ ਨੂੰ ਮਿਲ ਕੇ ਇਸ ਪਵਿੱਤਰ ਭੂਮੀ ਦੀ ਰੱਖਿਆ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਸੁੱਖੀ ਬਾਠ ਇੱਥੇ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਨਾਲ ਸਬੰਧਤ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਪ੍ਰੋਗਰਾਮ ਅਫਸਰ ਰਵਿੰਦਰ ਸ਼ਰਮਾ ਪੰਜੌਲਾ ਦੇ ਨਿਵਾਸ ਸਥਾਨ 'ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਸੁੱਖੀ ਬਾਠ ਨੇ ਰਵਿੰਦਰ ਸ਼ਰਮਾ ਵੱਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਤਿਆਰ ਕੀਤੀ ਗਈ ਸੀ. ਡੀ. ਲਾਂਚ ਕੀਤੀ। ਸ਼੍ਰੀ ਸ਼ਰਮਾ ਨੇ ਸੀ. ਡੀ. ਦੀਆਂ ਕਾਪੀਆਂ ਸੁੱਖੀ ਬਾਠ ਨੂੰ ਭੇਟ ਕੀਤੀਆਂ।
ਅੱਜਕਲ ਪੰਜਾਬ ਦੌਰੇ 'ਤੇ ਆਏ ਸੁੱਖੀ ਬਾਠ ਨੇ ਆਪਣੇ ਸਵਰਗਵਾਸੀ ਪਿਤਾ ਦੀ ਯਾਦ ਵਿਚ ਕੈਨੇਡਾ ਵਿਖੇ ਪੰਜਾਬ ਭਵਨ ਦੀ ਸਥਾਪਨਾ ਕੀਤੀ ਹੈ। 65 ਲੱਖ ਦੀ ਲਾਗਤ ਨਾਲ ਤਿਆਰ ਕੀਤੇ ਗਏ ਇਸ ਪੰਜਾਬ ਭਵਨ ਦੇ ਦਰਵਾਜ਼ੇ ਹਰੇਕ ਪੰਜਾਬੀ ਲਈ ਖੁੱਲ੍ਹੇ ਹਨ। ਵਿਦੇਸ਼ਾਂ ਵਿਚ ਰਹਿੰਦੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਣੇ ਸਮਾਜਕ ਪ੍ਰੋਗਰਾਮ ਇਸ ਪੰਜਾਬ ਭਵਨ ਵਿਚ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਵਨ ਬਣਾਉਣ ਦਾ ਮਕਸਦ ਸੰਸਾਰ ਨੂੰ ਦੱਸਣਾ ਸੀ ਕਿ ਪੰਜਾਬੀ ਅੱਜ ਵੀ ਆਪਣੇ ਗੁਰੂਆਂ ਵੱਲੋਂ ਦਿਖਾਏ ਗਏ ਰਸਤੇ 'ਤੇ ਚੱਲ ਰਹੇ ਹਨ। ਪੰਜਾਬ ਭਵਨ ਵਿਚ ਰੁਕਣ ਦਾ ਕੋਈ ਕਿਰਾਇਆ ਨਹੀਂ ਲਿਆ ਜਾਂਦਾ। ਉਨ੍ਹਾਂ ਪੰਜਾਬ ਵਿਚ ਫੈਲੀ ਬੇਰੁਜ਼ਗਾਰੀ ਨੂੰ ਸਮੁੱਚੀਆਂ ਸਮੱਸਿਆਵਾਂ ਦਾ ਹੱਲ ਦੱਸਿਆ। ਅੱਤਵਾਦ ਅਤੇ ਗੈਂਗਸਟਰ ਫੈਲਣ ਦਾ ਕਾਰਨ ਬੇਰੋਜ਼ਗਾਰੀ ਹੈ। ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਜਾਗਰੂਕ ਕਰੇ ਅਤੇ ਉਨ੍ਹਾਂ ਨੂੰ ਫਸਲੀ ਵਿਭਿੰਨਤਾ ਵੱਲ ਮੋੜਨ ਲਈ ਯੋਗ ਉਪਰਾਲੇ ਕਰੇ। ਇਸ ਮੌਕੇ ਐੈੱਸ. ਐੈੱਸ. ਬੋਰਡ ਦੇ ਸਾਬਕਾ ਚੇਅਰਮੈਨ ਤਜਿੰਦਰਪਾਲ ਸਿੰਘ ਸੰਧੂ ਅਤੇ ਹੋਰ ਕਈ ਆਗੂ ਹਾਜ਼ਰ ਸਨ।
ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ 'ਸਿਆਸੀ ਹੱਤਿਆਵਾਂ ਦਾ ਰੁਝਾਨ'
NEXT STORY