ਪਟਿਆਲਾ (ਜੋਸਨ) - ਪੰਜਾਬ ਦੇ ਪੜ੍ਹੇ-ਲਿਖੇ ਭੋਲੇ-ਭਾਲੇ ਨੌਜਵਾਨਾਂ ਤੋਂ ਕੁਝ ਸ਼ਰਾਰਤੀ ਲੋਕਾਂ ਨੇ ਜਾਅਲੀ ਟਰਾਂਸਪੋਰਟ ਕੰਪਨੀ ਬਣਾ ਕੇ ਪੀ. ਆਰ. ਟੀ. ਸੀ. ਵਿਚ ਕੰਡਕਟਰ ਦੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗ ਲਏ ਹਨ। ਉਧਰ ਇਸ ਸਬੰਧੀ ਪੀ. ਆਰ. ਟੀ. ਸੀ. ਦੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੇ ਆਪਣੀ ਟੀਮ ਲਾ ਕੇ ਇਸ ਜਾਅਲੀ ਕੰਪਨੀ ਅਤੇ ਇਸ ਦੇ ਮਾਲਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਕੰਪਨੀ ਵੱਲੋਂ ਅਜੇ ਵੀ ਨੌਜਵਾਨਾਂ ਨੂੰ ਜਾਅਲੀ ਭਰਤੀ ਲੈਟਰ ਭੇਜੇ ਜਾ ਰਹੇ ਹਨ। ਕੁਝ ਸਮਾਂ ਪਹਿਲਾਂ ਪੀ. ਆਰ. ਟੀ. ਸੀ. ਨੇ ਆਊਟ-ਸੋਰਸਿੰਗ ਰਾਹੀਂ ਆਪਣੀਆਂ ਬੱਸਾਂ ਲਈ 250 ਦੇ ਕਰੀਬ ਕੰਡਕਟਰ ਭਰਤੀ ਕੀਤੇ ਸਨ। ਇਸ ਲਈ 7500 ਤੋਂ ਵੱਧ ਅਰਜ਼ੀਆਂ ਆਈਆਂ ਸਨ। ਭਰਤੀ ਲਈ ਆਏ ਉਮੀਦਵਾਰਾਂ ਦੀ ਲਿਸਟ ਵੈੱਬਸਾਈਟ 'ਤੇ ਪਾ ਦਿੱਤੀ ਤਾਂ ਜੋ ਕੋਈ ਵੀ ਇਸ ਨੂੰ ਚੈੱਕ ਕਰ ਸਕੇ।
7500 ਦੇ ਕਰੀਬ ਉਮੀਦਵਾਰਾਂ ਵਿਚੋਂ ਪੀ. ਆਰ. ਟੀ. ਸੀ. ਨੇ ਤਾਂ ਆਪਣੀ ਲੋੜ ਮੁਤਾਬਕ ਪਹਿਲੇ 250 ਦੇ ਕਰੀਬ ਉਮੀਦਵਾਰਾਂ ਦੀ ਭਰਤੀ ਕਰ ਲਈ। ਕੁੱਝ ਲੋਕਾਂ ਨੇ ਸ਼ਰਾਰਤੀ ਦਿਮਾਗ ਨਾਲ ਜਾਅਲੀ ਮਨਿਸਟਰੀ ਆਫ ਰੋਡ ਟਰਾਂਸਪੋਰਟ ਅਤੇ ਹਾਈਵੇ ਡਿਪਾਰਮੈਂਟ ਪੰਜਾਬ ਟਰਾਂਸਪੋਰਟ ਡਿਪਾਰਮੈਂਟ ਬਣਾ ਕੇ ਪੀ. ਆਰ. ਟੀ. ਸੀ. ਦੀ ਵੈੱਬਸਾਈਟ ਤੋਂ ਇਹ ਸਾਰੀ ਲਿਸਟ ਚੁੱਕ ਲਈ। ਉਮੀਦਵਾਰਾਂ ਨੂੰ ਜਾਅਲੀ ਨਿਯੁਕਤੀ-ਪੱਤਰ ਪਾ ਕੇ 13500 ਤੇ ਫਿਰ 19500 ਹਜ਼ਾਰ ਰੁਪਏ ਆਪਣੇ ਭੇਜੇ ਜਾਅਲੀ ਅਕਾਊਂਟਾਂ ਵਿਚ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ। ਰੋਜ਼ਗਾਰ ਦੀ ਘਾਟ ਕਾਰਨ ਬਹੁਤ ਸਾਰੇ ਨੌਜਵਾਨ ਉਕਤ ਕੰਪਨੀ ਦੇ ਝਾਂਸੇ ਵਿਚ ਆ ਕੇ ਇਨ੍ਹਾਂ ਦੇ ਅਕਾਊਂਟਾਂ ਵਿਚ ਪੈਸੇ ਜਮ੍ਹਾ ਕਰਵਾਉਣ ਲੱਗੇ। ਜਦੋਂ ਪੀ. ਆਰ. ਟੀ. ਸੀ. ਦੇ ਦਫਤਰ ਪੁੱਜੇ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਇਹ ਸਾਰਾ ਕੁਝ ਜਾਅਲੀ ਹੈ। ਇਸ ਤਰ੍ਹਾਂ ਇਹ ਕੰਪਨੀ ਪੰਜਾਬ ਦੇ ਕਈ ਨੌਜਵਾਨਾਂ ਨਾਲ ਲੱਖਾਂ ਰੁਪਏ ਠੱਗ ਚੁੱਕੀ ਹੈ।
13500 ਜਮ੍ਹਾ ਕਰਾਏ, 19500 ਹੋਰ ਕਰਾਉਣ ਨੂੰ ਕਹਿ ਰਹੇ ਹਨ : ਗੁਰਪ੍ਰੀਤ
ਇੱਥੋਂ ਥੋੜ੍ਹੀ ਦੂਰ ਪਿੰਡ ਦੀਵਾਨਵਾਲਾ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੀ. ਆਰ. ਟੀ. ਸੀ. ਦੀ ਵੈੱਬਸਾਈਟ ਲਿਸਟ ਵਿਚ ਉਸ ਦਾ ਨਾਂ ਕਾਫੀ ਹੇਠਾਂ ਸੀ। ਹੁਣ ਪਿਛਲੇ ਦਿਨੀਂ ਇਸ ਜਾਅਲੀ ਕੰਪਨੀ ਦੀ ਰਜਿਸਟਰੀ ਮੇਰੇ ਘਰ ਪੁਹੰਚੀ। ਮੈਂ ਵੀ 13500 ਰੁਪਏ ਕੰਪਨੀ ਵੱਲੋਂ ਭੇਜੇ ਅਕਾਊਂਟ ਵਿਚ ਜਮ੍ਹਾ ਕਰਵਾ ਦਿੱਤੇ। ਉਸ ਤੋਂ ਬਾਅਦ ਮੈਂ ਦਫਤਰ ਗਿਆ ਜਿੱਥੋਂ ਪਤਾ ਲੱਗਾ ਕਿ ਇਹ ਕੰਪਨੀ ਜਾਅਲੀ ਹੈ। ਗੁਰਪ੍ਰੀਤ ਨੇ ਕਿਹਾ ਕਿ ਅੱਜ ਵੀ ਮੈਨੂੰ ਇਸ ਕੰਪਨੀ ਦੇ ਮੈਨੇਜਰ ਦਾ ਫੋਨ ਆਇਆ ਕਿ ਤੁਹਾਡੇ ਕਾਗਜ਼ ਤਿਆਰ ਹੋ ਰਹੇ ਹਨ। ਹੁਣ ਤੁਸੀਂ 19500 ਰੁਪਏ ਹੋਰ ਜਮ੍ਹਾ ਕਰਾ ਦਿਓ। ਉਸ ਨੇ ਕਿਹਾ ਕਿ ਮੈਂ ਇਸ ਜਾਅਲੀ ਕੰਪਨੀ ਦੇ ਅਧਿਕਾਰੀ ਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹਨ। ਪ੍ਰਬੰਧ ਕਰ ਕੇ ਕੁਝ ਦਿਨਾਂ ਤੱਕ ਜਮ੍ਹਾ ਕਰਵਾ ਦਿਆਂਗਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਇਹ ਜਾਅਲੀ ਕੰਪਨੀ ਸੈਂਕੜੇ ਨੌਜਵਾਨਾਂ ਨਾਲ ਫਰਾਡ ਕਰ ਚੁੱਕੀ ਹੈ। ਜਿਹੜੇ ਕਾਗਜ਼ਾਂ ਦਾ ਸੈੱਟ ਸਾਡੇ ਕੋਲ ਪੁੱਜਾ ਹੈ, ਉਹ ਅਸਲ ਦਾ ਭੁਲੇਖਾ ਪਾਉਂਦਾ ਹੈ। ਇੱਥੋਂ ਤੱਕ ਕਿ ਸ਼ਰਤਾਂ ਤੱਕ ਲਿਖ ਕੇ ਕੰਪਨੀ ਨੇ ਸਾਨੂੰ ਭੇਜੀਆਂ ਹਨ। ਗੁਰਪ੍ਰੀਤ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਕੱਲ ਨੂੰ ਹੀ ਪੀ. ਆਰ. ਟੀ. ਸੀ. ਦੇ ਐੈੱਮ. ਡੀ. ਅਤੇ ਐੈੱਸ. ਐੈੱਸ. ਪੀ. ਪਟਿਆਲਾ ਨੂੰ ਮਿਲੇਗਾ ਤਾਂ ਜੋ ਹੋਰ ਨੌਜਵਾਨਾਂ ਧੋਖੇ ਹੋਣ ਤੋਂ ਬਚਾਇਆ ਜਾ ਸਕੇ।
ਜਾਅਲੀ ਕੰਪਨੀ ਦੇ ਧੋਖੇ 'ਚ ਨਾ ਆਉਣ ਨੌਜਵਾਨ : ਐੈੱਮ. ਡੀ. ਨਾਰੰਗ

ਇਸ ਸਬੰਧੀ ਜਦੋਂ ਪੀ. ਆਰ. ਟੀ. ਸੀ. ਦੇ ਮੈਨੈਜਿੰਗ ਡਾਇਰੈਕਟਰ ਮਨਜੀਤ ਸਿੰਘ ਨਾਰੰਗ ਨਾਲ ਰਾਬਤਾ ਬਣਾਇਆ ਤਾਂ ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵੱਲੋਂ ਇਹ ਜਾਅਲੀ ਕੰਪਨੀ ਬਣਾ ਕੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਇਸ ਲਈ ਨੌਜਵਾਨ ਇਨ੍ਹਾਂ ਦੇ ਧੋਖੇ ਤੋਂ ਬਚਣ ਤੇ ਪੀ. ਆਰ. ਟੀ. ਸੀ. ਦਫਤਰਾਂ ਨਾਲ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਅਸੀਂ ਇਸ ਜਾਅਲੀ ਕੰਪਨੀ ਦੀ ਦਿੱਲੀ ਤੱਕ ਪੈਰਵੀ ਕਰ ਲਈ ਹੈ। ਇਸ ਦਾ ਸਬੰਧਤ ਪਤੇ 'ਤੇ ਦਿੱਲੀ ਵਿਚ ਕੋਈ ਵੀ ਦਫਤਰ ਨਹੀਂ ਹੈ। ਨਾ ਹੀ ਕੋਈ ਟਿਕਾਣਾ। ਜਾਅਲੀ ਅਕਾਊਂਟਾਂ ਰਾਹੀਂ ਨੌਜਵਾਨਾਂ ਨੂੰ ਲੁੱਟਿਆ ਜਾ ਰਿਹਾ ਹੈ। ਅਸੀਂ ਇਸ ਸਬੰਧੀ ਜਾਂਚ ਦੇ ਆਦੇਸ਼ ਵੀ ਦਿੱਤੇ ਹਨ। ਅਸੀਂ ਜੋ ਭਰਤੀ ਆਊਟ-ਸੋਰਸਿੰਗ ਰਾਹੀਂ ਕੀਤੀ ਸੀ, ਉਸ ਦੀ ਕੋਈ ਵੀ ਫੀਸ ਨਹੀਂ ਸੀ। ਇਸ ਦੀ ਪਾਰਦਰਸ਼ਤਾ ਲਈ ਹੀ ਇਹ ਲਿਸਟ ਪੀ. ਆਰ. ਟੀ. ਸੀ. ਦੀ ਵੈੱਬਸਾਈਟ 'ਤੇ ਪਾਈ ਸੀ। ਹੁਣ ਕੋਈ ਵੀ ਨਵੀਂ ਭਰਤੀ ਨਹੀਂ ਹੋ ਰਹੀ।
ਨੂਰਪੁਰਬੇਦੀ ਸ਼ਹਿਰ ਦੀ ਸਫਾਈ ਵਿਵਸਥਾ ਵਿਗੜੀ
NEXT STORY