ਐੱਸ. ਸੁੰਦਰੇਸ਼ਨ ਤਾਂ ਸਿਰਫ ਆਪਣੇ ਮਾਤਾ-ਪਿਤਾ ਦੀ ਲੰਮੀ ਉਮਰ ਲਈ ਦੇਵਤਿਆਂ ਤੋਂ ਆਸ਼ੀਰਵਾਦ ਹਾਸਿਲ ਕਰਨਾ ਚਾਹੁੰਦਾ ਸੀ ਪਰ ਉਹ ਪਹੁੰਚ ਗਿਆ ਜੇਲ ਦੀਆਂ ਸੀਖਾਂ ਦੇ ਪਿੱਛੇ ਕਿਉਂਕਿ ਉਸ ਤੋਂ ਵਣ ਜੀਵ (ਸੁਰੱਖਿਆ) ਕਾਨੂੰਨ ਦੀ ਉਲੰਘਣਾ ਹੋ ਗਈ ਸੀ।
ਸੁੰਦਰੇਸ਼ਨ ਤਾਮਿਲਨਾਡੂ ਦੇ ਕੁਡਨੂਰ ਜ਼ਿਲੇ ਦੇ ਦੁੱਰਈਸਵਾਮੀ ਮੰਦਿਰ ਦਾ ਪੁਜਾਰੀ ਹੈ ਅਤੇ ਉਸ ਨੇ ਆਪਣੇ ਮਾਤਾ-ਪਿਤਾ ਦੇ 80 ਸਾਲ ਦੀ ਉਮਰ ਤਕ ਪਹੁੰਚਣ ਦੇ ਸਬੰਧ ਵਿਚ ਉਨ੍ਹਾਂ ਦਾ 'ਸੱਤਾਭਿਸ਼ੇਕਮ' ਕਰਨ ਲਈ ਸੱਪ ਦੀ ਪੂਜਾ ਕਰਨੀ ਸੀ। ਇਸ ਦੇ ਲਈ ਇਕ ਸੱਪ ਦੀ ਲੋੜ ਪਈ। ਉਸ ਨੇ ਪਲਾਨੀ ਨਾਂ ਦੇ ਇਕ ਸਪੇਰੇ ਦੀਆਂ ਸੇਵਾਵਾਂ ਲਈਆਂ। ਸਪੇਰੇ ਨੇ ਇਕ ਨਾਗ (ਕੋਬਰਾ) ਦੀ ਵਿਵਸਥਾ ਕੀਤੀ ਅਤੇ ਪੁਜਾਰੀ ਉਸ ਨੂੰ ਨਾਲ ਲੈ ਕੇ ਪੂਜਾ ਲਈ ਚੱਲ ਪਿਆ।
ਇਹ ਇਕ ਵਿਸ਼ੇਸ਼ ਮੌਕਾ ਸੀ ਅਤੇ ਜਿਵੇਂ ਕਿ ਅੱਜਕਲ ਅਕਸਰ ਹੁੰਦਾ ਹੈ, ਇਸ ਮੌਕੇ 'ਤੇ ਵੀ ਕਿਸੇ ਨੇ ਸਭ ਕੁਝ ਵੀਡੀਓ 'ਚ ਰਿਕਾਰਡ ਕਰ ਲਿਆ ਅਤੇ ਇਸ ਨੂੰ ਖੁਸ਼ੀ-ਖੁਸ਼ੀ ਅਤੇ ਮਾਣ ਨਾਲ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ। ਇਸ ਕਲਿੱਪਿੰਗ 'ਚ ਨਾਗਦੇਵ ਫੁੰਕਾਰੇ ਮਾਰਦਾ ਅਤੇ ਪੁਜਾਰੀ ਵੈਦਿਕ ਮੰਤਰਾਂ ਦਾ ਉਚਾਰਣ ਕਰਦਾ ਦਿਖਾਈ ਦਿੰਦਾ ਹੈ।
ਧਾਰਮਿਕ ਕਰਮ-ਕਾਂਡਾਂ ਅਤੇ ਪੂਜਾ ਦੀਆਂ ਰਸਮਾਂ ਵਿਚ ਨਾਗ ਦੀ ਵਰਤੋਂ ਕੋਈ ਗੈਰ-ਸਾਧਾਰਨ ਗੱਲ ਨਹੀਂ। ਤਾਮਿਲਨਾਡੂ ਵਿਚ ਸੱਪ ਜਾਤੀ ਦੇ ਪ੍ਰਾਣੀਆਂ ਨੂੰ ਬਹੁਤ ਸ਼ਰਧਾ-ਭਾਵਨਾ ਨਾਲ ਦੇਖਿਆ ਜਾਂਦਾ ਹੈ ਅਤੇ ਪੂਰੇ ਰਾਜ ਵਿਚ 'ਨਾਗੱਕਲ' ਦੇ ਰੂਪ ਵਿਚ ਇਸ ਪ੍ਰਾਣੀ ਦੀ ਪੂਜਾ ਆਮ ਗੱਲ ਹੈ ਪਰ ਕੋਬਰਾ ਜਾਤੀ ਦਾ ਸੱਪ ਵਣ ਜੀਵ (ਸੁਰੱਖਿਆ) ਕਾਨੂੰਨ ਦੀ ਧਾਰਾ-2 ਦੇ ਅਧੀਨ ਇਕ ਸੁਰੱਖਿਅਤ ਨਸਲ ਹੈ ਅਤੇ ਇਸ ਜਾਤੀ ਦੇ ਜੀਵਾਂ ਨੂੰ ਆਪਣੇ ਕੋਲ ਰੱਖਣ ਲਈ ਜੰਗਲਾਤ ਵਿਭਾਗ ਤੋਂ ਲਾਇਸੈਂਸ ਲੈਣਾ ਪੈਂਦਾ ਹੈ। ਸਪੇਰੇ ਕੋਲ ਅਜਿਹਾ ਲਾਇਸੈਂਸ ਨਹੀਂ ਸੀ, ਉਪਰੋਂ ਸੁੰਦਰੇਸ਼ਨ ਦੇ ਪਰਿਵਾਰ ਦੀ ਬਦਕਿਸਮਤੀ ਕਿ ਇਹ ਵੀਡੀਓ ਵਾਇਰਲ ਹੋ ਗਈ ਅਤੇ ਇਕ ਹਫਤੇ ਬਾਅਦ ਜੰਗਲਾਤ ਵਿਭਾਗ ਦੀਆਂ ਨਜ਼ਰਾਂ 'ਚ ਆ ਗਈ।
ਕੁੱਡਨੂਰ ਫਾਰੈਸਟ ਰੇਂਜਰ ਅਬਦੁਲ ਹਮੀਦ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੇ ਪੁਜਾਰੀ ਅਤੇ ਸਪੇਰੇ ਦੋਹਾਂ ਦੇ ਵਿਰੁੱਧ ਹੀ ਵਣ ਜੀਵ (ਸੁਰੱਖਿਆ) ਕਾਨੂੰਨ ਦੀਆਂ ਧਾਰਾਵਾਂ—43, 48, 49, 50 ਅਤੇ 51 ਦੇ ਅਧੀਨ ਮੁਕੱਦਮਾ ਦਰਜ ਕਰ ਲਿਆ ਹੈ। ਇਹ ਅਪਰਾਧ ਜ਼ਮਾਨਤਯੋਗ ਨਹੀਂ ਹੁੰਦਾ। ਸੁੰਦਰੇਸ਼ਨ ਦੇ ਬੁੱਢੇ ਮਾਤਾ-ਪਿਤਾ 'ਤੇ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਗਿਆ ਕਿਉਂਕਿ ਸਪੇਰੇ ਦੀਆਂ ਸੇਵਾਵਾਂ ਉਨ੍ਹਾਂ ਨੇ ਨਹੀਂ ਲਈਆਂ ਸਨ ਪਰ ਸੁੰਦਰੇਸ਼ਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਸਪੇਰਾ ਫਰਾਰ ਹੋ ਗਿਆ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ। ('ਦਿ ਹਿੰਦੂ' ਤੋਂ ਧੰਨਵਾਦ ਸਹਿਤ)
ਦੱਖਣੀ ਚੀਨ ਸਾਗਰ 'ਚ ਚੀਨ ਦਾ ਫੌਜੀਕਰਨ
NEXT STORY