ਫਾਜ਼ਿਲਕਾ (ਨਾਗਪਾਲ)— ਦੇਸ਼ ਭਰ 'ਚ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਮੀਜ਼ਲ-ਰੂਬੇਲਾ ਅਭਿਆਨ ਨੂੰ ਲੈ ਕੇ ਸਿਵਲ ਸਰਜਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲਾ ਟੀਕਾਕਰਨ ਅਫਸਰ ਡਾ. ਜਸਦੇਵ ਸਿੰਘ ਢਿੱਲੋਂ ਵੱਲੋਂ ਕਮਿਉਨਿਟੀ ਹੈਲਥ ਸੈਂਟਰ ਬਹਾਵਵਾਲਾ 'ਚ ਦੌਰਾ ਕਰਕੇ ਪੰਚਾਇਤ ਅਤੇ ਸਕੂਲ ਅਧਿਆਪਕਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਜ਼ਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਜ਼ਿਲੇ ਦੇ ਲਗਪਗ 70 ਹਜ਼ਾਰ ਬੱਚਿਆਂ ਨੂੰ ਮੀਜ਼ਲ-ਰੁਬੇਲਾ ਟੀਕਾ ਲਗਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਵੱਲੋਂ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਕਾਰਨ ਜੋ ਮਾਪੇ ਆਪਣੇ ਬੱਚਿਆਂ ਨੂੰ ਟੀਕਾ ਨਹੀਂ ਲਗਵਾ ਰਹੇ ਉਨ੍ਹਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਦੀ ਵੈਕਸੀਨ ਨੂੰ ਵਿਸ਼ਵ ਸਿਹਤ ਸੰਸਥਾ ਵੱਲੋਂ ਪੂਰੀ ਤਰ੍ਹਾਂ ਜਾਂਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਇਸ ਟੀਕਾਕਰਨ ਮੁਹਿੰਮ ਤਹਿਤ ਹਰ ਬੱਚੇ ਨੂੰ ਟੀਕਾ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਹਰ ਬੱਚੇ ਨੂੰ ਟੀਕਾ ਲੱਗਣ ਨਾਲ ਹੀ 100 ਫੀਸਦੀ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਮਾਪਿਆ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਆਪਣੇ ਬੱਚੇ ਨੂੰ ਇਹ ਟੀਕਾ ਜ਼ਰੂਰ ਲਗਵਾਉਣ ਤਾਂ ਜੋ ਕੋਈ ਵੀ ਬੱਚਾ ਟੀਕਾ ਲਗਵਾਉਣ ਤੋਂ ਵਾਂਝਾ ਨਾ ਰਹਿ ਸਕੇ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਸ਼ਲਿੰਦਰ ਸੇਠੀ, ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ, ਮੈਡੀਕਲ ਅਫਸਰ ਡਾ. ਸਹਿਜਵੀਰ ਸਿੰਘ, ਪਿੰਡ ਦੇ ਸਰਪੰਚ ਸੁਖਰਾਜ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰਾਜੇਸ਼ ਕੁਮਾਰ, ਬੀਈਈ ਮਨਬੀਰ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਕਰਮਚਾਰੀ ਅਤੇ ਅਧਿਆਪਕ ਹਾਜ਼ਰ ਸਨ।
ਯੇਰੂਸ਼ਲਮ 'ਚ ਅਮਰੀਕੀ ਦੂਤਘਰ ਖੁੱਲਣ 'ਤੇ ਪਾਕਿ ਨੇ ਜ਼ਾਹਰ ਕੀਤੀ ਚਿੰਤਾ
NEXT STORY