ਵੈੱਬ ਡੈਸਕ- ਔਰਤਾਂ ਤੇ ਮੁਟਿਆਰਾਂ ਦੀ ਸੁੰਦਰਤਾ ’ਚ ਡਿਜ਼ਾਈਨਰ ਡਰੈੱਸ, ਹੇਅਰ ਸਟਾਈਲ ਤੇ ਜਿਊਲਰੀ ਦੇ ਨਾਲ-ਨਾਲ ਮੇਕਅਪ ਦੀ ਭੂਮਿਕਾ ਸਭ ਤੋਂ ਅਹਿਮ ਹੁੰਦੀ ਹੈ। ਮੇਕਅਪ ਨਾ ਸਿਰਫ਼ ਚਿਹਰੇ ਨੂੰ ਨਿਖਾਰਦਾ ਹੈ, ਸਗੋਂ ਪਰਸਨੈਲਿਟੀ ’ਚ ਆਤਮਵਿਸ਼ਵਾਸ ਵੀ ਜੋੜਦਾ ਹੈ। ਅੱਜ ਦੇ ਦੌਰ ’ਚ ਮੇਕਅਪ ਦੇ ਕਈ ਟ੍ਰੈਂਡ ਦੇਖਣ ਨੂੰ ਮਿਲਦੇ ਹਨ। ਕੋਈ ਮੁਟਿਆਰ ਲਾਈਟ ਐੱਚ. ਡੀ. ਪਾਰਟੀ ਵੀਅਰ ਮੇਕਅਪ ਪਸੰਦ ਕਰਦੀ ਹੈ ਤੇ ਕੋਈ ਬਿਲਕੁਲ ਨੈਚੁਰਲ ਲੁੱਕ ਰੱਖਣਾ ਚਾਹੁੰਦੀ ਹੈ, ਜੋ ਹਲਕਾ ਤੇ ਫ੍ਰੈੱਸ਼ ਦਿਸੇ। ਮੇਕਅਪ ਦੀ ਸ਼ੁਰੂਆਤ ਹਮੇਸ਼ਾ ਬੇਸ ਤੋਂ ਹੁੰਦੀ ਹੈ। ਕ੍ਰੀਮ ਫਾਊਂਡੇਸ਼ਨ ਚਿਹਰੇ ਦੇ ਦਾਗ-ਧੱਬੇ ਲੁਕਾ ਕੇ ਇਕ-ਬਰਾਬਰ ਟੋਨ ਦਿੰਦਾ ਹੈ। ਇਸ ਤੋਂ ਬਾਅਦ ਲਿਪਸਟਿਕ, ਲਿਪ ਗਲਾਸ ਤੇ ਲਿਪ ਲਾਈਨਰ ਨਾਲ ਲਿਪਸ ਨੂੰ ਆਕਰਸ਼ਕ ਬਣਾਇਆ ਜਾਂਦਾ ਹੈ। ਅੱਖਾਂ ਨੂੰ ਖੂਬਸੂਰਤ ਬਣਾਉਣ ਲਈ ਆਈਲਾਈਨਰ, ਕੱਜਲ, ਆਈ ਸ਼ੈਡੋ, ਆਈਲੈਸ਼ਿਜ਼ ਤੇ ਮਸਕਾਰਾ ਦੀ ਵਰਤੋਂ ਕੀਤੀ ਜਾਂਦੀ ਹੈ।

ਇਨ੍ਹਾਂ ਸਾਰਿਆਂ ’ਚ ਕੱਜਲ ਦਾ ਸਥਾਨ ਸਭ ਤੋਂ ਉੱਪਰ ਹੈ। ਕੱਜਲ ਹਮੇਸ਼ਾ ਤੋਂ ਭਾਰਤੀ ਔਰਤਾਂ ਦੀ ਅੱਖਾਂ ਦੀ ਪਛਾਣ ਰਿਹਾ ਹੈ। ਕੈਜ਼ੂਅਲ ਦਿਨ ਹੋਵੇ ਜਾਂ ਵਿਆਹ-ਪਾਰਟੀ ਦਾ ਖ਼ਾਸ ਮੌਕਾ, ਕੱਜਲ ਤੋਂ ਬਿਨਾ ਮੇਕਅਪ ਅਧੂਰਾ ਮੰਨਿਆ ਜਾਂਦਾ ਹੈ। ਕਈ ਮੁਟਿਆਰਾਂ ਅਜਿਹੀਆਂ ਹਨ, ਜੋ ਬਾਕੀ ਮੇਕਅਪ ਕਰਨ ਜਾਂ ਨਾ ਕਰਨ ਪਰ ਕੱਜਲ ਜ਼ਰੂਰ ਲਗਾਉਂਦੀਆਂ ਹਨ। ਪਹਿਲਾਂ ਸਿਰਫ਼ ਸਿੰਪਲ ਕਾਲਾ ਕੱਜਲ ਹੀ ਰੁਝਾਨ ’ਚ ਸੀ ਪਰ ਹੁਣ ਮਾਰਕੀਟ ’ਚ ਆਪਸ਼ਨਜ਼ ਦੀ ਭਰਮਾਰ ਹੈ। ਪੈਨਸਿਲ ਕਾਜਲ, ਲਿਕਵਿਡ ਕਾਜਲ, ਜੈੱਲ ਕਾਜਲ ਦੇ ਨਾਲ-ਨਾਲ ਕਲਰਫੁਲ ਕਾਜਲ ਵੀ ਟ੍ਰੈਂਡ ’ਚ ਹਨ।

ਬਲੂ, ਗ੍ਰੀਨ, ਸਿਲਵਰ ਅਤੇ ਸਪਾਰਕਲਿੰਗ ਸ਼ੇਡਸ ਵਾਲੇ ਕਾਜਲ-ਆਈਲਾਈਨਰ ਅੱਖਾਂ ਨੂੰ ਡਰਾਮੈਟਿਕ ਲੁੱਕ ਦਿੰਦੇ ਹਨ। ਖ਼ਾਸ ਮੌਕਿਆਂ ’ਤੇ ਇਹ ਕਲਰ ਕੱਜਲ ਆਊਟਫਿੱਟ ਨਾਲ ਮੈਚ ਕਰ ਕੇ ਲਾਇਆ ਜਾਂਦਾ ਹੈ, ਜੋ ਲੁੱਕ ਨੂੰ ਕੰਪਲੀਟ ਕਰਦਾ ਹੈ। ਗਰਮੀਆਂ ਅਤੇ ਮੀਂਹ ਦੇ ਮੌਸਮ ਨੂੰ ਦੇਖਦੇ ਹੋਏ ਹੁਣ ਵਾਟਰਪਰੂਫ ਕੱਜਲ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ। ਇਹ ਪਸੀਨੇ ਅਤੇ ਪਾਣੀ ਨਾਲ ਖਰਾਬ ਨਹੀਂ ਹੁੰਦੇ ਤੇ 24 ਘੰਟਿਆਂ ਤੱਕ ਟਿਕੇ ਰਹਿੰਦੇ ਹਨ। ਔਰਤਾਂ ਸੂਟ ਨਾਲ ਮੈਚਿੰਗ ਅਸੈਸਰੀਜ਼ ਤੇ ਜਿਊਲਰੀ ਵਾਂਗ ਹੁਣ ਕੱਜਲ ਨੂੰ ਵੀ ਮੈਚ ਕਰ ਕੇ ਸਟਾਈਲ ਕਰਦੀਆਂ ਹਨ। ਕੱਜਲ ਲਾਉਣ ਦੇ ਸਟਾਈਲ ਵੀ ਬਦਲ ਗਏ ਹਨ। ਕੋਈ ਸਿੰਪਲ ਲਾਈਨ ਲਗਾਉਂਦੀ ਹੈ, ਕੋਈ ਵਿੰਗਡ ਲੁੱਕ ਬਣਾਉਂਦੀ ਹੈ ਤੇ ਕੋਈ ਸਮੋਕੀ ਆਈਜ਼ ਲਈ ਮੋਟੀ ਲੇਅਰ ਲਾਉਣਾ ਪਸੰਦ ਕਰਦੀ ਹੈ।
ਡਬਲ ਲੇਅਰ ਕੱਜਲ ਅੱਖਾਂ ਨੂੰ ਵੱਡਾ ਤੇ ਗਹਿਰਾ ਦਿਖਾਉਂਦਾ ਹੈ। ਬਾਲੀਵੁੱਡ ’ਚ ਵੀ ਕੱਜਲ ’ਤੇ ਕਈ ਗਾਣੇ ਬਣੇ ਹਨ, ਜੋ ਇਸ ਦੀ ਦੀਵਾਨਗੀ ਦਿਖਾਉਂਦੇ ਹਨ। ਹੀਰੋਇਨ ਤੋਂ ਲੈ ਕੇ ਮਾਡਲਾਂ ਤੱਕ, ਸਾਰੇ ਵੱਖ-ਵੱਖ ਅੰਦਾਜ਼ ’ਚ ਕੱਜਲ ਲਾ ਕੇ ਅਪਣੀਆਂ ਅੱਖਾਂ ਦੀ ਖੂਬਸੂਰਤੀ ਵਧਾਉਂਦੀਆਂ ਹਨ। ਕੁੱਲ ਮਿਲਾ ਕੇ, ਮੇਕਅਪ ’ਚ ਕੱਜਲ ਸਿਰਫ਼ ਇਕ ਪ੍ਰੋਡਕਟ ਨਹੀਂ, ਸਗੋਂ ਔਰਤਾਂ ਦੇ ਆਤਮਵਿਸ਼ਵਾਸ ਅਤੇ ਸਟਾਈਲ ਦਾ ਹਿੱਸਾ ਬਣ ਚੁੱਕਾ ਹੈ। ਭਾਵੇਂ ਲਾਈਟ ਨੈਚੁਰਲ ਲੁੱਕ ਹੋਵੇ ਜਾਂ ਗਲੈਮਰਸ ਪਾਰਟੀ ਮੇਕਅਪ, ਕੱਜਲ ਹਰ ਲੁੱਕ ’ਚ ਚਾਰ ਚੰਨ ਲਾ ਦਿੰਦਾ ਹੈ।
ਸਿੰਪਲ ਸਲਵਾਰ ਸੂਟ ਬਣੇ ਕੰਫਰਟ, ਸਟਾਈਲ ਤੇ ਟਾਈਮਲੈੱਸ ਫੈਸ਼ਨ ਦਾ ਪਰਫੈਕਟ ਕੰਬੀਨੇਸ਼ਨ
NEXT STORY