ਸਾਡੇ ਇਕ ਚਿੰਤਕ ਮਿੱਤਰ ਨੇ ਇਕ ਦਿਨ ਸਾਨੂੰ ਬਹੁਤ ਹੀ ਸਿਆਣੀ ਗੱਲ ਦੱਸੀ। ਉਹੋ ਗੱਲ ਅਸੀਂ ਤੁਹਾਨੂੰ ਦੱਸਣੀ ਚਾਹੁੰਦੇ ਹੋ। ਪਲੀਜ਼ ਸੁਣੋ ਧਿਆਨ ਚਿੱਤ ਲਗਾ ਕੇ। ਮਿੱਤਰ ਕਹਿਣ ਲੱਗਾ, ''ਆਪਣੇ ਨੇਤਾ ਚਿਪਕੂ ਨਾਥ ਅਤੇ ਮੁੰਨੀ ਬਾਈ ਲਖਨਊ ਵਾਲੀ ਦੇ 'ਲੱਛਣ' ਇਕ-ਦੂਸਰੇ ਨਾਲ ਇਨ-ਬਿਨ ਮਿਲਦੇ ਹਨ।
ਮਿੱਤਰ ਦੇ 'ਲੱਛਣ' ਸ਼ਬਦ 'ਤੇ ਸਾਨੂੰ ਇਤਰਾਜ਼ ਸੀ। ਇੱਜ਼ਤਦਾਰ ਲੋਕਾਂ ਦੇ ਲੱਛਣ ਨਹੀਂ 'ਗੁਣ' ਹੁੰਦੇ ਹਨ।
ਮਿੱਤਰ ਕਹਿਣ ਲੱਗਾ, ''ਚੱਲ 'ਗੁਣ' ਹੀ ਕਹਿ ਲੈਂਦੇ ਹਾਂ।'' ਉਸ ਨੇ ਆਪਣੀ ਗਲਤੀ ਸੁਧਾਰ ਲਈ ਸੀ। ਉਂਝ ਵੀ ਸਿਆਣੇ ਲੋਕ ਜ਼ਿਆਦਾ ਬਹਿਸ ਵਿਚ ਨਹੀਂ ਪੈਂਦੇ।
''ਮਿੱਤਰਗਣ, ਆਪਣੀ ਆਖੀ ਗੱਲ ਦੀ ਪੁਸ਼ਟੀ ਵਿਚ ਕੋਈ ਪ੍ਰਮਾਣ ਦਿਓ। ਪ੍ਰਮਾਣ ਬਗੈਰ ਗੱਲ ਠੋਸ ਨਹੀਂ ਬਣਦੀ।''
ਮਿੱਤਰ ਨੇ ਜੋ ਕੁਝ ਦੱਸਿਆ, ''ਉਵੇਂ ਦਾ ਉਵੇਂ ਤੁਹਾਨੂੰ ਸੁਣਾ ਰਿਹਾ ਹਾਂ।''
ਮੁੰਨੀ ਬਾਈ ਲਖਨਊ ਵਾਲੀ ਆਪਣੇ ਕਸਟਮਰਜ਼ ਨੂੰ ਰਿਝਾਉਣ ਲਈ ਠੁਮਰੀ, ਗ਼ਜ਼ਲ ਗਾਉਂਦੀ ਹੈ। ਵਿਭਿੰਨ ਮੁਦਰਾਵਾਂ ਵਿਚ ਡਾਂਸ ਕਰਦੀ ਹੈ। ਪਾਪੀ ਪੇਟ ਦਾ ਸਵਾਲ ਹੈ।
ਹਮ ਪੇ ਹਜ਼ੂਰ ਆਪ ਏਕ ਅਹਿਸਾਨ ਕੀਜੀਏ,
ਦਿਲ ਤੋ ਕਿਆ ਚੀਜ਼ ਹੈ, ਆਪ ਮੇਰੀ ਜਾਨ ਲੀਜੀਏ।
ਗ਼ਜ਼ਲ ਦੇ ਬੋਲ ਉੱਚੀ ਤਾਨ ਵਿਚ ਚੁੱਕਦਿਆਂ ਉਹ ਵਾਰ-ਵਾਰ 'ਮੇਰੀ ਜਾਨ ਲੀਜੀਏ' ਆਖਦੀ ਹੈ। ਕਦੀ ਫਰਸ਼ 'ਤੇ ਲਿਟਦੀ ਹੈ, ਕਦੀ ਕਮਰ ਮਟਕਾਉਂਦੀ ਹੈ। ਕਦੀ ਛਾਤੀਆਂ ਦੇ ਉਭਾਰ ਉਪਰ ਚੁੱਕਦੀ ਹੈ ਤੇ ਕਦੀ ਅੱਖਾਂ ਮਟਕਾਉਂਦੀ ਹੈ। ਉਹ ਜਾਨ ਦੇਵੇ ਜਾਂ ਨਾ ਦੇਵੇ ਪਰ ਆਪਣੇ ਕਸਟਮਰਜ਼ ਦੀ ਜਾਨ ਕੱਢ ਕੇ ਰੱਖ ਦਿੰਦੀ ਹੈ। ਸੁਣ ਕੇ ਉਹ 'ਵਾਹ-ਵਾਹ' ਕਹਿਣ ਦੀ ਥਾਂ 'ਮਾਰ ਸੁੱਟਿਆ ਮੁੰਨੀ ਬਾਈ' 'ਕੱਢਤੀ ਜਾਨ ਓਏ' ਆਖਦੇ ਹਨ। ਮੁੰਨੀ ਬਾਈ ਮੁਜਰਾ ਕਰਦੀ ਹੈ, ਨੇਤਾ ਜੀ ਮਜ੍ਹਮਾ ਲਾਉਂਦੇ ਹਨ।
ਚੋਣ ਜਲਸੇ ਕਰਦਿਆਂ ਨੇਤਾ ਚਿਪਕੂ ਨਾਥ ਵੀ ਕੁਝ ਏਦਾਂ ਹੀ ਕਰਦੇ ਦਿਖਾਈ ਦਿੰਦੇ ਹਨ। ਆਪਣੇ ਵੋਟਰਾਂ ਨੂੰ ਖਿੱਚਣ, ਉਨ੍ਹਾਂ ਨੂੰ ਭੀੜ 'ਚ ਇਕੱਠੇ ਕਰਨ ਲਈ ਉਹ ਚੋਣ ਜਲਸਿਆਂ ਦਾ ਪ੍ਰਬੰਧ ਕਰਦੇ ਹਨ। ਗਾਇਕ ਜੋੜੀਆਂ ਸੱਦਦੇ ਹਨ। ਆਪਣੇ ਖਰੀਦੇ ਹਾਰ, ਆਪਣੇ ਹੀ ਗਲ ਵਿਚ ਪਾ ਕੇ ਮੰਚ 'ਤੇ ਬੈਠਦੇ ਹਨ। ਗਾਇਕ ਜੋੜੀ ਗਾਉਣ ਲੱਗਦੀ ਹੈ :
ਚੱਲ ਚੱਲੀਏ ਜਰਗ ਦੇ ਮੇਲੇ, ਚੂਪ ਲੈ ਗੰਨਾ ਨੀ...
ਚੱਲ ਚੱਲੀਏ ਛਪਾਰ ਦੇ ਮੇਲੇ, ਚੂਪ ਲੈ ਗੰਨਾ ਵੇ...
ਮੇਲੇ ਨਾਲੋਂ ਉਹ ਗੰਨੇ 'ਤੇ ਜ਼ਿਆਦਾ ਜ਼ੋਰ ਦਿੰਦੇ ਹਨ। ਗੰਨੇ ਨਾਲੋਂ ਵੀ ਗੰਨਾ ਚੂਪਣ ਦੀ ਗੱਲ ਵਾਰ-ਵਾਰ ਦੁਹਰਾਉਂਦੇ ਨੇ। ਮੂੰਹ ਗੋਲ ਕਰ-ਕਰ 'ਚੂਪ ਲੈ ਗੰਨਾ ਨੀ', 'ਚੂਪ ਲੈ ਗੰਨਾ ਵੇ' ਗਾਉਂਦੇ ਨੇ। ਜਦੋਂ ਮਾਦਾ ਗਾਇਕਾ ਮੂੰਹ ਗੋਲ ਕਰਕੇ ਆਖਦੀ ਹੈ 'ਚੂਪ ਲੈ ਗੰਨਾ ਵੇ' ਤਾਂ ਵੋਟਰ ਵੋਟ ਤਾਂ ਕੀ ਨੇਤਾ ਜੀ ਨੂੰ ਆਪਣੀ ਜਾਨ ਦੇਣ ਲਈ ਵੀ ਤਿਆਰ ਹੋ ਜਾਂਦੇ ਹਨ। ਉਹ ਵੀ ਤਾੜੀਆਂ ਮਾਰ-ਮਾਰ ਵਜਦ ਵਿਚ ਆ ਕੇ ਗਾਉਣ ਲੱਗਦੇ ਹਨ : 'ਵੋਟ ਤੋ ਕਿਆ ਚੀਜ਼ ਹੈ, ਚਿਪਕੂ ਨਾਥ ਜੀ ਆਪ ਹਮਰੀ ਜਾਨ ਲੀਜੀਏ'
ਵੋਟ ਤਾਂ ਬਹੁਤ ਤੁੱਛ ਚੀਜ਼ ਹੈ, ਉਹ ਤਾਂ ਆਪਣੀ ਪਿਆਰੀ ਜਾਨ ਵੀ ਗੰਨਾ ਚੁਪਾਉਣ ਵਾਲਿਆਂ ਤੇ ਨੇਤਾ ਚਿਪਕੂ ਨਾਥ ਜੀ ਨੂੰ ਦੇਣ ਲਈ ਤੱਤਪਰ ਹੋ ਜਾਂਦੇ ਹਨ।
ਮੁੰਨੀ ਬਾਈ ਰੰਗ ਬੰਨ੍ਹ ਦਿੰਦੀ ਹੈ। ਨੇਤਾ ਚਿਪਕੂ ਨਾਥ ਦੀ ਗਾਇਕ ਜੋੜੀ ਭੀੜ ਵਿਚ ਰੰਗ ਬੰਨ੍ਹ ਦਿੰਦੀ ਹੈ।
ਮੁੰਨੀ ਬਾਈ ਕਸਟਮਰਜ਼ ਦੀਆਂ ਜੇਬਾਂ 'ਚੋਂ ਨੋਟ ਕਢਾਉਣ ਲਈ ਡਾਂਸ ਤੇ ਗ਼ਜ਼ਲ ਦੇ ਨਾਲ-ਨਾਲ ਜਾਮ ਵੀ ਪੇਸ਼ ਕਰਦੀ ਹੈ।
'ਜਾਮ ਪੀ ਲੇ, ਮਦਹੋਸ਼ ਹੋ ਜਾ, ਹੋਸ਼ ਕੀ ਬਾਤ ਅਬ ਕਿਆ ਕਰਨੀ,
ਜਾਮ ਪੀ ਲੇ, ਮਦਹੋਸ਼ ਹੋ ਜਾ, ਹੋਸ਼ ਕੀ ਬਾਤ ਅਬ ਕਿਆ ਕਰਨੀ'
ਉਹ ਜਾਮ ਪੀ ਲੇ ਕਹਿੰਦੀ ਹੀ ਨਹੀਂ, ਆਫਰ ਵੀ ਕਰਦੀ ਹੈ। ਕਸਟਮਰਜ਼ ਦੀ ਸੁਧ-ਬੁਧ ਗੁਆਚੇਗੀ। ਤਦ ਹੀ ਉਨ੍ਹਾਂ ਦੀ ਜੇਬ ਢਿੱਲੀ ਹੋਵੇਗੀ। ਸਾਜ਼ਿੰਦੇ ਆਵਾਜ਼ਾਂ ਤੇਜ਼ ਕਰਦੇ ਹਨ। ਸੁਰਾਂ ਉੱਚੀਆਂ ਚੁੱਕਦੇ ਹਨ। ਮੁੰਨੀ ਬਾਈ ਵੀ ਤੇਜ਼ੀ ਫੜਦੀ ਹੋਈ ਗਾਉਂਦੀ ਹੈ :
''ਮੈਂ ਆਈ, ਮੈਂ ਆਈ, ਜਾਮ ਭਰ-ਭਰ ਕੇ ਲਾਈ... ਲਾਈ ਲਾਈ, ਜਾਮ ਲਾਈ।''
ਚੋਣ ਮੁਹਿੰਮ ਵੇਲੇ ਨੇਤਾ ਚਿਪਕੂ ਨਾਥ ਜੀ ਵੀ ਏਦਾਂ ਹੀ ਕਰਦੇ ਹਨ। ਉਨ੍ਹਾਂ ਦੇ ਗੁਰਗੇ ਬਸਤੀਆਂ ਵਿਚ ਜਾਂਦੇ ਹਨ। ਜਾਮ ਦੇ ਬਕਸੇ ਵੀ ਚੁੱਕ-ਚੁੱਕ ਲਿਜਾਂਦੇ ਹਨ। ਗੁਰਗੇ ਸੋਸ਼ਲ ਸਟੇਟਸ (ਵੋਟਰਾਂ ਦਾ) ਕਦੀ ਨਹੀਂ ਭੁੱਲਦੇ।
ਰੂੜੀ ਮਾਰਕਾ ਵਾਲੇ ਵੋਟਰ ਦਾ ਸਟੇਟਸ ਪੀਟਰ ਸਕਾਟ ਨਹੀਂ ਬਣਨ ਦਿੰਦੇ। ਨੇਤਾ ਚਿਪਕੂ ਨਾਥ ਉਨ੍ਹਾਂ ਨੂੰ ਵਾਰ-ਵਾਰ ਸਮਝਾਉਂਦੇ ਹਨ।
ਹਰ ਇਕ ਨੂੰ ਔਕਾਤ ਮੁਤਾਬਿਕ ਜਾਮ ਦੇਣਾ ਹੈ। ਇਹ ਲੋਕ ਆਪਣੀ ਔਕਾਤ ਭੁੱਲ ਜਾਣ ਤਾਂ ਬਖੇੜਾ ਖੜ੍ਹਾ ਕਰ ਦਿੰਦੇ ਹਨ। ਰੂੜੀ ਮਾਰਕਾ ਵਾਲਾ ਰੂੜੀ ਮਾਰਕਾ ਹੀ ਰਹਿਣਾ ਚਾਹੀਦਾ ਹੈ। ਪੀਟਰ ਸਕਾਟ ਵਾਲਾ ਪੀਟਰ ਸਕਾਟ। ਇਕ ਚੋਣ ਵਿਚ ਉਨ੍ਹਾਂ ਤੋਂ ਗਲਤੀ ਹੋ ਗਈ ਸੀ। ਰੂੜੀ ਮਾਰਕਾ ਵਾਲੇ ਨੂੰ ਤਿੰਨ ਪੈੱਗ ਪੀਟਰ ਸਕਾਟ ਦੇ ਪਿਆ ਦਿੱਤੇ। ਸਹੁਰਾ ਅੰਗਰੇਜ਼ੀ ਬੋਲਣੋਂ ਹੀ ਨਾ ਹਟੇ। ਭੋਰਾ ਕੁ ਚੁੱਪ ਕਰਾਉਣ, ਮੁੜ ਸਟਾਰਟ ਹੋ ਜਾਏ। ਉਸ ਨੂੰ ਮਸਾਂ ਖਿਆਲਾਂ ਦੇ ਜਹਾਜ਼ ਤੋਂ ਹੇਠਾਂ ਉਤਾਰਿਆ ਸੀ।
ਇਕ ਗੱਲੋਂ ਨੇਤਾ ਚਿਪਕੂ ਨਾਥ ਤੇ ਮੁੰਨੀ ਬਾਈ ਲਖਨਊ ਵਾਲੀ ਦਾ ਸੁਭਾਅ ਵੱਖਰਾ ਵੀ ਹੈ। ਮੁੰਨੀ ਬਾਈ ਕਸਟਮਰਜ਼ ਤੋਂ ਨੋਟ ਲੈਂਦੀ ਹੈ। ਵਾਰਨੇ ਝਾੜਦੀ ਹੈ। ਆਪਣੇ ਸਾਜ਼ਿੰਦਿਆਂ ਲਈ ਬੋਨਸ ਵੀ ਲੈਂਦੀ ਹੈ। ਉਨ੍ਹਾਂ ਦੀ ਮਿਹਨਤ ਦਾ ਵੀ ਮੁੱਲ ਲੈਂਦੀ ਹੈ। ਉਨ੍ਹਾਂ ਦੇ ਮੁੜ੍ਹਕੇ ਨੂੰ ਜ਼ਾਇਆ ਨਹੀਂ ਜਾਣ ਦਿੰਦੀ। ਉਹ ਅਜਿਹਾ ਹਰ ਕੰਮ ਕਰਦੀ ਹੈ ਜਿਸ ਨਾਲ ਕਸਟਮਰਜ਼ ਦਿਆਲ ਹੋ ਜਾਣ, ਜਿਸ ਨਾਲ ਉਨ੍ਹਾਂ ਦੇ ਸੁੰਗੜੇ ਦਿਲ ਖੁੱਲ੍ਹੇ ਹੋ ਜਾਣ।
ਨੇਤਾ ਜੀ ਮੁੰਨੀ ਬਾਈ ਵਾਂਗ ਆਪਣੇ ਵੋਟਰਾਂ ਨੂੰ ਲੁੱਟਦੇ ਨਹੀਂ। ਚੋਣਾਂ ਵੇਲੇ ਨੇਤਾ ਜੀ ਨੋਟ ਤਾਂ ਕੀ ਆਪਣੀ ਜਾਨ ਵੀ ਵੋਟਰਾਂ 'ਤੇ ਨਿਛਾਵਰ ਕਰਨ ਲਈ ਤਿਆਰ ਰਹਿੰਦੇ ਹਨ। ਇਹੋ ਜਿਹੇ ਵੇਲੇ ਘਰ ਦੇ ਵੱਡੇ-ਵਡੇਰਿਆਂ ਨੂੰ ਆਪਣੀ ਪੈਦਾ ਕੀਤੀ ਜਨਸੰਖਿਆ 'ਤੇ ਫਖਰ ਹੁੰਦਾ ਹੈ। ਜਿੱਡਾ ਵੱਡਾ ਟੱਬਰ ਓਨੀ ਵੱਧ ਮਾਇਆ। ਹੋਰ ਤਾਂ ਹੋਰ ਇਹੋ ਜਿਹੇ ਵੇਲੇ ਮਾਇਆ ਦੇ ਨਾਲ ਨੇਤਾ ਜੀ ਆਪਣੇ ਵੋਟਰਾਂ ਨੂੰ ਗਿਫਟ ਵੀ ਦਿੰਦੇ ਹਨ। ਦਸ ਵੋਟਾਂ ਵਾਲੇ ਟੱਬਰ ਨੂੰ ਵੱਡਾ ਫਰਿਜ, ਐੱਲ. ਸੀ. ਡੀ., ਟੀ. ਵੀ., ਸੌ ਵੋਟ ਵਾਲਿਆਂ ਨੂੰ ਤਾਂ ਨੇਤਾ ਜੀ ਗੱਡੀ ਤੱਕ ਦੇਣ ਲਈ ਤਿਆਰ ਹੋ ਜਾਂਦੇ ਹਨ। ਨੇਤਾ ਜੀ ਜਾਣਦੇ ਹਨ ਕਿ ਇਹੋ ਜਿਹੇ ਵੇਲੇ ਹੱਥ ਘੁੱਟਣ ਨਾਲ ਉਨ੍ਹਾਂ ਦਾ ਬੇੜਾ ਜਾਂ ਬੇੜੀ ਡੁੱਬ ਵੀ ਸਕਦੀ ਹੈ। ਇਕ ਵਾਰ ਬੇੜੀ ਡੁੱਬ ਜਾਵੇ ਤਾਂ ਮੁੜ ਕਦੀ ਨਹੀਂ ਤਰਦੀ। ਨੇਤਾ ਜੀ ਜਾਣਦੇ ਹਨ ਕਿ ਇਹੋ ਜਿਹੇ ਮੌਕੇ ਹੱਥ ਘੁੱਟਣ ਨਾਲ ਉਨ੍ਹਾਂ ਦਾ ਗਲਾ ਵੀ ਘੁੱਟਿਆ ਜਾ ਸਕਦਾ ਹੈ। ਸਾਡੇ ਸਿਆਣੇ ਮਿੱਤਰ ਦੀ ਗੱਲ 'ਤੇ ਸਹੀ ਪਾ ਦਿਓ। ਗੱਲ ਤਾਂ ਉਸ ਨੇ ਟਿਕਾਣੇ ਦੀ ਕੀਤੀ ਹੈ। ਨੇਤਾ ਜੀ ਤੇ ਮੁੰਨੀ ਬਾਈ ਦੇ 'ਗੁਣ' ਇਕੋ ਜਿਹੇ ਹਨ। ਕੌਮ ਨੂੰ ਉਨ੍ਹਾਂ 'ਤੇ ਫਖਰ ਕਰਨਾ ਚਾਹੀਦਾ ਹੈ।
- ਕੇ. ਐੱਲ. ਗਰਗ