ਤਰਨਤਾਰਨ, (ਰਮਨ)- ਸਿਹਤ ਵਿਭਾਗ ਦੀ ਟੀਮ ਵਲੋਂ ਛਾਪੇਮਾਰੀ ਦੌਰਾਨ ਇਕ ਬਿਨਾਂ ਲਾਇਸੈਂਸ ਮੈਡੀਕਲ ਸਟੋਰ ਕਰਨ ਵਾਲੇ ਪਾਸੋਂ ਵੱਡੀ ਗਿਣਤੀ ’ਚ ਦਵਾਈਆਂ ਬਰਾਮਦ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਕ ਗੁਪਤ ਸੂਚਨਾ ਦੇ ਅਾਧਾਰ ’ਤੇ ਇਕ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ ਵਿਚ ਡਰੱਗ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਨੌਸ਼ਹਿਰਾ ਪੰਨੂਆਂ ਦੇ ਸਰਕਾਰੀ ਮੈਡੀਕਲ ਅਫਸਰ ਡਾ. ਪ੍ਰੀਤ ਕੰਵਲ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਟੀਮ ਵਲੋਂ ਪਿੰਡ ਸ਼ਹਾਬਪੁਰਾ ’ਚ ਪੰਨੂ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ ਗਈ, ਜਿਥੇ ਮੈਡੀਕਲ ਸਟੋਰ ਮਾਲਕ ਵੱਲੋਂ ਵਿਭਾਗ ਨੂੰ ਬਿਨਾਂ ਅਰਜ਼ੀ ਦਿੱਤੇ ਹੋਏ ਮੈਡੀਕਲ ਸਟੋਰ ਦੂਸਰੀ ਜਗ੍ਹਾ ’ਤੇ ਬਦਲ ਕੇ ਮਰੀਜ਼ਾਂ ਨੂੰ ਦਵਾਈਆਂ ਦਿੱਤੇ ਜਾਣ ਦਾ ਕਾਰੋਬਾਰ ਕਈ ਦਿਨਾਂ ਤੋ ਕੀਤਾ ਜਾ ਰਿਹਾ ਸੀ।
ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਦੁਕਾਨ ਮਾਲਕ ਜਿਸ ਦਾ ਨਾਮ ਸੁਖਦੀਪ ਸਿੰਘ ਪੁੱਤਰ ਮੇਜਰ ਸਿੰਘ ਮੌਕੇ ’ਤੇ ਟੀਮ ਨੂੰ ਨਾ ਤਾਂ ਕੋਈ ਡਰੱਗ ਲਾਇਸੈਂਸ ਪੇਸ਼ ਕਰ ਸਕਿਆ ਤੇ ਨਾ ਹੀ ਉਸ ਦੇ ਕੋਲ ਦਵਾਈਆਂ ਦਾ ਰਿਕਾਰਡ ਮੌਜੂਦ ਸੀ।
ਇਸ ਮੌਕੇ ਟੀਮ ਵੱਲੋਂ 33 ਕਿਸਮ ਦੀਆਂ ਵੱਖ-ਵੱਖ ਦਵਾਈਆਂ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਡਰੱਗ ਇੰਸ. ਗੁਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਦੁਕਾਨ ਮਾਲਕ ਵਲੋਂ ਵਿਭਾਗ ਨੂੰ ਬਿਨਾਂ ਦੱਸੇ ਆਪਣੀ ਦੁਕਾਨ ਨੂੰ ਦੂਸਰੀ ਜਗ੍ਹਾ ’ਤੇ ਬਦਲ ਕੇ ਕਾਰੋਬਾਰ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਬਿਨਾਂ ਲਾਇਸੈਂਸ ਕਾਰੋਬਾਰ ਕਰਨ ਦੇ ਜੁਰਮ ਹੇਠ ਡਰੱਗ ਐਂਡ ਕਾਸਮੈਟਿਕ ਐਕਟ ਅਧੀਨ ਮਾਣਯੋਗ ਅਦਾਲਤ ’ਚ ਕੇਸ ਦਾਇਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬਰਾਮਦ ਕੀਤੀਆਂ ਗਈਆਂ ਦਵਾਈਆਂ ਨੂੰ ਕਬਜ਼ੇ ਵਿਚ ਲੈ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਆਉਣ ਵਾਲੇ ਦਿਨਾਂ ਵਿਚ ਇਸ ਚੈਕਿੰਗ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਪੈਨਸ਼ਨਰਾਂ ਨੇ ਕਾਲੇ ਚੋਲੇ ਪਾ ਕੇ ਕੱਢਿਆ ਰੋਸ ਮਾਰਚ
NEXT STORY