ਅੰਮ੍ਰਿਤਸਰ (ਦੀਪਕ/ਅਨਿਲ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਨੂੰ ਹਰਿਆ-ਭਰਿਆ ਬਣਾਉਣ ਲਈ ਵਰਟੀਕਲ ਗਾਰਡਨ ਦੀ ਸ਼ੁਰੂਆਤ ਕੀਤੀ ਹੈ ਤੇ ਇਸ ਤਹਿਤ ਹੁਣ ਇਥੇ ਪਲਾਸਟਿਕ ਦੀਆਂ ਬੋਤਲਾਂ 'ਚ ਲੱਗੇ ਹੋਏ ਬੂਟੇ ਹਰਿਆਵਲ ਵੰਡਦੇ ਨਜ਼ਰ ਆਉਣਗੇ। ਸ੍ਰੀ ਦਰਬਾਰ ਸਾਹਿਬ ਵਿਖੇ ਵਰਟੀਕਲ ਗਾਰਡਨ ਦੀ ਆਰੰਭਤਾ ਮੌਕੇ ਅੱਜ ਇਨਕਮ ਟੈਕਸ ਵਿਭਾਗ ਦੇ ਮੁੱਖ ਕਮਿਸ਼ਨਰ ਪੰਜਾਬ ਬੀ. ਕੇ. ਝਾਅ, ਵਧੀਕ ਇਨਕਮ ਟੈਕਸ ਕਮਿਸ਼ਨਰ ਲੁਧਿਆਣਾ ਰੋਹਿਤ ਮਹਿਰਾ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਪ੍ਰਿਤਪਾਲ ਸਿੰਘ ਲੁਧਿਆਣਾ ਤੇ ਸ਼੍ਰੋਮਣੀ ਕਮੇਟੀ ਮੈਂਬਰ ਜਗਬੀਰ ਸਿੰਘ ਸੋਖੀ ਸਮੇਤ ਹੋਰ ਪ੍ਰਮੁੱਖ ਸ਼ਖਸੀਅਤਾਂ ਮੌਜੂਦ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਗੁਰੂ ਸਾਹਿਬਾਨ ਵੱਲੋਂ ਵਾਤਾਵਰਣ ਦੀ ਸਾਂਭ-ਸੰਭਾਲ ਨੂੰ ਦਿੱਤੀ ਗਈ ਪ੍ਰਮੁੱਖਤਾ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਵਰਟੀਕਲ ਗਾਰਡਨ ਵਿਧੀ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਇਸ ਹਰਿਆਵਲ ਲਹਿਰ ਵਿਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ ਤੇ ਇਨਕਮ ਟੈਕਸ ਵਿਭਾਗ ਦੇ ਕੁਝ ਸੀਨੀਅਰ ਅਧਿਕਾਰੀਆਂ ਦਾ ਵਿਸ਼ੇਸ਼ ਸਹਿਯੋਗ ਲਿਆ ਜਾਵੇਗਾ। ਵਰਟੀਕਲ ਗਾਰਡਨ ਵਾਤਾਵਰਣ ਨੂੰ ਹਰਿਆ-ਭਰਿਆ, ਸਾਫ-ਸੁਥਰਾ, ਸੁਗੰਧੀ ਭਰਪੂਰ ਤੇ ਪ੍ਰਦੂਸ਼ਣ-ਮੁਕਤ ਕਰੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਇਸ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਰਤੇ ਜਾਂਦੇ ਪਲਾਸਟਿਕ ਦੇ ਲਿਫਾਫਿਆਂ 'ਤੇ ਮੁਕੰਮਲ ਪਾਬੰਦੀ ਲਾਈ ਜਾ ਚੁੱਕੀ ਹੈ। ਇਸ ਤੋਂ ਇਲਾਵਾ ਗੁ. ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਨਜ਼ਦੀਕ ਅੰਤਰਰਾਸ਼ਟਰੀ ਪੱਧਰ ਅਨੁਸਾਰ ਗੁਰੂ ਕਾ ਬਾਗ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿਚ ਮੈਡੀਸਨ ਪਲਾਂਟਸ ਵੀ ਵਿਸ਼ੇਸ਼ ਤੌਰ 'ਤੇ ਲਾਏ ਜਾਣਗੇ।
ਇਸ ਮੌਕੇ ਇਨਕਮ ਟੈਕਸ ਵਿਭਾਗ ਦੇ ਮੁੱਖ ਕਮਿਸ਼ਨਰ ਬੀ.ਕੇ. ਝਾਅ ਨੇ ਕਿਹਾ ਕਿ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰਿਆਵਲ ਮੁਹਿੰਮ ਦਾ ਹਿੱਸਾ ਬਣਨ 'ਤੇ ਉਹ ਆਪਣੇ-ਆਪ ਨੂੰ ਵੱਡਭਾਗਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਇਸ ਅਸਥਾਨ ਤੋਂ ਕੋਈ ਵੀ ਸੰਦੇਸ਼ ਸਮੁੱਚੀ ਦੁਨੀਆ ਲਈ ਵੱਡੇ ਅਰਥ ਰੱਖਦਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਵਰਟੀਕਲ ਗਾਰਡਨ ਮੁਹਿੰਮ ਨੂੰ ਵੀ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾਵੇਗਾ ਤੇ ਉਹ ਆਪਣੇ ਘਰਾਂ 'ਚ ਵੀ ਇਸ ਨੂੰ ਲਾਗੂ ਕਰਨਗੀਆਂ।
ਅਣਪਛਾਤੇ ਨੌਜਵਾਨਾਂ ਨੇ ਦਿਨ-ਦਿਹਾੜੇ ਲੜਕੀ ਤੋਂ ਸਕੂਟਰੀ ਖੋਹੀ
NEXT STORY