ਅੰਮ੍ਰਿਤਸਰ (ਰਮਨ)- ਮਹਾਨਗਰ ਵਿਚ ਐੱਲ. ਪੀ. ਜੀ. ਗੈਸ ਦੀ ਕਮੀ ਨੇ ਹੋਟਲ, ਢਾਬਾ ਅਤੇ ਕੇਟਰਿੰਗ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕਈ ਗੈਸ ਏਜੰਸੀਆਂ ਕੋਲ ਸੀਮਤ ਸਟਾਕ ਹੀ ਬਚਿਆ ਹੈ, ਜਿਸ ਕਾਰਨ ਸ਼ਹਿਰ ਦੇ ਕਈ ਹੋਟਲ ਅਤੇ ਢਾਬਾ ਚਲਾਉਣ ਵਾਲਿਆਂ ਦੇ ਸਾਹਮਣੇ ਕੰਮ ਬੰਦ ਹੋਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਗੁਰੂ ਨਗਰੀ ਵਿਚ ਹਰ ਰੋਜ਼ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ ਅਤੇ ਅੰਮ੍ਰਿਤਸਰ ਖਾਣ-ਪੀਣ ਲਈ ਵੀ ਕਾਫ਼ੀ ਮਸ਼ਹੂਰ ਹੈ। ਅਜਿਹੇ ਵਿਚ ਜੇਕਰ ਹੋਟਲਾਂ ਅਤੇ ਢਾਬਿਆਂ ਕੋਲ ਐੱਲ. ਪੀ. ਜੀ. ਦੀ ਕਮੀ ਹੋ ਗਈ ਤਾਂ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਸਕਦਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 14 ਤੇ 15 ਮਾਰਚ ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਕਈ ਏਜੰਸੀਆਂ ਕੋਲ ਸਟਾਕ ਖਤਮ ਹੋਣ ਦੇ ਕਗਾਰ ’ਤੇ
ਹੋਟਲ ਅਤੇ ਢਾਬਾ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਿਰਫ਼ ਦੋ ਤੋਂ ਤਿੰਨ ਦਿਨਾਂ ਦਾ ਹੀ ਗੈਸ ਸਟਾਕ ਬਚਿਆ ਹੈ। ਜੇਕਰ ਜਲਦੀ ਸਪਲਾਈ ਨਾਰਮਲ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਵਿਚ ਕਈ ਛੋਟੇ ਹੋਟਲ, ਢਾਬੇ ਅਤੇ ਕੇਟਰਿੰਗ ਯੂਨਿਟ ਬੰਦ ਕਰਨ ਦੀ ਨੌਬਤ ਆ ਸਕਦੀ ਹੈ। ਇਸ ਦੇ ਨਾਲ ਹੀ ਵਿਆਹ-ਸਮਾਗਮ ਅਤੇ ਵੱਡੇ ਪ੍ਰੋਗਰਾਮਾਂ ਵਿਚ ਖਾਣ-ਪੀਣ ਦੀ ਵਿਵਸਥਾ ਪ੍ਰਭਾਵਿਤ ਹੋਣ ਦਾ ਵੀ ਡਰ ਜਤਾਇਆ ਜਾ ਰਿਹਾ ਹੈ। ਗੈਸ ਦੀ ਕਮੀ ਦੀ ਖ਼ਬਰ ਸਾਹਮਣੇ ਆਉਂਦੇ ਹੀ ਬਾਜ਼ਾਰ ਵਿਚ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ। ਹਾਲਾਂਕਿ ਜ਼ਿਲਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਐੱਲ. ਪੀ. ਜੀ., ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ।
ਇਹ ਵੀ ਪੜ੍ਹੋ- ਪੰਜਾਬ ਪੁਲਸ ਦੇ ASI ਦੀ ਦਰਦਨਾਕ ਮੌਤ
ਏਜੰਸੀਆਂ ਨੂੰ ਗਾਹਕਾਂ ਦੀ ਮੰਗ ਪੂਰੀ ਕਰਨ ਵਿਚ ਮੁਸ਼ਕਲ
ਗੈਸ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਬੋਟਲਿੰਗ ਪਲਾਂਟ ਤੋਂ ਘੱਟ ਮਾਤਰਾ ਵਿਚ ਸਿਲੰਡਰ ਪਹੁੰਚਣ ਕਾਰਨ ਏਜੰਸੀਆਂ ਨੂੰ ਗਾਹਕਾਂ ਦੀ ਮੰਗ ਪੂਰੀ ਕਰਨ ਵਿਚ ਮੁਸ਼ਕਲ ਆ ਰਹੀ ਹੈ। ਘੱਟ ਸਪਲਾਈ ਦੇ ਕਾਰਨ ਬਾਜ਼ਾਰ ਵਿਚ ਕਾਲਾਬਾਜ਼ਾਰੀ ਵਧ ਰਹੀ ਹੈ ਅਤੇ ਕਮਰਸ਼ੀਅਲ ਗੈਸ ਸਿਲੰਡਰ ਮਹਿੰਗੇ ਭਾਅ ’ਤੇ ਵੇਚੇ ਜਾਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਇਕ ਮਹੀਨਾ ਪਹਿਲਾਂ ਜਿੱਥੇ ਕਮਰਸ਼ੀਅਲ ਗੈਸ ਸਿਲੰਡਰ ਲਗਭਗ 1850 ਰੁਪਏ ਵਿਚ ਮਿਲ ਜਾਂਦਾ ਸੀ, ਹੁਣ ਇਸ ਦਾ ਸਰਕਾਰੀ ਰੇਟ ਕਰੀਬ 2010 ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਬਲੈਕ ਵਿਚ ਇਸ ਦੀ ਕੀਮਤ 2500 ਤੋਂ 3000 ਰੁਪਏ ਤੱਕ ਪਹੁੰਚ ਗਈ ਹੈ। ਹੋਟਲ ਅਤੇ ਰੈਸਟੋਰੈਂਟ ਚਲਾਉਣ ਵਾਲਿਆਂ ਨੇ ਸਰਕਾਰ ਅਤੇ ਤੇਲ ਕੰਪਨੀਆਂ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਗੈਸ ਦੀ ਸਪਲਾਈ ਨਾਰਮਲ ਕੀਤੀ ਜਾਵੇ ਤਾਂ ਜੋ ਕਾਰੋਬਾਰ ਪ੍ਰਭਾਵਿਤ ਨਾ ਹੋਵੇ। ਸ਼ਹਿਰ ਦੇ ਹੋਟਲ ਅਤੇ ਢਾਬਾ ਮਾਲਕਾਂ ਦਾ ਕਹਿਣਾ ਹੈ ਕਿ ਜੇਕਰ ਹਾਲਾਤ ਜਲਦੀ ਠੀਕ ਨਾ ਹੋਏ ਤਾਂ ਟੂਰਿਜ਼ਮ ਅਤੇ ਖਾਣ-ਪੀਣ ਨਾਲ ਜੁੜੇ ਕਾਰੋਬਾਰ ’ਤੇ ਵੀ ਵੱਡਾ ਅਸਰ ਪਵੇਗਾ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਸ ਸਮੱਸਿਆ ਦੇ ਹੱਲ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ: ਭੈਣ-ਭਰਾ ਨੇ ਰਾਤ ਨੂੰ ਖਾਧੀ ਸੀ ਚਾਪ! ਸਵੇਰੇ ਹੋ ਗਈ ਦੋਵਾਂ ਦੀ ਮੌਤ
ਗੈਸ ਦੀ ਕਮੀ ਨਾਲ ਵਧੀਆਂ ਮੁਸ਼ਕਲਾਂ
• ਹੋਟਲ ਅਤੇ ਢਾਬਿਆਂ ਦੇ ਕੰਮਕਾਜ ’ਤੇ ਸੰਕਟ।
• ਕੇਟਰਿੰਗ ਕਾਰੋਬਾਰੀਆਂ ਲਈ ਵੱਡੀ ਚੁਣੌਤੀ।
• ਬਲੈਕ ਵਿਚ ਮਹਿੰਗੇ ਭਾਅ ’ਤੇ ਵਿਕ ਰਹੇ ਸਿਲੰਡਰ।
• ਵਪਾਰੀਆਂ ਵੱਲੋਂ ਸਰਕਾਰ ਕੋਲ ਸਪਲਾਈ ਵਧਾਉਣ ਦੀ ਮੰਗ।
ਕੀ ਕਹਿਣਾ ਹੈ ਹੋਟਲ-ਰੈਸਟੋਰੈਂਟ ਮਾਲਕਾਂ ਦਾ?
ਕਮਰਸ਼ੀਅਲ ਸਿਲੰਡਰ ਦੇ ਨਾਲ-ਨਾਲ ਘਰੇਲੂ ਸਿਲੰਡਰਾਂ ਨੂੰ ਲੈ ਕੇ ਵੀ ਸਮੱਸਿਆ ਆ ਰਹੀ ਹੈ। ਸਰਕਾਰ ਨੂੰ ਇਸ ਮਾਮਲੇ ’ਤੇ ਠੋਸ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਕਾਰੋਬਾਰ ਦਾ ਬੁਰਾ ਹਾਲ ਹੋ ਜਾਵੇਗਾ। –ਰਜਿੰਦਰ ਸ਼ਰਮਾ
ਕਮਰਸ਼ੀਅਲ ਐੱਲ. ਪੀ. ਜੀ. ਸਿਲੰਡਰ ਦੀ ਕਮੀ ਦੇ ਨਾਲ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ। ਹੋਟਲ ਕਾਰੋਬਾਰੀ ਇਸ ਕਰ ਕੇ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਸਿਲੰਡਰ ਸਪਲਾਈ ਕਰਨ ਵਾਲੇ ਮਨਮਾਨੇ ਭਾਅ ਮੰਗ ਰਹੇ ਹਨ। –ਕਰਨਵੀਰ ਰਾਜਾ
ਜੇਕਰ ਸਰਕਾਰ ਨੇ ਜਲਦੀ ਢੁੱਕਵੇਂ ਕਦਮ ਨਾ ਚੁੱਕੇ ਤਾਂ ਹੋਟਲ ਅਤੇ ਰੈਸਟੋਰੈਂਟ ਮਾਲਕ ਆਪਣੇ ਕਾਰੋਬਾਰ ਬੰਦ ਕਰਨ ਲਈ ਮਜ਼ਬੂਰ ਹੋ ਸਕਦੇ ਹਨ। ਕਾਲਾਬਾਜ਼ਾਰੀਆਂ ’ਤੇ ਨਕੇਲ ਪਾਉਣ ਲਈ ਪ੍ਰਸ਼ਾਸਨ ਨੂੰ ਹੈਲਪਲਾਈਨ ਨੰਬਰ ਵੀ ਜਾਰੀ ਕਰਨਾ ਚਾਹੀਦਾ ਹੈ। –ਨਾਜਰ ਸਿੰਘ
ਪ੍ਰਸ਼ਾਸਨ ਨੂੰ ਗੈਸ ਏਜੰਸੀਆਂ ’ਤੇ ਸਖ਼ਤ ਨਿਗਰਾਨੀ ਰੱਖਣੀ ਚਾਹੀਦੀ ਹੈ। ਅੰਮ੍ਰਿਤਸਰ ਵਿਚ ਪਹਿਲਾਂ ਹੀ ਹੋਟਲਾਂ ਦਾ ਕਾਰੋਬਾਰ ਪ੍ਰਭਾਵਿਤ ਹੈ ਅਤੇ ਹੁਣ ਐੱਲ. ਪੀ. ਜੀ. ਸਿਲੰਡਰਾਂ ਦੀ ਕਾਲਾਬਾਜ਼ਾਰੀ ਨੇ ਹੋਰ ਮੁਸ਼ਕਲਾਂ ਵਧਾ ਦਿੱਤੀਆਂ ਹਨ। –ਮਧੁਰ ਮਹਾਜਨ
ਟੂਰਿਸਟਾਂ ਦੀ ਘੱਟ ਗਿਣਤੀ ਕਾਰਨ ਪਹਿਲਾਂ ਹੀ ਹੋਟਲ ਕਾਰੋਬਾਰ ਪ੍ਰਭਾਵਿਤ ਹੈ। ਜੋ ਕੁਝ ਕੰਮ ਚੱਲ ਰਿਹਾ ਹੈ, ਉਹ ਵੀ ਐੱਲ. ਪੀ. ਜੀ. ਦੀ ਕਮੀ ਕਾਰਨ ਬੰਦ ਹੋ ਸਕਦਾ ਹੈ। ਜੇਕਰ ਇਹੀ ਹਾਲ ਰਿਹਾ ਤਾਂ ਹੋਟਲਾਂ ’ਤੇ ਤਾਲੇ ਲੱਗਣ ਦੀ ਨੌਬਤ ਆ ਸਕਦੀ ਹੈ। –ਅਮਿਤ ਕੁਮਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪਾਵਰਕਾਮ ਦਾ ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਖ਼ਿਲਾਫ਼ ਵੱਡਾ ਐਕਸ਼ਨ, ਕੱਟੇ ਬਿਜਲੀ ਦੇ ਕੁਨੈਕਸ਼ਨ
NEXT STORY