ਗੁਰਦਾਸਪੁਰ,(ਵਿਨੋਦ)— ਚੱਢਾ ਸ਼ੂਗਰ ਮਿੱਲ ਕੀੜੀ ਅਫਗਾਨ ਵਿਚ ਇਕ ਸੀਰਾ ਟੈਂਕਰ ਤੋਂ ਗਰਮ ਸੀਰਾ ਉੱਬਲ ਕੇ ਰਜਵਾਹੇ ਦੇ ਰਸਤੇ ਬਿਆਸ ਦਰਿਆ 'ਚ ਚਲੇ ਜਾਣ ਕਾਰਨ ਬਿਆਸ ਦਰਿਆ 'ਚ ਲਗਭਗ 10 ਲੱਖ ਮੱਛੀਆਂ ਦੇ ਮਾਰੇ ਜਾਣ ਦੇ ਕਾਰਨ ਜਿੰਨਾਂ ਜ਼ਿਲਿਆਂ 'ਚ ਬਿਆਸ ਦਰਿਆ ਪੈਦਾ ਹੈ, ਉਨ੍ਹਾਂ 'ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਦਕਿ ਜਿਸ ਸੀਰੇ ਕਾਰਨ ਮੱਛੀਆ ਦੀ ਮੌਤ ਹੋਈ ਹੈ, ਉਸ ਤੋਂ ਸ਼ਰਾਬ ਤਿਆਰ ਹੁੰਦੀ ਹੈ ਅਤੇ ਇਸ 'ਚ ਕੁਝ ਹੋਰ ਜ਼ਹਿਰੀਲੇ ਤੱਤ ਵੀ ਹੁੰਦੇ ਹਨ, ਜੋ ਮਨੁੱਖ ਦੇ ਲਈ ਖਤਰਨਾਕ ਨਹੀਂ ਹੁੰਦੇ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲਾ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੇ ਦੱਸਿਆ ਕਿ ਬੀਤੀ ਸ਼ਾਮ ਜਿਵਂ ਹੀ ਸਾਨੂੰ ਚੱਢਾ ਸ਼ੂਗਰ ਮਿੱਲ ਤੋਂ ਸ਼ੀਰੇ ਦੇ ਰਿਸਾਅ ਦੇ ਕਾਰਨ ਮੱਛੀਆਂ ਦੇ ਮਾਰੇ ਜਾਣ ਦੀ ਖਬਰ ਮਿਲੀ ਤਾਂ ਤੁਰੰਤ ਉਸ ਤੋਂ ਬਾਅਦ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ ਸਨ। ਇਸ ਦੇ ਨਾਲ ਹੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਮਿੱਲ ਵਿਚ ਪਹੁੰਚ ਗਏ ਸਨ। ਮਿੱਲ ਪ੍ਰਬੰਧਕਾਂ ਨੇ ਜੇ.ਸੀ.ਬੀ ਮਸ਼ੀਨ ਲਗਾ ਕੇ ਸੀਰੇ ਨੂੰ ਰੋਕਣ ਦੀ ਬਹੁਤ ਕੌਸ਼ਿਸ ਕੀਤੀ ਸੀ ਪਰ ਸੀਰੇ ਦੀ ਮਾਤਰਾ ਇੰਨੀ ਜ਼ਿਆਦਾ ਸੀ ਕਿ ਉਸ ਨੂੰ ਰੋਕਣਾ ਮੁਸ਼ਕਲ ਸੀ। ਇਸ ਸੰਬੰਧੀ ਸੰਬੰਧਿਤ ਜ਼ਿਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਸੀ ।
ਕੀ ਕਹਿੰਦੇ ਹਨ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਕੁਲਦੀਪ ਸਿੰਘ।
ਮੌਕੇ 'ਤੇ ਪਹੁੰਚੇ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਕੁਲਦੀਪ ਸਿੰਘ ਨਾਲ ਜਦ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕੁਝ ਹੋਰ ਹੀ ਢੰਗ ਨਾਲ ਲਿਆ ਜਾ ਰਿਹਾ ਹੈ। ਮਿੱਲ 'ਚ ਕਿਸੇ ਤਰ੍ਹਾਂ ਦਾ ਕੋਈ ਬਲਾਇਰ ਜਾਂ ਟੈਂਕਰ ਨਹੀਂ ਫਟਿਆ ਹੈ। ਉਨ੍ਹਾਂ ਦੱਸਿਆ ਕਿ ਜਿਸ ਟੈਂਕ 'ਚ ਸੀਰਾ ਭਰਿਆ ਹੋਇਆ ਸੀ, ਉਸ ਦੀ ਸਮਰੱਥਾ ਲਗਭਗ ਇਕ ਕਰੋੜ ਕਿਲੋਗ੍ਰਾਂਮ ਸੀਰਾ ਸਟੋਰ ਕਰਨ ਦੀ ਹੈ। ਇਸ ਟੈਂਕ ਨੂੰ ਗਰਮ ਕਰਕੇ ਇਸ 'ਚ ਭਰੇ ਸੀਰੇ ਨੂੰ ਗਰਮ ਕੀਤਾ ਜਾਂਦਾ ਹੈ, ਜੋ ਅੱਗੇ ਸ਼ਰਾਬ ਬਣਾਉਣ ਦੇ ਲਈ ਭੇਜਿਆ ਜਾਂਦਾ ਹੈ ਪਰ ਇਸ ਟੈਂਕ 'ਚ ਸੀਰਾ ਬਹੁਤ ਜ਼ਿਆਦਾ ਗਰਮ ਹੋਣ ਦੇ ਕਾਰਨ ਉਹ ਟੈਂਕ 'ਚੋਂ ਉਬਲਣਾ ਸ਼ੁਰੂ ਹੋ ਗਿਆ ਅਤੇ ਲਗਭਗ 50,000 ਕਿਲੋ ਸੀਰਾ ਉੱਬਲ ਕੇ ਟੈਂਕ 'ਚੋਂ ਬਾਹਰ ਆ ਗਿਆ। ਇਸ ਸੀਰੇ ਨੂੰ ਪ੍ਰਬੰਧਕਾਂ ਨੇ ਰੋਕਣ ਦੀ ਬਹੁਤ ਕੌਸ਼ਿਸ਼ ਕੀਤੀ ਪਰ ਉਹ ਸਫ਼ਲ ਨਹੀਂ ਹੋ ਸਕੇ। ਇਹ ਸੀਰਾ ਇਕ ਰਜਵਾਹੇ ਦੇ ਰਸਤੇ ਬਿਆਸ ਦਰਿਆ ਵਿਚ ਚਲਾ ਗਿਆ। 
ਮੱਛੀਆਂ ਦੇ ਮਰਨ ਦਾ ਕੀ ਹੈ ਕਾਰਨ
ਉਕਤ ਅਧਿਕਾਰੀ ਨੇ ਦੱਸਿਆ ਕਿ ਸੀਰੇ ਦੇ ਬਿਆਸ ਦਰਿਆ 'ਚ ਜਾਣ ਦੇ ਕਾਰਨ ਇਹ ਪਾਣੀ ਦੇ ਉੱਪਰ ਫੈਲ ਗਿਆ ਅਤੇ ਸਾਰਾ ਪਾਣੀ ਕਾਲਾ ਦਿਖਾਈ ਦੇਣ ਲੱਗਾ। ਮੱਛੀਆਂ ਨੂੰ ਆਕਸੀਜਨ ਲੈਣ ਲਈ ਬਾਰ-ਬਾਰ ਪਾਣੀ ਦੀ ਉੱਪਰਲੀ ਸਤਾ 'ਤੇ ਆਉਣਾ ਪੈਂਦਾ ਹੈ ਪਰ ਪਾਣੀ ਦੇ ਉੱਪਰ ਦੀ ਸਤਾ 'ਤੇ ਸੀਰਾ ਫੈਲ ਜਾਣ ਕਾਰਨ ਮੱਛੀਆਂ ਨੂੰ ਆਕਸੀਜਨ ਨਹੀਂ ਮਿਲ ਸਕੀ ਅਤੇ ਉਹ ਦਮ ਤੋੜ ਗਈਆਂ। ਉਨ੍ਹਾਂ ਕਿਹਾ ਕਿ ਇਹ ਠੀਕ ਹੈ ਕਿ ਸੀਰੇ 'ਚ ਕੁਝ ਤੱਤ ਅਜਿਹੇ ਹੁੰਦੇ ਹਨ, ਜੋ ਮਾਮੂਲੀ ਜ਼ਹਿਰੀਲੇ ਹੁੰਦੇ ਹਨ ਪਰ ਉਸ ਦੇ ਪ੍ਰਯੋਗ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ।
ਕੀ ਕਹਿੰਦੇ ਹਨ ਇਲਾਕੇ ਦੇ ਲੋਕ।
ਇਸ ਸੰਬੰਧੀ ਪਿੰਡ ਨਿਵਾਸੀ ਬਲਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ ਕੀੜੀ ਅਫਗਵਾਨਾ ਨੇ ਦੋਸ਼ ਲਗਾਇਆ ਹੈ ਕਿ ਟੈਂਕ 'ਚੋਂ ਸੀਰਾ ਓਵਰ ਫਲੋ ਹੋਣ ਦੀ ਘਟਨਾ ਬੁੱਧਵਾਰ ਦੀ ਹੈ ਪਰ ਮਿੱਲ ਪ੍ਰਬੰਧਕਾਂ ਨੇ ਕੋਈ ਠੋਸ ਪ੍ਰਬੰਧ ਨਹੀਂ ਕੀਤਾ। ਜਿਸ ਨਾਲ ਸੀਰਾ ਦਰਿਆ 'ਚ ਜਾਣ ਤੋਂ ਰੋਕਿਆ ਜਾ ਸਕਦਾ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਸਨ ਪਰ ਉਨ੍ਹਾਂ ਨੇ ਵੀ ਇਸ ਮਾਮਲੇ ਨੂੰ ਗੰਭੀਰ ਨਾਲ ਨਹੀਂ ਲਿਆ, ਜਦਕਿ ਪਹਿਲਾਂ ਵੀ ਇਹ ਮਿੱਲ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਇਸ ਸੰਬੰਧੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਢਾਈ ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ
NEXT STORY