ਅੰਮ੍ਰਿਤਸਰ— ਵਿਆਹ 'ਤੇ 40 ਲੱਖ ਰੁਪਏ ਖਰਚ ਕਰ ਦੇਣ ਦੇ ਬਾਵਜੂਦ ਵੀ ਜਦ ਦਾਜ ਦੇ ਲਾਲਚੀਆਂ ਦਾ ਦਿਲ ਨਹੀਂ ਭਰਿਆ ਤਾਂ ਫਾਰਚੂਨਰ ਦੀ ਮੰਗ ਕਰਦਿਆਂ ਲੜਕੀ 'ਤੇ ਦੂਸ਼ਣਬਾਜ਼ੀ ਕੀਤੀ ਅਤੇ ਕੁੱਟ-ਮਾਰ ਕਰ ਕੇ ਸਹੁਰਾ ਪਰਿਵਾਰ ਘਰ ਵਿਚ ਹੀ ਬੰਦੀ ਬਣਾ ਕੇ ਆਪ ਘਰੋਂ ਨਿਕਲ ਗਿਆ। ਪੁਲਸ ਅਤੇ ਮੁਹੱਲੇ ਵਾਲਿਆਂ ਦੀ ਮਦਦ ਨਾਲ ਲੜਕੀ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੰਮ੍ਰਿਤਸਰ ਦੇ ਜਸਪਾਲ ਨਗਰ, ਮੰਦਰ ਵਾਲੀ ਗਲੀ, ਸੁਲਤਾਨਵਿੰਡ ਰੋਡ ਦੇ ਬਲਵਿੰਦਰ ਸਿੰਘ ਬਿੱਲਾ ਨੇ ਉਸ ਦੀ ਲੜਕੀ ਨਾਲ ਸਹੁਰੇ ਪਰਿਵਾਰ ਦੇ ਜ਼ੁਲਮ ਦੀ ਦਾਸਤਾਨ ਸੁਣਾਉਂਦਿਆਂ ਕੀਤਾ। ਪੱਤਰਕਾਰਾਂ ਦੇ ਭਾਰੀ ਇਕੱਠ ਨੂੰ ਆਪਣਾ ਦੁੱਖ ਦੱਸਦਿਆਂ ਬਲਵਿੰਦਰ ਸਿੰਘ ਬਿੱਲਾ ਦੀ ਸਪੁੱਤਰੀ ਕੋਮਲਪ੍ਰੀਤ ਕੌਰ ਨੇ ਕਿਹਾ ਕਿ ਮੇਰਾ ਵਿਆਹ ਤਰਨਤਾਰਨ ਦੀ ਗਲੀ ਢੌਟੀਆਂ ਵਾਲੀ ਦੇ ਇੰਦਰਜੀਤ ਸਿੰਘ ਨਾਲ ਤਕਰੀਬਨ ਇਕ ਸਾਲ ਪਹਿਲਾਂ ਹੋਇਆ ਸੀ। ਮੇਰੀ ਜ਼ਿੰਦਗੀ ਨੂੰ ਬਰਬਾਦ ਕਰਨ ਵਾਲਾ ਜਸਪਾਲ ਨਗਰ, ਗਲੀ ਨੰਬਰ 2 ਦਾ ਪ੍ਰਤਾਪ ਸਿੰਘ ਪੱਖਿਆਂ ਵਾਲਾ, ਉਸ ਦਾ ਪੁੱਤਰ ਸ਼ੇਰੂ ਅਤੇ ਬਾਕੀ ਪਰਿਵਾਰ ਹੈ। ਉਸ ਨੇ ਕਿਹਾ ਕਿ 12 ਮਈ 2018 ਨੂੰ ਉਕਤ ਵਿਅਕਤੀ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਨੇ ਹਮ-ਸਲਾਹ ਹੋ ਕੇ ਮੈਨੂੰ ਅਗਵਾ ਕਰ ਲਿਆ ਅਤੇ ਘਰ ਵਿਚ ਪਏ ਸੋਨੇ ਦੇ ਗਹਿਣੇ ਅਤੇ 6 ਲੱਖ ਰੁਪਏ ਨਕਦੀ ਵੀ ਲੈ ਗਏ ਸਨ, ਜਿਸ ਦੀ ਮੇਰੀ ਮਾਤਾ ਨੀਲਮ ਕੌਰ ਵਲੋਂ ਐੱਫ. ਆਈ. ਆਰ. ਥਾਣਾ ਸੁਲਤਾਨਵਿੰਡ ਰੋਡ ਵਿਖੇ ਦਰਜ ਕਰਵਾਈ ਗਈ ਸੀ। ਦੋਸ਼ੀ ਮੈਨੂੰ ਗੱਡੀ 'ਚ ਅਗਵਾ ਕਰ ਕੇ ਲੈ ਗਏ ਅਤੇ ਫਿਰ ਉਸੇ ਗੱਡੀ ਵਿਚ ਮੈਨੂੰ ਥਾਣਾ ਸੁਲਤਾਨਵਿੰਡ ਦੇ ਸਾਹਮਣੇ ਲਿਆ ਕੇ ਪ੍ਰਤਾਪ ਸਿੰਘ ਅਤੇ ਉਸ ਦੇ ਜਵਾਈ ਅਤੇ ਰੂਬਲ ਵੱਲੋਂ ਛੱਡ ਦਿੱਤਾ ਗਿਆ। ਮੇਰੇ ਨਾਲ ਇੰਨਾ ਕੁਝ ਕਰ ਕੇ ਵੀ ਪ੍ਰਤਾਪ ਸਿੰਘ ਨੂੰ ਮੇਰੇ ਸਹੁਰੇ ਘਰ ਵਸਣਾ ਬਰਦਾਸ਼ਤ ਨਹੀਂ ਹੋਇਆ ਅਤੇ ਉਸ ਨੇ ਮੇਰੇ ਸਹੁਰੇ ਘਰ ਵਾਲਿਆਂ ਨੂੰ ਮੇਰੇ ਖਿਲਾਫ਼ ਝੂਠੀ ਦੂਸ਼ਣਬਾਜ਼ੀ ਲਾ ਕੇ ਭੜਕਾ ਦਿੱਤਾ ਅਤੇ ਉਨ੍ਹਾਂ ਮੇਰੀ ਮਾਰ ਕੁਟਾਈ ਕਰ ਕੇ ਅਤੇ ਦੂਸ਼ਣਬਾਜ਼ੀ ਲਾ ਕੇ ਮੈਨੂੰ ਘਰ ਵਿਚ ਹੀ ਬੰਦ ਕਰ ਦਿੱਤਾ। ਇਸ ਘਿਨੌਣੀ ਕਾਰਵਾਈ 'ਤੇ ਤਰਨ-ਤਾਰਨ ਦੇ ਥਾਣਾ ਸਿਟੀ ਵਿਚ ਮੇਰੇ ਸਹੁਰੇ ਪਰਿਵਾਰ ਅਤੇ ਪ੍ਰਤਾਪ ਸਿੰਘ ਪੱਖਿਆਂ ਵਾਲੇ ਦੇ ਪਰਿਵਾਰ 'ਤੇ ਮੇਰੇ ਬਿਆਨਾ ਅਨੁਸਾਰ ਥਾਣਾ ਸਿਟੀ ਤਰਨਤਾਰਨ ਵਿਖੇ 9 ਵਿਅਕਤੀਆਂ 'ਤੇ ਪਰਚਾ ਦਰਜ ਹੋਇਆ ਹੈ, ਪਰ ਹਾਲੇ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ।
ਇਸ ਸਬੰਧੀ ਜਦ ਪ੍ਰਤਾਪ ਸਿੰਘ ਪੱਖਿਆਂ ਵਾਲੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬਿੱਲਾ ਅਤੇ ਉਸਦੀ ਪੁੱਤਰੀ ਵੱਲੋਂ ਮੇਰੇ 'ਤੇ ਲਾਏ ਦੋਸ਼ ਬਿਲਕੁਲ ਝੂਠੇ ਹਨ। ਉਨ੍ਹਾਂ ਵੱਲੋਂ ਪਹਿਲਾਂ ਵੀ ਮੇਰੇ 'ਤੇ ਜੋ ਦੋਸ਼ ਲਾਏ ਗਏ ਉਸ ਦੀ ਇਨਕੁਆਰੀ ਵਿਚੋਂ ਮੈਂ, ਮੇਰਾ ਬੇਟਾ ਅਤੇ ਪਰਿਵਾਰ ਬਰੀ ਹੋ ਚੁੱਕੇ ਹਾਂ। ਬਿੱਲਾ ਦੀ ਧੀ ਮੇਰੀ ਵੀ ਧੀ ਹੈ।
ਕੀ ਕਹਿੰਦੇ ਨੇ ਏ. ਐੱਸ. ਆਈ.
ਇਸ ਸਬੰਧੀ ਜਦ ਤਰਨਤਾਰਨ ਦੇ ਥਾਣਾ ਸਿਟੀ ਦੇ ਏ. ਐਸ. ਆਈ. ਬਲਵਿੰਦਰ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੋਮਲਪ੍ਰੀਤ ਦੇ ਸਹੁਰੇ ਪਰਿਵਾਰ 'ਤੇ ਕਾਰਵਾਈ ਕੀਤੀ ਗਈ ਹੈ ਪਰ ਉਹ ਘਰੋਂ ਭਗੌੜੇ ਨੇ, ਉਨ੍ਹਾਂ ਦੀ ਦੁਕਾਨ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਬਹੁਤ ਜਲਦ ਫੜ ਲਏ ਜਾਣਗੇ ਅਤੇ ਪੱਖਿਆਂ ਵਾਲੇ 'ਤੇ ਵੀ ਕਾਰਵਾਈ ਕੀਤੀ ਜਾਵੇਗੀ।
ਆਧਾਰ ਕਾਰਡ ਸਹੀ ਕਰਵਾਉਣ ਤੇ ਨਵੇਂ ਬਣਾਉਣ ਲਈ ਲੋਕ ਧੱਕੇ ਖਾਣ ਲਈ ਮਜ਼ਬੂਰ
NEXT STORY