ਅੰਮ੍ਰਿਤਸਰ (ਅਰੋੜਾ)-ਕੇਂਦਰ ਅਤੇ ਪੰਜਾਬ ਸਰਕਾਰ ਨੇ ਹਰੇਕ ਸਰਕਾਰੀ ਅਤੇ ਗੈਰ-ਸਰਕਾਰੀ ਦਫਤਰ 'ਚ ਆਪਣੀ ਸ਼ਨਾਖਤ ਸਾਬਤ ਕਰਨ ਲਈ ਆਧਾਰ ਕਾਰਡ ਜ਼ਰੂਰੀ ਕੀਤਾ ਹੋਇਆ ਹੈ ਪਰ ਇਨ੍ਹਾਂ ਸਰਕਾਰੀ ਵਿਭਾਗਾਂ ਦੀਆਂ ਫਾਰਮੈਲਟੀਜ਼ ਪੂਰੀਆਂ ਕਰਵਾਉਣ ਲਈ ਜੋ ਪ੍ਰਬੰਧ ਕੀਤੇ ਗਏ ਹਨ ਉਸ ਨਾਲ ਜਨਤਾ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਨੇ ਆਧਾਰ ਕਾਰਡ ਸਹੀ ਕਰਵਾਉਣ ਅਤੇ ਨਵੇਂ ਆਧਾਰ ਕਾਰਡ ਬਣਾਉਣ ਦੇ ਲਈ ਖੇਤਰਾਂ ਦੇ ਡਾਕਘਰਾਂ 'ਚ ਕਾਊਂਟਰ ਨਿਰਧਾਰਿਤ ਕੀਤੇ ਹਨ ਜਿਨ੍ਹਾਂ 'ਚੋਂ ਛੇਹਰਟਾ ਦਾ ਡਾਕਘਰ ਸ਼ਾਮਲ ਹੈ। ਇਸ ਛੇਹਰਟਾ ਦੇ ਡਾਕਘਰ 'ਚ ਆਧਾਰ ਸੇਵਾ ਸ਼ੁਰੂ ਹੋਣ 'ਤੇ ਲੋਕਾਂ 'ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਪਰ ਜਦੋਂ ਆਧਾਰ ਕਾਰਡ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਜਨਤਾ ਨੂੰ ਭਾਰੀ ਨਿਰਾਸ਼ਾ ਮਿਲੀ ਕਿਉਂਕਿ ਆਧਾਰ ਕਾਰਡ ਬਣਾਉਣ ਦੀ ਕਾਰਜਪ੍ਰਣਾਲੀ ਪੂਰੀ ਤਰ੍ਹਾਂ ਨਾਲ ਵਿਗੜੀ ਹੋਈ ਸੀ। ਆਧਾਰ ਕਾਰਡ ਬਣਾਉਣ ਵਾਲੇ ਕਰਮਚਾਰੀ ਨੂੰ ਪੂਰੀ ਤਰ੍ਹਾਂ ਜਾਣਕਾਰੀ ਨਾ ਹੋਣ ਕਾਰਨ ਲੰਬੀਆਂ-ਲੰਬੀਆਂ ਕਤਾਰਾਂ ਦਿਖ ਰਹੀਆਂ ਸਨ ਅਤੇ ਇਸਦੇ ਬਾਵਜੂਦ ਵੀ ਲੋਕਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪੈ ਰਿਹਾ ਸੀ।
ਅਕਸਰ ਕਈ ਕਈ ਦਿਨ ਪੋਸਟ ਆਫਸ ਵਲੋਂ ਇਹੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਜਾਂ ਤਾਂ ਮਸ਼ੀਨ ਖਰਾਬ ਹੈ ਜਾਂ ਫਿਰ ਸੰਬੰਧਿਤ ਕਰਮਚਾਰੀ ਨੂੰ ਜੀ. ਪੀ. ਓ. ਵਾਲਿਆਂ ਨੇ ਕਿਤੇ ਹੋਰ ਕੰਮ ਕਰਨ ਲਈ ਭੇਜਿਆ ਹੈ। ਲੋਕ ਰੋਜ਼ਾਨਾ ਸਵੇਰੇ ਸ਼ਾਮ ਛੇਹਰਟਾ ਡਾਕਘਰ ਦੇ ਚੱਕਰ ਕੱਟ ਰਹੇ ਹਨ ਪਰ ਉਨ੍ਹਾਂ ਨੂੰ ਨਿਰਾਸ਼ਾ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਮਿਲ ਰਿਹਾ।
ਇਸ ਸਬੰਧ 'ਚ ਜਦੋਂ ਛੇਹਰਟਾ ਡਾਕਘਰ ਦੀ ਮੁਖੀ ਮਹਿਲਾ ਅਫਸਰ ਤੋਂ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜੀ. ਪੀ. ਓ. ਮੁਖੀ ਪੋਸਟ ਮਾਸਟਰ ਛੇਹਰਟਾ ਡਾਕਘਰ ਦੇ ਆਧਾਰ ਕਾਰਡ ਸੰਬੰਧਿਤ ਕਰਮਚਾਰੀ ਨੂੰ ਕਿਸੇ ਨਾ ਕਿਸੇ ਹੋਰ ਜਗ੍ਹਾ ਅਤੇ ਕੰਮ ਦੇ ਲਈ ਲੈ ਜਾਂਦੇ ਹਨ, ਜਿਸ ਨਾਲ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉਕਤ ਕਰਮਚਾਰੀ ਦੇ ਅੰਗੂਠੇ ਦੇ ਨਿਸ਼ਾਨ ਦੇ ਬਿਨਾਂ ਕਿਸੇ ਦਾ ਆਧਾਰ ਕਾਰਡ ਨਹੀਂ ਬਣ ਸਕਦਾ। ਇਸ ਸਬੰਧ 'ਚ ਹੋਰ ਵੀ ਜਾਣਕਾਰੀ ਹਾਸਲ ਕਰਨ ਲਈ ਜਦੋਂ ਮੁੱਖ ਲੈਂਡ ਲਾਈਨ ਨੰਬਰ 'ਤੇ ਸੰਪਰਕ ਕੀਤਾ ਗਿਆ ਤਾਂ ਕਿਸੇ ਵੀ ਕਰਮਚਾਰੀ ਨੇ ਫੋਨ ਨਹੀਂ ਚੁੱਕਿਆ। ਖੇਤਰ ਵਾਸੀਆਂ ਅਤੇ ਜਨਤਾ ਨੇ ਸੰਬੰਧਿਤ ਵਿਭਾਗ ਅਤੇ ਸਰਕਾਰ ਕੋਲ ਮੰਗ ਕੀਤੀ ਹੈ ਕਿ ਆਧਾਰ ਕਾਰਡ ਬਣਾਉਣ ਦੀ ਪ੍ਰਣਾਲੀ ਨੂੰ ਸਹੀ ਕੀਤਾ ਜਾਵੇ ਤਾਂ ਕਿ ਜਨਤਾ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
550 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਨਹੀਂ ਬਣ ਸਕੀ ਕਮੇਟੀ
NEXT STORY