ਅੰਮ੍ਰਿਤਸਰ (ਦਲਜੀਤ) : ਗੁਰੂ ਨਾਨਕ ਦੇਵ ਹਸਪਤਾਲ ਦਾ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਵਾਰਡ ਇਕ ਵਾਰ ਫਿਰ ਵਿਵਾਦਾਂ ਵਿਚ ਘਿਰ ਗਿਆ ਹੈ। ਗਾਇਨੀ ਵਾਰਡ ਦੀ ਐਮਰਜੈਂਸੀ ਵਿਚ ਜਣੇਪੇ ਦੌਰਾਨ ਨਵਜੰਮੇ ਬੱਚੇ ਦੀ ਲੱਤ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾਂ ਨੇ ਜਣੇਪੇ ਸਮੇਂ ਟੁੱਟੀ ਲੱਤ ਲਈ ਡਾਕਟਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸਬੰਧਤ ਡਾਕਟਰ ਖ਼ਿਲਾਫ਼ ਸਰਕਾਰ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਇਨਫੈਕਸ਼ਨ ਅਤੇ ਲੱਤ ਟੁੱਟਣ ਕਾਰਨ ਬੱਚਾ ਆਈ.ਸੀ.ਯੂ. ਵਿਚ ਦਾਖ਼ਲ ਹੈ। ਕੁਝ ਦਿਨ ਪਹਿਲਾਂ ਬੇਬੇ ਨਾਨਕੀ ਸੈਂਟਰ ਵਿਚੋਂ ਇਕ ਨਵਜੰਮਿਆ ਬੱਚਾ ਚੋਰੀ ਹੋ ਗਿਆ ਸੀ, ਜਿਸ ਨੂੰ ਪੁਲਸ ਪ੍ਰਸ਼ਾਸਨ ਨੇ 16 ਦਿਨਾਂ ਦੀ ਮੁਸ਼ੱਕਤ ਤੋਂ ਬਾਅਦ ਬਰਾਮਦ ਕੀਤਾ। ਵੈਸੇ ਵੀ ਇਹ ਕੇਂਦਰ ਢਿੱਲੀਆਂ ਸਿਹਤ ਸੇਵਾਵਾਂ ਕਾਰਨ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ।
ਜਾਣਕਾਰੀ ਅਨੁਸਾਰ ਪਿੰਡ ਵਣਚੜੀ ਦੀ ਰਹਿਣ ਵਾਲੀ ਰੁਪਿੰਦਰ ਕੌਰ ਨੂੰ ਜਣੇਪੇ ਲਈ ਬੇਬੇ ਨਾਨਕੀ ਮਦਰ ਐਂਡ ਚਾਈਲਡ ਕੇਅਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਰੁਪਿੰਦਰ ਕੌਰ ਦਾ ਇਹ ਦੂਸਰਾ ਬੱਚਾ ਸੀ। ਰੁਪਿੰਦਰ ਕੌਰ ਦੇ ਸਹੁਰੇ ਰਾਜੂ ਸਿੰਘ ਨੇ ਦੱਸਿਆ ਕਿ ਉਹ ਪਿਛਲੇ 9 ਮਹੀਨਿਆਂ ਤੋਂ ਬੇਬੇ ਨਾਨਕੀ ਮਦਰ ਐਂਡ ਚਾਈਲਡ ਸੈਂਟਰ ਵਿਖੇ ਡਾਕਟਰ ਤੋਂ ਆਪਣੀ ਨੂੰਹ ਦਾ ਚੈੱਕਅਪ ਕਰਵਾ ਰਹੇ ਸਨ। ਉਸ ਨੂੰ ਜਣੇਪੇ ਲਈ ਡਾਕਟਰ ਨੇ ਬੁਲਾਇਆ। ਜਣੇਪਾ ਨਾਰਮਲ ਸੀ ਪਰ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਉਸ ਦੀ ਲੱਤ ਟੁੱਟੀ ਹੋਈ ਸੀ। ਪਹਿਲਾਂ ਤਾਂ ਜਣੇਪੇ ਤੋਂ ਬਾਅਦ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਬੱਚੇ ਦੀ ਲੱਤ ਟੁੱਟ ਗਈ ਹੈ। ਜਦੋਂ ਸੀਨੀਅਰ ਡਾਕਟਰ ਨੂੰ ਐਕਸਰੇ ਦਿਖਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਦੇਖਿਆ ਕਿ ਬੱਚੇ ਦੀ ਲੱਤ ਬੁਰੀ ਤਰ੍ਹਾਂ ਟੁੱਟੀ ਹੋਈ ਸੀ, ਜਦੋਂ ਉਸ ਨੇ ਪੁੱਛਿਆ ਕਿ ਇਸ ਐਕਸਰੇ ਵਿਚ ਬੱਚੇ ਦੀ ਲੱਤ ਟੁੱਟੀ ਦਿਖਾਈ ਦੇ ਰਹੀ ਹੈ, ਤਾਂ ਡਾਕਟਰ ਮੰਨ ਗਿਆ। ਉਨ੍ਹਾਂ ਦੱਸਿਆ ਕਿ ਡਾਕਟਰ ਦੀ ਅਣਗਹਿਲੀ ਕਾਰਨ ਡਲਿਵਰੀ ਸਮੇਂ ਬੱਚੇ ਦੀ ਲੱਤ ਟੁੱਟ ਗਈ ਸੀ ਅਤੇ ਬੱਚਾ ਦਰਦ ਨਾਲ ਜੂਝ ਰਿਹਾ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਸਬੰਧਤ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਮਹਾ-ਡਿਬੇਟ ’ਚ ਬੋਲੇ ਮੁੱਖ ਮੰਤਰੀ ਮਾਨ, 10 ਸਾਲਾਂ ’ਚ ਦੁੱਗਣਾ ਹੋਇਆ ਪੰਜਾਬ ’ਤੇ ਕਰਜ਼ਾ, ਰੱਖੇ ਅੰਕੜੇ
ਜ਼ਿਕਰਯੋਗ ਹੈ ਕਿ ਬੇਬੇ ਨਾਨਕੀ ਕੇਂਦਰ ਵਿਚ ਸਿਹਤ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ ਅਤੇ ਢਿੱਲੇ ਪ੍ਰਸ਼ਾਸਨਿਕ ਪ੍ਰਬੰਧਾਂ ਕਾਰਨ ਮਰੀਜ਼ਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕਰਮਜੀਤ ਸਿੰਘ ਵੀ ਮਰੀਜ਼ਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਵਿਚ ਸਫ਼ਲ ਸਾਬਤ ਨਹੀਂ ਹੋ ਰਹੇ। ਇਸ ਸਬੰਧੀ ਜਦੋਂ ਡਾ. ਕਰਮਜੀਤ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਆਪਣਾ ਫ਼ੋਨ ਨਹੀਂ ਚੁੱਕਿਆ, ਦੂਜੇ ਪਾਸੇ ਜਦੋਂ ਗਾਇਨੀ ਡਾਕਟਰ ਪੂਨਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਨੰਬਰ ਵੀ ਬੰਦ ਆਇਆ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਰਾਜੀਵ ਦੇਵਗਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਬਣਦੀ ਕਾਰਵਾਈ ਕੀਤੀ ਜਾਵੇਗੀ।
ਜਣੇਪੇ ਲਈ ਸਰਕਾਰ ਕਰੋੜਾਂ ਰੁਪਏ ਕਰਦੀ ਹੈ ਖਰਚ, ਫਿਰ ਵੀ ਮਰੀਜ਼ ਤੋਂ ਮੰਗਵਾਈ ਜਾਂਦੀ ਹੈ ਦਵਾਈ
ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਗਰਭਵਤੀ ਔਰਤਾਂ ਦੇ ਮੁਫਤ ਜਣੇਪੇ ਲਈ ਹਰ ਸਾਲ ਕਰੋੜਾਂ ਰੁਪਏ ਦਾ ਬਜਟ ਜਾਰੀ ਕੀਤਾ ਜਾਂਦਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਹਸਪਤਾਲ ਅਧੀਨ ਚੱਲਣ ਵਾਲੇ ਇਸ ਕੇਂਦਰ ਅੰਦਰ ਜ਼ਿਆਦਾਤਰ ਮਰੀਜ਼ਾਂ ਤੋਂ ਜਣੇਪੇ ਲਈ ਦਵਾਈਆਂ ਮੰਗਵਾਈਆਂ ਜਾਂਦੀਆਂ ਹਨ।
ਬੱਚੇ ਦੇ ਦਾਦੇ ਰਾਜੂ ਨੇ ਦੱਸਿਆ ਕਿ ਕਿਹਾ ਜਾਂਦਾ ਹੈ ਕਿ ਇਹ ਸਰਕਾਰੀ ਹਸਪਤਾਲ ਹੈ ਅਤੇ ਇੱਥੇ ਸਿਹਤ ਸੇਵਾਵਾਂ ਮੁਫਤ ਦਿੱਤੀਆਂ ਜਾਂਦੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਡਲਿਵਰੀ ਦੇ ਨਾਂ ’ਤੇ ਮਰੀਜ਼ ਤੋਂ ਦਵਾਈਆਂ ਮੰਗਵਾਈਆਂ ਜਾਂਦੀਆਂ ਹਨ ਅਤੇ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਹਜ਼ਾਰਾਂ ਰੁਪਏ ਖਰਚਣੇ ਪੈਂਦੇ ਹਨ। ਉਨ੍ਹਾਂ ਦੱਸਿਆ ਕਿ ਉਹ ਖੁਦ ਵੀ ਦਿਹਾੜੀ ਕਰਦੇ ਹਨ ਅਤੇ ਹਸਪਤਾਲ ਵਿਚ ਜਿੰਨਾ ਖਰਚਾ ਹੁੰਦਾ ਹੈ ਓਨਾ ਹੀ ਨਿੱਜੀ ਹਸਪਤਾਲ ਵਿਚ ਹੁੰਦਾ ਹੈ। ਸਰਕਾਰ ਨੂੰ ਇਸ ਮਾਮਲੇ ਵਿਚ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਢਿੱਲੇ ਪ੍ਰਬੰਧਾਂ ਲਈ ਜ਼ਿੰਮੇਵਾਰ ਮੈਡੀਕਲ ਸੁਪਰਡੈਂਟ
ਸਮਾਜ ਸੇਵੀ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਹਸਪਤਾਲ ਵਿਚ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਉਹ ਮੈਡੀਕਲ ਸੁਪਰਡੈਂਟ ਨੂੰ ਮਿਲਣ ਲਈ ਕਈ ਵਾਰ ਜਾ ਚੁੱਕੇ ਹਨ ਪਰ ਉਹ ਉਨ੍ਹਾਂ ਨੂੰ ਨਹੀਂ ਮਿਲੇ ਅਤੇ ਹਰ ਵਾਰ ਉਨ੍ਹਾਂ ਨਾਲ ਫ਼ੋਨ ’ਤੇ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਫ਼ੋਨ ਨਹੀਂ ਚੁੱਕਦੇ। ਉਨ੍ਹਾਂ ਕਿਹਾ ਕਿ ਮੈਡੀਕਲ ਸੁਪਰਡੈਂਟ ਲੋਕਾਂ ਨੂੰ ਦੱਸਦਾ ਹੈ ਕਿ ਸਿਹਤ ਮੰਤਰੀ ਉਨ੍ਹਾਂ ਦੇ ਸੀਨੀਅਰ ਹਨ, ਇਸ ਲਈ ਉਹ ਮੰਤਰੀ ਦੀ ਸੀਨੀਆਰਤਾ ਦਾ ਫਾਇਦਾ ਉਠਾ ਰਹੇ ਹਨ ਅਤੇ ਮਰੀਜ਼ਾਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਗੰਭੀਰਤਾ ਨਾਲ ਕੰਮ ਨਹੀਂ ਕਰ ਰਹੇ ਹਨ। ਪੰਜਾਬ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ ਵਿਚ ਢਿੱਲੇ ਪ੍ਰਬੰਧਾਂ ਦੇ ਮੱਦੇਨਜ਼ਰ ਸਰਕਾਰ ਨੂੰ ਮੈਡੀਕਲ ਸੁਪਰਡੈਂਟ ਖ਼ਿਲਾਫ਼ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸਖ਼ਤ ਫ਼ੈਸਲਾ, ਟਰੈਕਟਰਾਂ ’ਤੇ ਸਟੰਟ ਕਰਨ ’ਤੇ ਲਗਾਈ ਪਾਬੰਦੀ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੈਲੇਸ ’ਚ ਪਹੁੰਚੀ ਬਰਾਤ ਉਪਰੋਂ ਪੈ ਗਿਆ ਪੰਗਾ, ਥਾਣੇ ਪਹੁੰਚੇ ਲਾੜਾ-ਲਾੜੀ, ਹੈਰਾਨ ਕਰਨ ਵਾਲਾ ਪੂਰਾ ਮਾਮਲਾ
NEXT STORY