ਅੰਮ੍ਰਿਤਸਰ, (ਵਡ਼ੈਚ)- ਮਹਾਤਮਾ ਗਾਂਧੀ ਦੇ ਜਨਮ ਦਿਨ ’ਤੇ ਨਗਰ ਨਿਗਮ ਨੇ ਹਿੰਦੁਸਤਾਨ ਪੈਟਰੋਲੀਅਮ ਗਰੁੱਪ ਦੀ ਸਹਾਇਤਾ ਨਾਲ ਹਾਲ ਗੇਟ ਤੋਂ ਗਲਿਆਰਾ ਤੱਕ ਪੈਦਲ ਮਾਰਚ ਕਰਦਿਆਂ ਲੋਕਾਂ ਨੂੰ ਸ਼ਹਿਰ ਸਾਫ-ਸੁਥਰਾ ਰੱਖਣ ਲਈ ਪ੍ਰੇਰਿਤ ਕੀਤਾ।
ਨਿਗਮ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਸਫੈਦ ਟੀ-ਸ਼ਰਟਾਂ ਪਾ ਕੇ ਇਲਾਕੇ ਦੀ ਸਫਾਈ ਕੀਤੀ ਤੇ ਦੂਸਰਿਆਂ ਨੂੰ ਆਲਾ-ਦੁਆਲਾ ਸਾਫ ਰੱਖਣ ਦਾ ਸੰਦੇਸ਼ ਦਿੱਤਾ। ਗਲਿਆਰਾ ਦੀ ਹੈਰੀਟੇਜ ਸਟਰੀਟ ’ਤੇ ਮੇਅਰ ਕਰਮਜੀਤ ਸਿੰੰਘ ਰਿੰਟੂ, ਕਮਿਸ਼ਨਰ ਸੋਨਾਲੀ ਗਿਰੀ ਤੇ ਡਿਪਟੀ ਮੇਅਰ ਯੂਨਿਸ ਕੁਮਾਰ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਰਸਤਿਆਂ ਨੂੰ ਝਾਡ਼ੂ ਲਾ ਕੇ ਸਾਫ ਕੀਤਾ ਅਤੇ ਇਕੱਠੀ ਕੀਤੀ ਗੰਦਗੀ ਨੂੰ ਚੁੱਕ ਕੇ ਵਾਹਨਾਂ ਵਿਚ ਸੁੱਟਿਆ।
ਮੇਅਰ ਨੇ ਕਿਹਾ ਕਿ ਗੁਰੂ ਨਗਰੀ ਨੂੰ ਖੂਬਸੂਰਤ ਬਣਾਉਣਾ ਹਰ ਕਿਸੇ ਦਾ ਫਰਜ਼ ਹੈ, ਅੱਜ ਦੇ ਦਿਨ ਹਰ ਕਿਸੇ ਨੂੰ ਸੰਕਲਪ ਲੈਣਾ ਚਾਹੀਦਾ ਹੈ ਕਿ ਉਹ ਮਹਾਤਮਾ ਗਾਂਧੀ ਦੇ ਸੁਪਨੇ ਨੂੰ ਪੂਰਾ ਕਰਦਿਆਂ ਦੇਸ਼ ਨੂੰ ਖੂਬਸੂਰਤ ਬਣਾਉਣ ਲਈ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣਗੇ।
ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਸਵੱਛਤਾ ਮੁਹਿੰਮ ਤਹਿਤ ਨਿਗਮ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤਿਆਂ ਨੂੰ ਸਾਫ ਕੀਤਾ ਜਾ ਰਿਹਾ ਹੈ ਤਾਂ ਕਿ ਗੁਰੂ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂ ਆਪਣੇ ਨਾਲ ਵਧੀਆ ਸੰਦੇਸ਼ ਲੈ ਕੇ ਜਾਣ। ਉਨ੍ਹਾਂ ਪਲਾਸਟਿਕ ਦੇ ਲਿਫਾਫਿਆਂ ਦਾ ਪ੍ਰਯੋਗ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਤੋਂ ਪ੍ਰਹੇਜ਼ ਨਾ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਦੁਕਾਨਦਾਰਾਂ ਵੱਲੋਂ ਫੁੱਟਪਾਥਾਂ ਤੇ ਸਡ਼ਕਾਂ ’ਤੇ ਕੀਤੇ ਨਾਜਾਇਜ਼ ਕਬਜ਼ੇ ਵੀ ਹਟਾਏ ਗਏ।
ਬੀ. ਆਰ. ਟੀ. ਸੀ. ਟ੍ਰੈਕ ’ਤੇ ਬੇਕਾਬੂ ਕਾਰ ਨੇ ਐਕਟਿਵਾ ਸਵਾਰ ਲਡ਼ਕੀ ਨੂੰ ਕੁਚਲਿਆ
NEXT STORY