ਗੁਰਦਾਸਪੁਰ (ਵਿਨੋਦ)- ਸਿੱਖ ਇਤਿਹਾਸ ਨੂੰ ਚਿੱਤਰਣ ਵਾਲੇ ਸੋਭਾ ਸਿੰਘ ਦੀਆਂ ਹੱਥੀਂ ਬਣਾਈਆਂ ਤਸਵੀਰਾਂ ਲੋਕ ਮਨਾਂ ਅੰਦਰ ਅਜਿਹੀਆਂ ਉੱਕਰ ਗਈਆਂ ਹਨ ਕਿ ਉਹ ਕਦੀ ਨਹੀਂ ਮਿਟ ਸਕਦੀਆਂ। ਜਦੋਂ ਵੀ ਕੋਈ ਸਿੱਖ ਗੁਰੂ ਸਾਹਿਬ ਦੇ ਸਰੂਪ ਦਾ ਧਿਆਨ ਧਰਦਾ ਹੈ ਤਾਂ ਉਨ੍ਹਾਂ ਦੇ ਮਨ ’ਚ ਗੁਰੂ ਸਾਹਿਬਾਨ ਦੀ ਓਹੀ ਤਸਵੀਰ ਉਕਰਦੀ ਹੈ ਜੋ ਚਿੱਤਰਕਾਰ ਸ਼ੋਭਾ ਸਿੰਘ ਨੇ ਬਣਾਈ ਸੀ। ਇਹ ਸੋਭਾ ਸਿੰਘ ਦੀ ਕਲਾ ਹੀ ਸੀ ਕਿ ਉਸ ਦੀ ਕਲਾ ਨੂੰ ਲੋਕ ਪ੍ਰਵਾਨਗੀ ਮਿਲੀ।
ਕਦੋਂ ਹੋਇਆ ਸੋਭਾ ਸਿੰਘ ਦਾ ਜਨਮ
ਇਸ ਮਹਾਨ ਚਿੱਤਰਕਾਰ ਦਾ ਜਨਮ ਦਰਿਆ ਬਿਆਸ ਦੇ ਕੰਢੇ ਵੱਸੇ ਇਤਿਹਾਸਕ ਤੇ ਧਾਰਮਿਕ ਨਗਰ ਸ੍ਰੀ ਹਰਗੋਬਿੰਦਪੁਰ ਵਿਖੇ 29 ਨਵੰਬਰ, 1901 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ (ਜ਼ਿਲ੍ਹਾ ਗੁਰਦਾਸਪੁਰ) ਵਿਖੇ ਸ. ਦੇਵਾ ਸਿੰਘ ਦੇ ਘਰ ਹੋਇਆ ਸੀ। ਸੋਭਾ ਸਿੰਘ ਭਾਵੇਂ ਪੂਰੀ ਦੁਨੀਆਂ ’ਚ ਆਪਣੀ ਕਲਾ ਦੀ ਧਾਂਕ ਜਮਾ ਚੁੱਕਾ ਹੈ ਅਤੇ ਭਾਰਤ ਸਰਕਾਰ ਵੱਲੋਂ ਉਸ ਨੂੰ ‘ਪਦਮ ਸ੍ਰੀ’ ਦੇ ਸਨਮਾਨ ਨਾਲ ਵੀ ਨਿਵਾਜਿਆ ਗਿਆ ਹੈ ਪਰ ਸੋਭਾ ਸਿੰਘ ਦੇ ਆਪਣੇ ਸ਼ਹਿਰ ਸ੍ਰੀ ਹਰਗੋਬਿੰਦਪੁਰ ’ਚ ਉਸ ਦੇ ਨਿਸ਼ਾਨ ਲੱਭਿਆਂ ਨਹੀਂ ਲੱਭਦੇ। ਇਨ੍ਹਾਂ ਨੂੰ ਬਚਪਨ ਤੋਂ ਹੀ ਚਿੱਤਰਕਾਰੀ ’ਚ ਦਿਲਚਸਪੀ ਸੀ। ਇਹ 14 ਸਾਲ ਦੀ ਉਮਰ ’ਚ ਅੰਮ੍ਰਿਤਸਰ ਦੇ ਉਦਯੋਗਿਕ ਸਕੂਲ ਵਿਖੇ ਆਰਟਸ ਅਤੇ ਕਰਾਫ਼ਟਸ ਦੇ ਕੋਰਸ ’ਚ ਦਾਖ਼ਲ ਹੋ ਗਏ ਅਤੇ ਇਸ ਉਪਰੰਤ 19ਵੀਂ ਈਸਵੀ ’ਚ ਫ਼ੌਜ ’ਚ ਡਰਾਫਟਸਮੈਨ ਦੇ ਤੌਰ ’ਤੇ ਭਰਤੀ ਹੋ ਗਏ। ਫ਼ੌਜੀ ਸੇਵਾ ਦੌਰਾਨ ਉਹ ਬਗਦਾਦ ਵਿਖੇ ਰਹੇ, ਜਿੱਥੇ ਇਨਾਂ ਦਾ ਸੰਪਰਕ ਪੱਛਮੀ ਚਿੱਤਰਕਾਰਾਂ ਨਾਲ ਹੋਇਆ।
ਸਿੱਖ ਇਤਿਹਾਸ ਅਤੇ ਪੰਜਾਬੀ ਜੀਵਨ ਨਾਲ ਸਬੰਧਤ ਚਿੱਤਰ ਉਹ ਬਹੁਤ ਰੀਝ ਨਾਲ ਤਿਆਰ ਕਰਦੇ ਸਨ
ਜੇਕਰ ਵੇਖਿਆ ਜਾਵੇ ਤਾਂ ਸਿੱਖ ਇਤਿਹਾਸ ਅਤੇ ਪੰਜਾਬੀ ਜੀਵਨ ਨਾਲ ਸਬੰਧਤ ਚਿੱਤਰ ਇਹ ਬਹੁਤ ਰੀਝ ਨਾਲ ਤਿਆਰ ਕਰਦੇ ਸਨੇ। ਇਨ੍ਹਾਂ ਦੇ ਪ੍ਰਸਿੱਧ ਚਿੱਤਰਾਂ ’ਚੋਂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਭਗਵਾਨ ਸ੍ਰੀ ਕ੍ਰਿਸ਼ਨ ਜੀ, ਕਾਂਗੜੇ ਦੀ ਦੁਲਹਨ, ਪ੍ਰਭਾਤ ਦੀ ਦੇਵੀ ਅਤੇ ਸੋਹਣੀ ਮਹੀਂਵਾਲ ਦੇ ਚਿੱਤਰ ਹਨ।
ਸੋਭਾ ਸਿੰਘ ਨੇ ਚਿੱਤਰਕਲਾ ਕਲਮ ਸ਼ੈਲੀ ਦੇ ਘੇਰੇ ਵਿਚੋਂ ਕੱਢ ਕੇ ਫ਼ਾਈਨ ਆਰਟ ਦਾ ਅਰੰਭ ਕੀਤਾ। ਇਹ ਆਪਣੀ ਕਲਾ ਨੂੰ ਵਾਹਿਗੁਰੂ ਦੀ ਕਲਾ ਸਮਝਦੇ ਸਨ। ਸੰਨ 1983 ਨੂੰ ਭਾਰਤ ਸਰਕਾਰ ਵੱਲੋਂ ਇਨਾਂ ਨੂੰ ‘ਪਦਮ ਸ੍ਰੀ’ ਦੇ ਸਨਮਾਨ ਨਾਲ ਨਿਵਾਜਿਆ ਗਿਆ। ਅਖ਼ੀਰ 22 ਅਗਸਤ 1986 ਨੂੰ ਇਹ ਅਕਾਲ ਚਲਾਣਾ ਕਰ ਗਏ। ਸੋਭਾ ਸਿੰਘ ਦਾ ਚਲੇ ਜਾਣਾ ਕਲਾ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਸੀ।
ਪੰਜਾਬ ਸਰਕਾਰ ਦੇ ਉਸ ਵੇਲੇ ਦੇ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਨੇ 26 ਸਤੰਬਰ 1987 ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸੋਭਾ ਸਿੰਘ ਆਰਟ ਗੈਲਰੀ ਅਤੇ ਲਾਇਬ੍ਰੇਰੀ ਦਾ ਨੀਂਹ ਪੱਥਰ ਰੱਖਿਆ। ਜਿਸ ਬਿਆਸ ਦਰਿਆ ਦੇ ਕੰਢੇ ਦੀ ਰੇਤਾ ’ਤੇ ਸੋਭਾ ਸਿੰਘ ਆਪਣੀਆਂ ਨਿੱਕੀਆਂ ਉਂਘਲਾਂ ਨਾਲ ਲਕੀਰਾਂ ਮਾਰਦਾ ਹੁੰਦਾ ਸੀ ਓਥੇ ਕੁਝ ਹੀ ਸਮੇਂ ਵਿੱਚ ਆਰਟ ਗੈਲਰੀ ਦੀ ਖੂਬਸੂਰਤ ਇਮਾਰਤ ਬਣ ਕੇ ਤਿਆਰ ਹੋ ਗਈ। ਆਰਟ ਗੈਲਰੀ ’ਚ ਸੋਭਾ ਸਿੰਘ ਦੀ ਬਣਾਈਆਂ ਬੇਸ਼ਕੀਮਤੀ ਤਸਵੀਰਾਂ ਲਗਾਈਆਂ ਗਈਆਂ ਅਤੇ ਨਾਲ ਹੀ ਲਾਇਬ੍ਰੇਰੀ ’ਚ ਪਾਠਕਾਂ ਦੇ ਪੜਨ ਲਈ ਕਿਤਾਬਾਂ ਰੱਖੀਆਂ ਗਈਆਂ। ਕਲਾ ਪ੍ਰੇਮੀ ਇਸ ਆਰਟ ਗੈਲਰੀ ਆਉਣ ਲੱਗੇ। ਕੁਝ ਸਾਲ ਇੱਥੇ ਸੋਭਾ ਸਿੰਘ ਦੀ ਯਾਦ ’ਚ ਕਲਾ ਮੇਲੇ ਵੀ ਲੱਗਦੇ ਰਹੇ।
90 ਦੇ ਦਹਾਕੇ ’ਚ ਕਾਲਾ ਦੌਰ ਸ਼ੁਰੂ ਹੁੰਦਿਆਂ ਇਹ ਕਲਾ ਦਾ ਮੰਦਰ ਵੀ ਉੱਜੜਨਾ ਸ਼ੁਰੂ ਹੋ ਗਿਆ
ਆਰਟ ਗੈਲਰੀ ਦੀ ਇਮਾਰਤ ਸੁਰੱਖਿਆ ਬਲਾਂ ਨੇ ਮੱਲ ਲਈ। ਇਸ ਤੋਂ ਬਾਅਦ ਇੱਕ-ਇੱਕ ਕਰਕੇ ਆਰਟ ਗੈਲਰੀ ਵਿਚੋਂ ਸਾਰੇ ਚਿੱਤਰ ਗਾਇਬ ਹੋ ਗਏ। ਲਾਇਬ੍ਰੇਰੀ ਦੀਆਂ ਕੁਝ ਕਿਤਾਬਾਂ ਲੋਕ ਲੈ ਗਏ, ਬਾਕੀਆਂ ਨੂੰ ਸਿਊਂਕ ਖਾ ਗਈ। ਕਈ ਸਾਲ ਖੰਡਰ ਬਣੀ ਰਹੀ ਇਸ ਇਮਾਰਤ ’ਚ ਸੰਨ 2000 ਦੇ ਦਹਾਕੇ ਦੌਰਾਨ ਪਹਿਲਾਂ ਪਟਵਾਰਖ਼ਾਨਾ ਫਿਰ ਸਬ-ਤਹਿਸੀਲ ਦਾ ਦਫ਼ਤਰ ਬਣ ਗਿਆ। ਸਬ ਤਹਿਸੀਲ ਦਾ ਨਵਾਂ ਦਫ਼ਤਰ ਬਣਨ ਤੋਂ ਬਾਅਦ ਜਦੋਂ ਇਹ ਇਮਾਰਤ ਖਾਲੀ ਹੋਈ ਤਾਂ ਇੱਥੇ ਪੁਲਸ ਵਿਭਾਗ ਨੇ ਕਬਜ਼ਾ ਕਰਕੇ ਡੀ.ਐੱਸ.ਪੀ. ਦਾ ਦਫ਼ਤਰ ਬਣਾ ਲਿਆ। ਆਰਟ ਗੈਲਰੀ ’ਚ ਹੁਣ ਮੁੱਖ ਮੰਤਰੀ ਸ. ਸੁਰਜੀਤ ਸਿੰਘ ਬਰਨਾਲਾ ਵੱਲੋਂ ਰੱਖੇ ਗਏ ਨੀਂਹ ਪੱਧਰ ਨੂੰ ਅੱਧਾ ਕੰਧ ’ਚ ਚਿਣ ਦਿੱਤਾ ਗਿਆ ਹੈ ਅਤੇ ਨਾਲ ਸੰਨ 2020 ’ਚ ਬਟਾਲਾ ਦੇ ਐੱਸ.ਐੱਸ.ਪੀ. ਵੱਲੋਂ ਡੀ.ਐੱਸ.ਪੀ. ਦੇ ਦਫ਼ਤਰ ਦਾ ਉਦਘਾਟਨੀ ਪੱਥਰ ਲਿਸ਼ਕਾਂ ਮਾਰ ਰਿਹਾ ਹੈ। ਆਰਟ ਗੈਲਰੀ ’ਚ ਸੋਭਾ ਸਿੰਘ ਦੀਆਂ ਬਣਾਈਆਂ ਤਸਵੀਰਾਂ ਦੀ ਥਾਂ ਹੁਣ ਕਾਨੂੰਨ ਅਤੇ ਕੇਸਾਂ ਨਾਲ ਸਬੰਧਤ ਫਾਈਲਾਂ ਦੀਆਂ ਤੈਹਾਂ ਲੱਗੀਆਂ ਹੋਈਆਂ ਹਨ। ਇਸ ਦੇ ਨਾਲ ਹੀ ਲਾਇਬ੍ਰੇਰੀ ਵਾਲੀ ਇਮਾਰਤ ’ਚ ਸੀ.ਡੀ.ਪੀ.ਓ. ਦਫ਼ਤਰ ਚੱਲ ਰਿਹਾ ਹੈ। ਸੋਭਾ ਸਿੰਘ ਆਰਟ ਗੈਲਰੀ ਦੀ ਇਮਰਾਤ ਭਾਂਵੇਂ ਅਜੇ ਵੀ ਓਹੀ ਹੈ ਪਰ ਇਸਦੇ ਬਾਹਰ ਲੱਗੇ ਡੀ.ਐੱਸ.ਪੀ. ਦਫ਼ਤਰ ਦੇ ਬੋਰਡ ਕਿਸੇ ਕਲਾ ਪ੍ਰੇਮੀ ਨੂੰ ਅੰਦਰ ਜਾਣ ਦੀ ਹਿੰਮਤ ਨਹੀਂ ਦਿੰਦੇ। ਸਿੱਖ ਇਤਿਹਾਸ ਨੂੰ ਚਿੱਤਰਨ ਵਾਲੇ ਚਿੱਤਰਕਾਰ ਸੋਭਾ ਸਿੰਘ ਨੂੰ ਭਾਂਵੇ ਅੱਜ ਸਾਰੀ ਦੁਨੀਆ ਜਾਣਦੀ ਹੈ ਪਰ ਇਹ ਆਪਣੇ ਘਰ ਸ੍ਰੀ ਹਰਗੋਬਿੰਦਪੁਰ ਸਾਹਿਬ ’ਚ ਗੁਆਚ ਗਿਆ ਹੈ। ਇਥੋਂ ਦੇ ਬਹੁਤੇ ਵਸਨੀਕ ਹੁਣ ਸੋਭਾ ਸਿੰਘ ਨੂੰ ਵਿਸਾਰ ਚੁੱਕੇ ਹਨ।
ਕੀ ਕਹਿਣਾ ਵਿਰਾਸਤੀ ਮੰਚ ਬਟਾਲਾ ਦਾ
ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ, ਇੰਦਰਜੀਤ ਸਿੰਘ ਹਰਪੁਰਾ, ਕੁਲਵਿੰਦਰ ਸਿੰਘ ਲਾਡੀ, ਪ੍ਰੋ. ਜਸਬੀਰ ਸਿੰਘ, ਸ਼ੇਰੇ ਪੰਜਾਬ ਸਿੰਘ ਕਾਹਲੋਂ, ਵਿੱਕੀ ਭਾਟੀਆ, ਵਰਿੰਦਰਪ੍ਰੀਤ ਸਿੰਘ, ਅਨੁਰਾਗ ਮਹਿਤਾ, ਸੁਖਦੇਵ ਸਿੰਘ, ਐਡਵੋਕੇਟ ਐੱਚ.ਐੱਸ. ਮਾਂਗਟ ਸਮੇਤ ਹੋਰਨਾਂ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਇਹ ਯਤਨ ਕੀਤੇ ਜਾ ਰਹੇ ਹਨ ਸੋਭਾ ਸਿੰਘ ਆਰਟ ਗੈਲਰੀ ਨੂੰ ਸੁਰਜੀਤ ਕੀਤਾ ਜਾਵੇ। ਇਨ੍ਹਾਂ ਸੰਸਥਾਵਾਂ ਵੱਲੋਂ ਹਰ ਸਾਲ ਸੋਭਾ ਸਿੰਘ ਦੀ ਯਾਦ ਵਿੱਚ ਚਿੱਤਰਕਾਰੀ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਇਨ੍ਹਾਂ ਸੰਸਥਾਵਾਂ ਦੇ ਮੈਂਬਰਾਂ ਅਤੇ ਕਲਾ ਪ੍ਰੇਮੀਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੋਭਾ ਸਿੰਘ ਆਰਟ ਗੈਲਰੀ ਵਿਚੋਂ ਡੀ.ਐੱਸ.ਪੀ. ਦਫ਼ਤਰ ਹਟਾ ਕੇ ਇੱਥੇ ਦੁਬਾਰਾ ਆਰਟ ਗੈਲਰੀ ਸਥਾਪਤ ਕੀਤੀ ਜਾਵੇ।
ਅੰਮ੍ਰਿਤਸਰ ਦੇ ਸ਼ਾਲ ਉਦਯੋਗ 'ਤੇ ਮੰਦੀ ਦੀ ਮਾਰ, ਨਹੀਂ ਮਿਲ ਰਹੇ ਵਿਦੇਸ਼ਾਂ ਤੋਂ ਆਰਡਰ
NEXT STORY