ਗੁਰਦਾਸਪੁਰ (ਜੀਤ ਮਠਾਰੂ) : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਅੱਗੇ ਲੱਗੇ ਮੋਰਚੇ ਦੇ 12ਵੇਂ ਦਿਨ ਰੋਹ 'ਚ ਕਿਸਾਨਾਂ ਨੇ ਡੀਸੀ ਦਫ਼ਤਰ ਦਾ ਮੇਨ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਬੀਬੀਆਂ, ਨੌਜਵਾਨਾਂ, ਮਜ਼ਦੂਰਾਂ ਅਤੇ ਕਿਸਾਨਾਂ ਨੇ ਇਕੱਠੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਕਿਸਾਨ ਆਗੂਆਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ।
ਇਹ ਵੀ ਪੜ੍ਹੋ : ਸ੍ਰੀ ਪਟਨਾ ਸਾਹਿਬ ਵਿਖੇ ਚੱਲ ਰਹੀ ਹੁੱਲੜਬਾਜ਼ੀ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ ਬਿਹਾਰ ਸਰਕਾਰ ਨੂੰ ਕੀਤੀ ਇਹ ਤਾੜਨਾ
ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਸੂਬੇ ਵਿੱਚ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ, ਨਸ਼ਾ, ਚੋਰ ਮਾਫੀਆ, ਗੈਂਗਵਾਰ ਦਿਨੋ-ਦਿਨ ਵੱਧ ਰਿਹਾ ਹੈ, ਇਹ ਪੰਜਾਬ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਸਰਕਾਰ ਕੁੰਭਕਰਨ ਦੀ ਨੀਂਦ ਸੁੱਤੀ ਹੋਈ ਹੈ। ਸਰਕਾਰਾਂ ਨੂੰ ਜਲਦ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ ਕਿਸਾਨ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, 23 ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦਾ ਕਾਨੂੰਨ ਲਾਗੂ ਕੀਤਾ ਜਾਵੇ, ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ, ਪ੍ਰਾਈਵੇਟ ਕੰਪਨੀਆਂ ਦਾ ਕਰਜ਼ਾ ਮੁਆਫ ਕਰਨ ਦੀ ਤਰਜ਼ 'ਤੇ ਕਿਸਾਨਾਂ ਦਾ ਵੀ ਕਰਜ਼ਾ ਮੁਆਫ ਕੀਤਾ ਜਾਵੇ, ਪ੍ਰਾਈਵੇਟ ਕੰਪਨੀਆਂ ਦਾ ਨਹਿਰੀ ਪ੍ਰੋਜੈਕਟ ਰੱਦ ਕਰਕੇ ਪਾਣੀ ਪਿੰਡਾਂ ਤੱਕ ਪਹੁੰਚਾਇਆ ਜਾਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚੋਂ ਪੰਜਾਬ ਦਾ ਹੱਕ ਖੋਹਣ ਵਾਲਾ ਕਾਨੂੰਨ ਰੱਦ ਕੀਤਾ ਜਾਵੇ, ਪ੍ਰਾਈਵੇਟ ਸਕੂਲਾਂ 'ਚ ਮਾਪਿਆਂ ਦੀ ਹੋ ਰਹੀ ਲੁੱਟ-ਖਸੁੱਟ ਬੰਦ ਕੀਤੀ ਜਾਵੇ, ਸਰਕਾਰੀ ਹਸਪਤਾਲਾਂ ਦਾ ਪ੍ਰਬੰਧ ਠੀਕ ਕੀਤਾ ਜਾਵੇ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ : MP ਸੰਜੀਵ ਅਰੋੜਾ ਵੱਲੋਂ ਚੁੱਕੇ ਗਏ NHAI ਮੁੱਦੇ 'ਤੇ ਗਡਕਰੀ ਨੇ ਸੰਸਦ 'ਚ ਦਿੱਤਾ ਇਹ ਜਵਾਬ
ਇਸ ਮੌਕੇ ਲਖਵਿੰਦਰ ਸਿੰਘ ਵਰਿਆਮ ਨੰਗਲ, ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ, ਸਤਨਾਮ ਸਿੰਘ ਮਧਰੇ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜਪਿੰਡੀ, ਗੁਰਮੁੱਖ ਸਿੰਘ ਖਾਨਮਲੱਕ, ਹਰਭਜਨ ਸਿੰਘ ਵੈਰੋਨੰਗਲ, ਗੁਰਪ੍ਰੀਤ ਸਿੰਘ ਖਾਨਪੁਰ, ਸੁਖਵਿੰਦਰ ਸਿੰਘ ਗੋਹਤ, ਡਾ. ਹਰਦੀਪ ਸਿੰਘ, ਜਤਿੰਦਰ ਸਿੰਘ ਵਰਿਆਂ, ਵੱਸਣ ਸਿੰਘ ਪੀਰਾਂਬਾਗ, ਹਰਜੀਤ ਸਿੰਘ ਲੀਲਕਲਾਂ, ਸੁਖਵਿੰਦਰ ਸਿੰਘ ਅੱਲੜਪਿੰਡੀ, ਸਤਨਾਮ ਸਿੰਘ ਖਜ਼ਾਨਚੀ, ਕਰਨੈਲ ਸਿੰਘ ਆਦੀ, ਰਣਬੀਰ ਸਿੰਘ ਡੁਗਰੀ, ਪਰਮਿੰਦਰ ਸਿੰਘ ਚੀਮਾ ਖੁੱਡੀ ਆਦਿ ਹਾਜ਼ਰ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਸ੍ਰੀ ਪਟਨਾ ਸਾਹਿਬ ਵਿਖੇ ਚੱਲ ਰਹੀ ਹੁੱਲੜਬਾਜ਼ੀ ਸਬੰਧੀ ਜਥੇਦਾਰ ਹਰਪ੍ਰੀਤ ਸਿੰਘ ਨੇ ਬਿਹਾਰ ਸਰਕਾਰ ਨੂੰ ਕੀਤੀ ਇਹ ਤਾੜਨਾ
NEXT STORY