ਗੁਰਦਾਸਪੁਰ (ਹਰਮਨਪ੍ਰੀਤ) : ਪੰਜਾਬ ਦੇ ਵੱਖ-ਵੱਖ ਜ਼ਿਲਿਆਂ 'ਚ ਸਵਾਈਨ ਫਲੂ ਦੇ ਕਹਿਰ ਕਾਰਨ ਜਿਥੇ ਕਈ ਜ਼ਿੰਦਗੀਆਂ ਮੌਤ ਦੇ ਮੂੰਹ 'ਚ ਜਾ ਚੁੱਕੀਆਂ ਹਨ, ਉਥੇ ਰੋਜ਼ਾਨਾ ਹੀ ਇਸ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਵਾਧਾ ਹੋਣ ਕਾਰਨ ਲੋਕਾਂ ਅੰਦਰ ਡਰ ਦਾ ਮਾਹੌਲ ਬਣ ਰਿਹਾ ਹੈ। ਇਸ ਕਾਰਨ ਬੇਸ਼ੱਕ ਸਿਹਤ ਵਿਭਾਗ ਲੋਕਾਂ ਨੂੰ ਸਵਾਈਨ ਫਲੂ ਤੋਂ ਬਚਣ ਅਤੇ ਇਲਾਜ ਸਬੰਧੀ ਜਾਗਰੂਕ ਕਰਨ ਲਈ ਪੱਬਾਂ ਭਾਰ ਹੋ ਕੇ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਕੋਸ਼ਿਸ਼ਾਂ ਕਰਨ ਤੋਂ ਇਲਾਵਾ ਹਸਪਤਾਲਾਂ 'ਚ ਮਰੀਜ਼ਾਂ ਦੇ ਇਲਾਜ ਲਈ ਆਇਸੋਲੇਟਿਡ ਵਾਰਡ ਵੀ ਬਣਾਏ ਗਏ ਹਨ ਪਰ ਇਸ ਦੇ ਬਾਵਜੂਦ ਬਹੁ-ਗਿਣਤੀ ਲੋਕਾਂ ਨੂੰ ਅਜੇ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਆਖਿਰ ਸਵਾਈਨ ਫਲੂ ਕਿਉਂ ਅਤੇ ਕਿਵੇਂ ਫੈਲਦਾ ਹੈ ਅਤੇ ਇਸ ਤੋਂ ਬਚਣ ਲਈ ਕਿਹੋ ਜਿਹੇ ਬਚਾਅ ਕਰਨੇ ਚਾਹੀਦੇ ਹਨ।
ਕਦੋਂ, ਕਿੰਨੇ ਲੋਕਾਂ ਨੂੰ ਹੋਇਆ ਸਵਾਈਨ ਫਲੂ
ਇਕੱਤਰ ਵੇਰਵਿਆਂ ਅਨੁਸਾਰ ਸਾਲ 2012 ਦੌਰਾਨ ਪੰਜਾਬ ਅੰਦਰ 13 ਲੋਕਾਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ, ਜਿਨ੍ਹਾਂ 'ਚੋਂ 4 ਦੀ ਮੌਤ ਹੋ ਗਈ। 2013 ਦੌਰਾਨ 183 ਲੋਕਾਂ ਨੂੰ ਸਵਾਈਨ ਫਲੂ ਹੋਇਆ ਅਤੇ 42 ਮੌਤਾਂ ਹੋਈਆਂ। 2014 'ਚ ਇਹ ਗਿਣਤੀ ਕ੍ਰਮਵਾਰ 27 ਅਤੇ 6 ਤੱਕ ਰਹਿ ਗਈ, ਜਦੋਂ ਕਿ 2015 ਦੌਰਾਨ 300 ਮਰੀਜ਼ਾਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਅਤੇ ਉਸ ਸਾਲ 61 ਲੋਕ ਮੌਤ ਦੇ ਮੂੰਹ 'ਚ ਚਲੇ ਗਏ। 2016 ਵਿਚ 177 ਲੋਕਾਂ ਨੂੰ ਸਵਾਈਨ ਫਲੂ ਹੋਇਆ, ਜਿਨ੍ਹਾਂ 'ਚ 64 ਦੀ ਮੌਤ ਹੋ ਗਈ। ਸਾਲ 2017 ਦੌਰਾਨ 295 ਲੋਕਾਂ ਨੂੰ ਸਵਾਈਨ ਫਲੂ ਹੋਇਆ ਅਤੇ 86 ਲੋਕਾਂ ਦੀ ਮੌਤ ਹੋ ਜਾਣ ਕਾਰਨ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਨੇ 2018 'ਚ ਇਸ ਨੂੰ ਰੋਕਣ ਲਈ ਕਈ ਕਦਮ ਚੁੱਕੇ, ਜਿਨ੍ਹਾਂ ਦੀ ਬਦੌਲਤ ਪਿਛਲੇ ਸਾਲ 2018 ਦੌਰਾਨ ਪੰਜਾਬ ਦੇ 47 ਲੋਕਾਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਅਤੇ 11 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਜਦੋਂ ਸਾਲ 2019 ਸ਼ੁਰੂ ਹੀ ਹੋਇਆ ਹੈ ਤਾਂ ਜਨਵਰੀ ਦੇ ਪਹਿਲੇ 3 ਹਫਤਿਆਂ ਦੌਰਾਨ ਹੀ ਸਵਾਈਨ ਫਲੂ ਦੇ 104 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 14 ਦੇ ਕਰੀਬ ਮੌਤਾਂ ਵੀ ਹੋ ਗਈਆਂ ਹਨ। ਇਸ ਕਾਰਨ ਜਿੱਥੇ ਆਮ ਲੋਕ ਚਿੰਤਤ ਦਿਖਾਈ ਦੇ ਰਹੇ ਹਨ, ਉਥੇ ਸਿਹਤ ਵਿਭਾਗ ਵੀ ਪੱਬਾਂ ਭਾਰ ਹੋਇਆ ਪਿਆ ਹੈ।
ਸੁਚੇਤ ਰਹਿਣ ਦੀ ਲੋੜ : ਡਾ. ਕਲਸੀ
ਜ਼ਿਲਾ ਗੁਰਦਾਸਪੁਰ ਦੀ ਐਪੀਡਿਮਾਲੋਜਿਸਟ ਡਾ. ਪ੍ਰਭਜੀਤ ਕੌਰ ਕਲਸੀ ਨੇ ਦੱਸਿਆ ਕਿ ਜ਼ਿਲਾ ਗੁਰਦਾਸਪੁਰ ਅੰਦਰ ਸਿਰਫ 3 ਮਰੀਜ਼ਾਂ ਨੂੰ ਸਵਾਈਨ ਫਲੂ ਹੋਣ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵਾਈਨ ਫਲੂ ਇੰਫਲੂਐਂਜਾ ਵਾਇਰਸ ਕਾਰਨ ਫੈਲਦਾ ਹੈ, ਜਿਸਦੇ ਹੋਣ ਨਾਲ ਮਰੀਜ਼ ਨੂੰ 101 ਡਿਗਰੀ ਦੇ ਕਰੀਬ ਬੁਖਾਰ ਹੋਣ ਤੋਂ ਇਲਾਵਾ ਖਾਂਸੀ ਹੁੰਦੀ ਹੈ ਅਤੇ ਉਸਦਾ ਗਲਾ ਦੁਖਦਾ ਹੈ। ਇਸ ਤੋਂ ਪੀੜਤ ਮਰੀਜ਼ ਨੂੰ ਡਾਇਰੀਆ, ਉਲਟੀਆਂ ਆਉਣ ਤੋਂ ਇਲਾਵਾ, ਸਾਹ ਆਉਣ 'ਚ ਤਕਲੀਫ ਵੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਵਾਈਨ ਫਲੂ ਤੋਂ ਬਚਣ ਲਈ ਖੰਘਣ ਜਾਂ ਛਿੱਕਣ ਮੌਕੇ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢਕ ਕੇ ਰੱਖਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਖੰਘ ਅਤੇ ਜੁਕਾਮ ਤੋਂ ਇਲਾਵਾ ਬੁਖਾਰ ਨਾਲ ਪੀੜਤ ਵਿਅਕਤੀਆਂ ਤੋਂ ਘੱਟੋ-ਘੱਟ ਇਕ ਮੀਟਰ ਦੂਰੀ ਬਣਾ ਰੱਖਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ 'ਚ ਸਵਾਈਨ ਫਲੂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਵਿਸ਼ੇਸ਼ ਵਾਰਡਾਂ ਬਣਾਈਆਂ ਗਈਆਂ ਹਨ ਅਤੇ ਜੇਕਰ ਕਿਸੇ ਮਰੀਜ਼ ਨੂੰ ਉਪਰੋਕਤ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਪਰਚਿਆਂ ਨੂੰ ਬਣਾਵਾਂਗੇ ਪਰਚੀਆ : ਸੁਖਬੀਰ
NEXT STORY