ਅੰਮ੍ਰਿਤਸਰ (ਅਵਧੇਸ਼)- ਸਿਹਤ ਵਿਭਾਗ ਦੀ ਫ਼ੂਡ ਸੇਫ਼ਟੀ ਵਿੰਗ ਟੀਮ ਨੇ ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ’ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਗਰਮੀਆਂ ਦੇ ਮੌਸਮ ਅਤੇ ਤਿਉਹਾਰੀ ਸੀਜ਼ਨ ਵਿਚ ਜਿਥੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਮੰਗ ਬਹੁਤ ਵਧ ਜਾਂਦੀ ਹੈ, ਉਥੇ ਹੀ ਡੇਅਰੀ ਮਾਲਕ ਅਤੇ ਦੋਧੀ ਜ਼ਿਆਦਾ ਮੁਨਾਫ਼ਾ ਕਮਾਉਣ ਲਈ ਦੁੱਧ ਦੀ ਮਾਤਰਾ ਵਧਾਉਣ ਵਾਸਤੇ ਨਕਲੀ ਦੁੱਧ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ, ਜੋ ਕਿ ਜਨਤਾ ਦੀ ਸਿਹਤ ਨਾਲ ਖਿਲਵਾੜ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਸਿਹਤ ਵਿਭਾਗ ਨੇ ਮਿਲਾਵਟਖ਼ੋਰੀ ਖ਼ਤਮ ਕਰਨ ਲਈ ਦਿਹਾਤੀ ਖੇਤਰਾਂ ਤੋਂ ਸ਼ਹਿਰ ਦੁੱਧ ਦੀ ਸਪਲਾਈ ਕਰਨ ਆਉਣ ਵਾਲੇ ਦੋਧੀਆਂ ’ਤੇ ਨਜ਼ਰ ਰੱਖਣ ਲਈ 5 ਟੀਮਾਂ ਦਾ ਗਠਨ ਕਰਕੇ ਵੱਖ-ਵੱਖ ਥਾਵਾਂ ’ਤੇ ਨਾਕੇ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਜਾਣਾ ਸੀ ਵੱਡਾ ਵਾਕਾ, ਟਾਰਗੇਟ ਕਿਲਿੰਗ ਦੀ ਵੱਡੀ ਸਾਜ਼ਿਸ਼ ਫੇਲ, ਹਥਿਆਰਾਂ ਸਣੇ 2 ਗ੍ਰਿਫ਼ਤਾਰ
ਕਮਿਸ਼ਨਰ ਫ਼ੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਕੰਵਲਪ੍ਰੀਤ ਕੌਰ ਬਰਾੜ ਅਤੇ ਡੀ. ਸੀ. ਦਲਵਿੰਦਰਜੀਤ ਸਿੰਘ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਨੇ ਦੋ ਵੱਖ-ਵੱਖ ਟੀਮਾਂ ਨਾਲ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਛਾਪੇਮਾਰੀ ਕਰਦਿਆਂ ਦੁੱਧ ਅਤੇ ਦੁੱਧ ਤੋਂ ਬਣੇ 10 ਖਾਧ ਪਦਾਰਥਾਂ ਦੇ ਸੈਂਪਲ ਸੀਲ ਕੀਤੇ। ਟੀਮ ਵਿੱਚ ਸ਼ਾਮਲ ਫ਼ੂਡ ਸੇਫ਼ਟੀ ਐਕਟ ਅਧਿਕਾਰੀ ਅਮਨਦੀਪ ਸਿੰਘ ਨੇ ਦਿਹਾਤੀ ਖੇਤਰ ਅਜਨਾਲਾ ਵਿੱਚ 3 ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦਿਆਂ ਦੁੱਧ ਅਤੇ ਦੁੱਧ ਤੋਂ ਬਣੇ 5 ਖਾਧ ਪਦਾਰਥਾਂ ਦੇ ਸੈਂਪਲ ਸੀਲ ਕੀਤੇ। ਇਸੇ ਤਰ੍ਹਾਂ ਦੂਜੀ ਟੀਮ ਵਿੱਚ ਸ਼ਾਮਲ ਫ਼ੂਡ ਸੇਫ਼ਟੀ ਐਕਟ ਅਧਿਕਾਰੀ ਸਤਨਾਮ ਸਿੰਘ ਨੇ ਬਟਾਲਾ ਰੋਡ ਅਤੇ ਮਜੀਠਾ ਰੋਡ ’ਤੇ ਡੇਅਰੀਆਂ ਅਤੇ ਮਿਠਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕਰਕੇ 5 ਖਾਧ ਪਦਾਰਥਾਂ ਦੇ ਸੈਂਪਲ ਸੀਲ ਕੀਤੇ। ਫ਼ੂਡ ਸੇਫ਼ਟੀ ਟੀਮ ਨੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿਚ ਛਾਪੇਮਾਰੀ ਦੌਰਾਨ 10 ਸੈਂਪਲ ਸੀਲ ਕੀਤੇ, ਜਿਨ੍ਹਾਂ ਵਿਚ 2 ਪਨੀਰ, 3 ਖੋਆ, 1 ਦੁੱਧ, 1 ਦਹੀ, 1 ਦੇਸੀ ਘਿਓ, 1 ਖੋਆ ਬਰਫ਼ੀ ਅਤੇ 1 ਆਈਸਕ੍ਰੀਮ ਸ਼ਾਮਲ ਹੈ।
ਇਹ ਵੀ ਪੜ੍ਹੋ- ਫੈਸਲਾਬਾਦ ਏਅਰਪੋਰਟ 'ਤੇ ਰੋਕੇ ਗਏ 104 ਸ਼ਰਧਾਲੂ, ਪਾਕਿ ਤੋਂ ਗੁਰਧਾਮਾਂ ਦੇ ਦਰਸ਼ਨਾਂ ਲਈ ਆ ਰਹੇ ਸਨ ਭਾਰਤ
ਜ਼ਿਲਾ ਸਿਹਤ ਅਧਿਕਾਰੀ ਡਾ. ਮਨਜੀਤ ਸਿੰਘ ਰਟੌਲ ਨੇ ਕਿਹਾ ਕਿ ਦੁੱਧ ਜਾਂ ਕਿਸੇ ਹੋਰ ਖਾਧ ਪਦਾਰਥ ਵਿੱਚ ਮਿਲਾਵਟਖ਼ੋਰੀ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਜਨਤਾ ਤੋਂ ਅਪੀਲ ਕੀਤੀ ਕਿ ਜੇਕਰ ਤੁਹਾਡੇ ਆਸ-ਪਾਸ ਕੋਈ ਵੀ ਵਿਅਕਤੀ ਮਿਲਾਵਟਖ਼ੋਰੀ ਕਰਦਾ ਹੈ ਤਾਂ ਉਸ ਦੀ ਸੂਚਨਾ ਸਿਵਲ ਸਰਜਨ ਦਫ਼ਤਰ ਵਿਚ ਦਿਓ। ਜੋ ਵਿਅਕਤੀ ਮਿਲਾਵਟਖ਼ੋਰੀ ਬਾਰੇ ਸੂਚਨਾ ਦੇਵੇਗਾ, ਉਸ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਤੇ ਫ਼ੂਡ ਆਪ੍ਰੇਟਰ ਜਾਂ ਫ਼ੂਡ ਸੇਫ਼ਟੀ ਐਕਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ-ਅੰਮ੍ਰਿਤਸਰ ਦੇ ਗੁਰਦੁਆਰਿਆਂ 'ਚ ਹੋ ਗਈ ਅਨਾਊਂਸਮੈਂਟ, ਪੁਲਸ ਨੇ ਕੀਤਾ ਅਲਰਟ
ਫ਼ੂਡ ਸੇਫ਼ਟੀ ਐਕਟ ਅਧਿਕਾਰੀ ਸਤਨਾਮ ਸਿੰਘ ਅਤੇ ਅਮਨਦੀਪ ਸਿੰਘ ਨੇ ਦੱਸਿਆ ਕਿ ਦੁੱਧ ਤੋਂ ਬਣੇ ਪਦਾਰਥਾਂ ਦੇ 10 ਸੈਂਪਲਾਂ ਨੂੰ ਜਾਂਚ ਲਈ ਖਰੜ ਲੈਬ ਭੇਜ ਦਿੱਤਾ ਗਿਆ ਹੈ। ਜਿਨ੍ਹਾਂ ਖਾਧ ਪਦਾਰਥ ਮਾਲਕਾਂ ਦੇ ਸੈਂਪਲਾਂ ਵਿਚ ਕਮੀ ਪਾਈ ਜਾਵੇਗੀ, ਉਨ੍ਹਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ ਅਤੇ ਕੋਰਟ ਕੇਸ ਦਰਜ ਕੀਤਾ ਜਾਵੇਗਾ, ਜਿਸ ਤਹਿਤ ਉਕਤ ਮਾਲਕ ਨੂੰ ਜੁਰਮਾਨੇ ਦੇ ਨਾਲ ਸਜ਼ਾ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ-ਪੰਜਾਬ: ਬੈਂਕ 'ਚ ਆ ਵੜੇ 5 ਲੁਟੇਰੇ, ਗਾਰਡ ਦੀ ਅੱਖ 'ਚ ਮਾਰੀ ਸਪਰੇਅ ਤੇ ਫਿਰ ਵੀ ਕੀਤਾ ਮੁਕਾਬਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਕਾਲਜ ਵਿਦਿਆਰਥਣ ਮਨਪ੍ਰੀਤ ਦੀ ਮੌਤ
NEXT STORY