ਅੰਮ੍ਰਿਤਸਰ, (ਜ. ਬ.)- ਸਿਰ ਦੇ ਸਾਈਂ ਤੋਂ ਬਿਨਾਂ ਹੁਣ ਜ਼ਿੰਦਗੀ ਕਿਵੇਂ ਕੱਟਾਂਗੀ। ਇਹ ਮੰਜ਼ਰ ਜਲੰਧਰ ’ਚ ਹੋਏ ਸਡ਼ਕ ਹਾਦਸੇ ਦੌਰਾਨ ਮਾਰੇ ਗਏ ਅੰਮ੍ਰਿਤਸਰ ਦੇ ਦਿਨ ਦੋਸਤਾਂ ’ਚ ਸ਼ਾਮਿਲ ਨਰੇਸ਼ ਕੁਮਾਰ ਦੇ ਘਰ ਦਾ ਸੀ, ਜਿਥੇ ਹਰ ਅੱਖ ਰੋ ਰਹੀ ਸੀ ਅਤੇ ਕੁਦਰਤ ਦੇ ਇਸ ਕਹਿਰ ’ਤੇ ਰੱਬ ਨੂੰ ਵਾਰ-ਵਾਰ ਇਹ ਪੁੱਛ ਰਹੀ ਸੀ ਕਿ ਇਨ੍ਹਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਸੀ, ਜਿਨ੍ਹਾਂ ਨੂੰ ਉਨ੍ਹਾਂ ਦਾ ਪਿਤਾ ਬੇਸਹਾਰਾ ਛੱਡ ਕੇ ਚਲਾ ਗਿਆ। ਕੌਣ ਇਨ੍ਹਾਂ ਨਾਲ ਲਾਡ ਕਰੇਗਾ ਤੇ ਕੌਣ ਇਨ੍ਹਾਂ ਬੱਚਿਆਂ ਦੀ ਜ਼ਿੱਦ ਪੁਗਾਏਗਾ। ਸਡ਼ਕ ਦੁਰਘਟਨਾ ਵਿਚ ਮਾਰੇ ਗਏ ਨਰੇਸ਼ ਕੁਮਾਰ ਦੀ ਪਤਨੀ ਅਾਂਚਲ ਦਾ ਵਾਰ-ਵਾਰ ਇਕ ਹੀ ਸਵਾਲ ਸੀ ਕਿ ਹੁਣ ਉਸ ਦੇ ਪਤੀ ਦੇ ਜਾਣ ਤੋਂ ਬਾਅਦ ਉਹ ਆਪਣੇ ਬੱਚਿਆਂ ਨਾਲ ਕਿਸ ਤਰ੍ਹਾਂ ਜੀਅ ਸਕੇਗੀ। ਅਾਂਚਲ ਦਾ ਸਹੁਰਾ ਚੰਦਰ ਸ਼ੇਖਰ, ਸੱਸ ਤੇ ਹੋਰ ਰਿਸ਼ਤੇਦਾਰ ਉਸ ਨੂੰ ਵਾਰ-ਵਾਰ ਦਿਲਾਸਾ ਤਾਂ ਦੇ ਰਹੇ ਸਨ ਪਰ ਉਸ ਦੀ ਜ਼ਿੱਦ ਅੱਗੇ ਲਾਚਾਰ ਸਨ। ਸਾਰੇ ਰਿਸ਼ਤੇਦਾਰ ਉਸ ਨੂੰ ਕਹਿ ਰਹੇ ਸਨ ਕਿ ਜੋ ਕੁਝ ਵੀ ਹੈ ਹੁਣ ਇਨ੍ਹਾਂ ਬੱਚਿਆਂ ਵਿਚ ਹੀ ਹੈ। ਨਰੇਸ਼ ਦੇ 3 ਸਾਲਾ ਲਡ਼ਕੇ ਸਹਿਮ ਨੂੰ ਤਾਂ ਅਜੇ ਤੱਕ ਨਹੀਂ ਪਤਾ ਸੀ ਕਿ ਹੁਣ ਉਸ ਦੇ ਪਿਤਾ ਕਦੇ ਵੀ ਪਰਤ ਕੇ ਵਾਪਸ ਨਹੀਂ ਆਉਣਗੇ।
ਵਰਸ਼ਾ ਦੀ ਤਾਂ ਦੁਨੀਅਾ ਹੀ ਉਜੜ ਗਈ
ਇਹੀ ਮੰਜ਼ਰ ਇਸ ਸਡ਼ਕ ਦੁਰਘਟਨਾ ’ਚ ਮਾਰੇ ਗਏ ਪਵਨ ਲੁਥਰਾ ਦੇ ਘਰ ਦਾ ਵੀ ਸੀ, ਜਿਸ ਦੀ ਪਤਨੀ ਵਰਸ਼ਾ ’ਤੇ ਕੁਦਰਤ ਨੇ ਉਸ ਦਾ ਪਤੀ ਖੋਹ ਕੇ ਦੂਜਾ ਕਹਿਰ ਢਾਹ ਦਿੱਤਾ ਸੀ। ਕੁਝ ਮਹੀਨੇ ਪਹਿਲਾਂ ਵਰਸ਼ਾ ਦੇ ਘਰ ਹੋਈ ਉਸ ਦੀ ਧੀ ਨੇ ਦਮ ਤੋਡ਼ਿਆ ਸੀ ਤੇ ਹੁਣ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਜਿਵੇਂ ਉਸ ਦੀ ਤਾਂ ਪੂਰੀ ਦੁਨੀਆ ਹੀ ਉਜਡ਼ ਗਈ ਸੀ। ਆਪਣੇ-ਆਪ ਨੂੰ ਬੇਸਹਾਰਾ ਮਹਿਸੂਸ ਕਰ ਰਹੀ ਵਰਸ਼ਾ ਦੇ ਸਹੁਰੇ ਘਰ ਵਾਲੇ ਉਸ ਨੂੰ ਵਾਰ-ਵਾਰ ਦਿਲਾਸਾ ਤਾਂ ਦੇ ਰਹੇ ਸਨ ਪਰ ਵਰਸ਼ਾ ਨੂੰ ਇਹ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਹੁਣ ਉਸ ਦਾ ਪਤੀ ਜਿਥੇ ਗਿਆ ਹੈ ਉਥੋਂ ਪਰਤ ਕੇ ਕਦੇ ਨਹੀਂ ਆਵੇਗਾ।
ਸਡ਼ਕ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਬਣਾਈ ਵੀਡੀਓ ਹੋਈ ਵਾਇਰਲ
ਬੁੱਧਵਾਰ ਦੇਰ ਸ਼ਾਮ ਚਾਰਾਂ ਦੋਸਤਾਂ ਨੇ ਗੱਡੀ ’ਚ ਜਲੰਧਰ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਅਤੇ ਸਾਰੇ ਇਕ ਜਗ੍ਹਾ ਇਕੱਠੇ ਹੋਏ ਤੇ ਜਲੰਧਰ ਨੂੰ ਰਵਾਨਾ ਹੋ ਗਏ। ਨਾ ਤਾਂ ਇਨ੍ਹਾਂ ਦੋਸਤਾਂ ਨੂੰ ਪਤਾ ਸੀ ਕਿ ਅੱਜ ਇਹ ਉਨ੍ਹਾਂ ਦਾ ਆਖਰੀ ਸਫਰ ਹੈ ਤੇ ਨਾ ਹੀ ਘਰ ਵਾਲਿਆਂ ਨੂੰ ਪਤਾ ਸੀ ਕਿ ਹੁਣ ਇਨ੍ਹਾਂ ’ਚੋਂ 3 ਪਰਤ ਕੇ ਵਾਪਸ ਨਹੀਂ ਆਉਣਗੇ। ਆਖਰੀ ਵਾਰ ਜ਼ਿੰਦਗੀ ਦਾ ਸਫਰ ਕਰ ਰਹੇ ਚਾਰਾਂ ਦੋਸਤਾਂ ਨੇ ਚੱਲਦੀ ਕਾਰ ’ਚ ਆਪਣੀ ਇਕ ਲਾਈਵ ਵੀਡੀਓ ਬਣਾਈ, ਜਿਸ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪਾਇਆ, ਜੋ ਅੱਜ ਵਾਇਰਲ ਹੋ ਗਈ। ਇਸ ਵੀਡੀਓ ਵਿਚ ਸਾਰੇ ਦੋਸਤ ਹੱਸਦੇ-ਖੇਡਦੇ ਹੋਏ ਜਲੰਧਰ ਵੱਲ ਜਾ ਰਹੇ ਹਨ ਤੇ ਕਾਰ ਦੀ ਸਪੀਡ ਵੀ ਕਾਫੀ ਤੇਜ਼ ਹੈ। ਜਲੰਧਰ ਤੋਂ ਘਰ ਵਾਪਸ ਪਰਤਦੇ ਸਮੇਂ ਉਨ੍ਹਾਂ ਦੀ ਕਾਰ ਸਡ਼ਕ ’ਤੇ ਬਣੇ ਡਿਵਾਈਡਰ ਨਾਲ ਇੰਨੀ ਜ਼ੋਰ ਨਾਲ ਟਕਰਾਈ ਕਿ ਕਾਰ ਵਿਚ ਸਵਾਰ ਚਾਰੋਂ ਦੋਸਤ ਨਰੇਸ਼ ਕੁਮਾਰ, ਸੋਨੂੰ, ਪਵਨ ਲੁਥਰਾ ਤੇ ਅਕਾਸ਼ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ 3 ਦੋਸਤਾਂ ਨੇ ਦਮ ਤੋਡ਼ ਦਿੱਤਾ, ਜਦੋਂ ਕਿ ਅਕਾਸ਼ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਸੋਨੂੰ ਦੇ ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ
ਜਲੰਧਰ ਦੁਰਘਟਨਾ ’ਚ ਮਾਰੇ ਗਏ ਸੋਨੂੰ ਵਾਸੀ ਬਾਗ ਰਾਮਾਨੰਦ ਦੇ ਘਰ ਪੁੱਜੇ ਤਾਂ ਉਥੇ ਉਸ ਦੀ ਮਾਤਾ ਮਾਇਆ ਆਪਣੇ ਦੂਜੇ ਬੇਟੇ ਸੰਨੀ ਤੇ ਧੀ ਕੋਮਲ ਨਾਲ ਬੇਸਹਾਰੀ ਬੈਠੀ ਸੀ, ਜਿਸ ਦਾ ਇਸ ਤਰ੍ਹਾਂ ਬੈਠਣਾ ਸੁਭਾਵਿਕ ਸੀ ਕਿਉਂਕਿ 21 ਸਾਲ ਤੱਕ ਜਿਸ ਬੇਟੇ ਦਾ ਪਾਲਣ-ਪੋਸ਼ਣ ਕਰ ਕੇ ਇੰਨਾ ਵੱਡਾ ਕੀਤਾ, ਹੁਣ ਉਹ ਉਸ ਦਾ ਤੇ ਉਸ ਦੇ ਪਤੀ ਦੇ ਬੁਢਾਪੇ ਦਾ ਸਹਾਰਾ ਬਣਨ ਵਾਲਾ ਸੀ, ਉਸ ਦਾ ਇੰਝ ਚਲੇ ਜਾਣਾ ਉਨ੍ਹਾਂ ਦੇ ਸਿਰ ’ਤੇ ਦੁੱਖਾਂ ਦਾ ਪਹਾਡ਼ ਟੁੱਟ ਜਾਣ ਦੇ ਬਰਾਬਰ ਸੀ। ਲੋਕਾਂ ਦੇ ਕੱਪਡ਼ੇ ਪ੍ਰੈੱਸ ਕਰ ਕੇ ਆਪਣੇ ਬੱਚਿਆਂ ਨੂੰ ਪਾਲਣ ਵਾਲੀ ਮਾਇਆ ਆਪਣੇ-ਆਪ ਨੂੰ ਇਸ ਕਦਰ ਟੁੱਟਾ ਹੋਇਆ ਮਹਿਸੂਸ ਕਰ ਰਹੀ ਸੀ ਜਿਵੇਂ ਉਸ ਦੇ ਸਰੀਰ ’ਚੋਂ ਕੋਈ ਅੰਗ ਕੱਟ ਗਿਆ ਹੋਵੇ।
ਰਿਮਾਂਡ ਦੌਰਾਨ ਨਾਈਜੀਰੀਅਨ ਮਹਿਲਾ ਤੋਂ ਬਰਾਮਦ ਹੋਈ 300 ਗ੍ਰਾਮ ਹੈਰੋਇਨ
NEXT STORY