ਅੰਮ੍ਰਿਤਸਰ (ਛੀਨਾ): ਕਾਂਗਰਸ ਸਰਕਾਰ ਦੀਆਂ ਮਾੜੀਆਂ ਨੀਤੀਆ ਦੇ ਖਿਲਾਫ ਮਿੰਨੀ ਬੱਸਾਂ ਵਾਲਿਆਂ ਵਲੋਂ 15 ਜੁਲਾਈ ਨੂੰ ਚੰਡੀਗੜ੍ਹ 'ਚ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫਤਰ ਮੂਹਰੇ ਲਗਾਏ ਜਾਣ ਵਾਲੇ ਧਰਨੇ ਸਬੰਧੀ ਅੱਜ ਮਿੰਨੀ ਬੱਸ ਆਪ੍ਰੇਟਰ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ਹੇਠ ਆਪ੍ਰੇਟਰਾਂ ਤੇ ਵਰਕਰਾਂ ਦੀ ਇਕ ਹੰਗਾਮੀ ਮੀਟਿੰਗ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਕਰਫਿਊ ਲੱਗਣ ਤੋਂ ਬਾਅਦ ਅੱਜ ਤੱਕ ਪੰਜਾਬ ਸਰਕਾਰ ਨੇ ਬੱਸਾਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਨੂੰ ਕੋਈ ਵੀ ਰਾਹਤ ਪ੍ਰਦਾਨ ਨਹੀ ਕੀਤੀ, ਜਿਸ ਕਾਰਨ ਸਰਕਾਰ ਦੀ ਬੇਰੁਖੀ ਤੇ ਮੰਦਹਾਲੀ ਹੱਥੋਂ ਤੰਗ ਆਏ ਮਿੰਨੀ ਬੱਸਾਂ ਦੇ 2 ਆਪ੍ਰੇਟਰ ਤੇ ਇਕ ਡਰਾਇਵਰ ਆਤਮ-ਹੱਤਿਆ ਕਰ ਚੁੱਕੇ ਹਨ, ਜਿਨ੍ਹਾਂ ਦੀ ਕੁਰਬਾਨੀ ਨੂੰ ਮਿੰਨੀ ਬੱਸ ਯੂਨੀਅਨ ਵਿਅਰਥ ਨਹੀਂ ਜਾਣ ਦੇਵੇਗੀ। ਸ.ਬੱਬੂ ਨੇ ਕਿਹਾ ਕਿ ਬੱਸਾਂ ਦੇ ਪਰਮਿੱਟ ਬਿਨਾਂ ਸ਼ਰਤ ਰੀਨੀਓ ਕਰਨ ਸਮੇਤ ਮਿੰਨੀ ਬੱਸਾਂ ਵਾਲਿਆਂ ਨੇ ਪੰਜਾਬ ਸਰਕਾਰ ਸਾਹਮਣੇ ਜਿੰਨੀਆਂ ਵੀ ਮੰਗਾਂ ਰੱਖੀਆਂ ਸਨ ਸਰਕਾਰ ਨੇ ਉਨਾ 'ਚੋਂ ਇਕ ਨੂੰ ਵੀ ਪ੍ਰਵਾਨ ਨਹੀ ਕੀਤਾ। ਇਸ ਕਾਰਨ ਹੀ 15 ਜੁਲਾਈ ਨੂੰ ਚੰਡੀਗੜ੍ਹ 'ਚ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫਤਰ ਮੂਹਰੇ ਪੰਜਾਬ ਪੱਧਰੀ ਧਰਨਾ ਲਗਾਉਣ ਦਾ ਐਲਾਨ ਕੀਤਾ ਗਿਆ। ਸ.ਬੱਬੂ ਨੇ ਕਿਹਾ ਕਿ ਇਸ ਸੰਘਰਸ਼ 'ਚ ਸਾਡੇ 3 ਸਾਥੀ ਤਾਂ ਕੁਰਬਾਨ ਹੋ ਚੁੱਕੇ ਹਨ ਤੇ ਜੇਕਰ ਲੋੜ ਪਈ ਤਾਂ ਬਾਕੀ ਸਾਥੀ ਵੀ ਕੁਰਬਾਨੀ ਦੇਣ ਤੋਂ ਪਿੱਛੇ ਨਹੀ ਹੱਟਣਗੇ। ਉਨ੍ਹਾਂ ਕਿਹਾ ਕਿ ਮਿੰਨੀ ਬੱਸ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਦਿੱਤੀਆਂ ਜਾਣ ਵਾਲੀਆਂ ਕੁਰਬਾਨੀਆਂ ਕੈਪਟਨ ਸਰਕਾਰ ਦੇ ਮੱਥੇ 'ਤੇ ਅਜਿਹਾ ਕਲੰਕ ਸਾਬਤ ਹੋਣਗੀਆਂ, ਜਿਸ ਨੂੰ ਸਰਕਾਰ ਕਦੇ ਵੀ ਧੋਹ ਨਹੀਂ ਸਕੇਗੀ।
ਸ.ਬੱਬੂ ਨੇ ਕਿਹਾ ਕਿ ਚੰਡੀਗੜ੍ਹ 'ਚ ਲਗਾਇਆ ਜਾਣ ਵਾਲਾ ਪੰਜਾਬ ਪੱਧਰੀ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾ ਨੂੰ ਪ੍ਰਵਾਨ ਨਹੀ ਕਰ ਲਵੇਗੀ। ਇਸ ਲਈ ਸਰਕਾਰ ਚਾਹੇ ਸਾਡੇ 'ਤੇ ਗੋਲੀਆਂ ਵੀ ਚਲਵਾ ਦੇਵੇ ਪਰ ਉਹ ਫਿਰ ਵੀ ਸਾਡੇ ਹੌਂਸਲਿਆਂ ਨੂੰ ਪਸਤ ਨਹੀਂ ਕਰ ਸਕੇਗੀ।ਇਸ ਮੌਕੇ ਸ.ਬੱਬੂ ਨੇ ਧਰਨੇ ਨੂੰ ਸਫ਼ਲ ਬਨਾਉਣ ਲਈ ਵੱਖ-ਵੱਖ ਅਹੁੱਦੇਦਾਰਾਂ ਤੇ ਮੈਂਬਰਾਂ ਦੀਆਂ ਡਿਊਟੀਆਂ ਵੀ ਲਗਾਈਆਂ। ਇਸ ਤੋਂ ਪਹਿਲਾਂ ਮਿੰਨੀ ਬੱਸ ਯੂਨੀਅਨ ਵਲੋਂ ਗੁ.ਬਾਬਾ ਜਾਗੋ ਸ਼ਹੀਦ ਵਿਖੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਸਰਬੱਤ ਦੇ ਭਲੇ ਵਾਸਤੇ ਗੁਰੂ ਚਰਨਾ 'ਚ ਅਰਦਾਸ ਵੀ ਕੀਤੀ ਗਈ। ਇਸ ਸਮੇਂ ਸੁਖਬੀਰ ਸਿੰਘ ਸੋਹਲ, ਸ਼ੇਰ ਸਿੰਘ ਚੋਗਾਵਾਂ, ਦਿਲਬਾਗ ਸਿੰਘ, ਗੁਰਦੇਵ ਸਿੰਘ ਕੋਹਾਲਾ, ਮੇਜਰ ਸਿੰਘ, ਸਮਸ਼ੇਰ ਸਿੰਘ, ਸਤਨਾਮ ਸਿੰਘ ਸੇਖੋਂ, ਜਰਨੈਲ ਸਿੰਘ ਜੱਜ, ਸਾਬਾ ਮਜੀਠਾ, ਨਿਸ਼ਾਨ ਸਿੰਘ ਸਾਬਾ, ਬੂਟਾ ਸਿੰਘ ਜੰਡਿਆਲਾ, ਤੀਰਥ ਸਿੰਘ, ਜਗਜੀਤ ਸਿੰਘ ਜੰਡਿਆਲਾ, ਭੋਲੂ ਮਜੀਠਾ, ਚਮਕੌਰ ਸਿੰਘ ਕਸੇਲ, ਸ਼ਰਨਜੀਤ ਸਿੰਘ ਛੇਹਰਾਟਾ, ਗੁਲਜਾਰ ਸਿੰਘ ਮੋਲੇਕੇ, ਬਾਬਾ ਅਵਤਾਰ ਸਿੰਘ ਤੇ ਹੋਰ ਵੀ ਆਪ੍ਰੇਟਰ ਤੇ ਵਰਕਰਜ਼ ਹਾਜ਼ਰ ਸਨ।
ਸਰਕਾਰ ਦੀਆ ਹਦਾਇਤਾਂ ਤੋਂ ਜਾਣੂ ਕਰਵਾਉਣ ਲਈ ਹਰ ਘਰ ਤੱਕ ਪਹੁੰਚ ਕਰਾਂਗੇ : ਯੂਥ ਡਿਵੈਲਪਮੈਂਟ ਬੋਰਡ
NEXT STORY