ਸ਼ਿਮਲਾ/ਕੁੱਲੂ- ਪੱਛਮੀ ਏਸ਼ੀਆ (Middle East) 'ਚ ਚੱਲ ਰਹੀ ਜੰਗ ਦੀ ਅੱਗ ਹੁਣ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਖੇਤਰ ਨੂੰ ਝੁਲਸਾਉਣ ਲੱਗੀ ਹੈ। ਹਿਮਾਚਲ ਦੇ 'ਮਿੰਨੀ ਇਜ਼ਰਾਈਲ' ਵਜੋਂ ਜਾਣੇ ਜਾਂਦੇ ਇਲਾਕਿਆਂ- ਕਸੋਲ, ਤੋਸ਼, ਪੁਰਾਣੀ ਮਨਾਲੀ ਅਤੇ ਧਰਮਕੋਟ 'ਚ ਇਜ਼ਰਾਈਲੀ ਸੈਲਾਨੀਆਂ ਦੀ ਘੱਟ ਰਹੀ ਗਿਣਤੀ ਨੇ ਸਥਾਨਕ ਕਾਰੋਬਾਰੀਆਂ ਦੀ ਚਿੰਤਾ ਵਧਾ ਦਿੱਤੀ ਹੈ।
ਇਜ਼ਰਾਈਲੀ ਸੱਭਿਆਚਾਰ ਦਾ ਕੇਂਦਰ ਹੈ ਪਾਰਵਤੀ ਘਾਟੀ
ਦਹਾਕਿਆਂ ਤੋਂ ਇਜ਼ਰਾਈਲੀ ਸੈਲਾਨੀ, ਖਾਸ ਕਰਕੇ ਉਹ ਨੌਜਵਾਨ ਜੋ ਆਪਣੀ ਲਾਜ਼ਮੀ ਫੌਜੀ ਸੇਵਾ ਪੂਰੀ ਕਰਕੇ ਆਉਂਦੇ ਹਨ, ਹਿਮਾਚਲ ਦੀਆਂ ਪਹਾੜੀਆਂ 'ਚ ਮਹੀਨਿਆਂ ਤੱਕ ਰਹਿਣਾ ਪਸੰਦ ਕਰਦੇ ਹਨ। ਇਨ੍ਹਾਂ ਇਲਾਕਿਆਂ 'ਚ ਇਬਰਾਨੀ (Hebrew) ਭਾਸ਼ਾ ਦੇ ਸਾਈਨ ਬੋਰਡ ਅਤੇ ਇਜ਼ਰਾਈਲੀ ਪਕਵਾਨ ਜਿਵੇਂ 'ਸ਼ਾਕਸ਼ੁਕਾ' ਤੇ 'ਫਲਾਫਲ' ਆਮ ਮਿਲਦੇ ਹਨ। ਪਰ ਜੰਗ ਕਾਰਨ ਹੁਣ ਕਈ ਸੈਲਾਨੀ ਅੱਧ ਵਿਚਾਲੇ ਛੁੱਟੀਆਂ ਛੱਡ ਕੇ ਆਪਣੇ ਦੇਸ਼ ਪਰਤ ਰਹੇ ਹਨ।
ਆਰਥਿਕਤਾ 'ਤੇ ਪਵੇਗਾ ਵੱਡਾ ਅਸਰ
ਹੋਲੀਡੇ ਮਾਰਟ ਦੇ ਮਾਲਕ ਅਸ਼ੋਕ ਸ਼ਰਮਾ ਅਨੁਸਾਰ, ਇਜ਼ਰਾਈਲੀ ਸੈਲਾਨੀ ਲੰਬੇ ਸਮੇਂ ਤੱਕ ਰੁਕਦੇ ਹਨ, ਜਿਸ ਨਾਲ ਛੋਟੇ ਹੋਟਲਾਂ, ਹੋਮ-ਸਟੇਅ ਅਤੇ ਕੈਫੇ ਮਾਲਕਾਂ ਦੀ ਚੰਗੀ ਕਮਾਈ ਹੁੰਦੀ ਸੀ। ਹੁਣ ਜੰਗ ਕਾਰਨ ਜਿੱਥੇ ਸੈਲਾਨੀ ਘਟ ਰਹੇ ਹਨ, ਉੱਥੇ ਹੀ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਟੈਕਸੀ ਆਪਰੇਟਰਾਂ ਦਾ ਬਜਟ ਵੀ ਵਿਗਾੜ ਦਿੱਤਾ ਹੈ।
ਕੋਰੋਨਾ ਤੋਂ ਬਾਅਦ ਹੁਣ ਜੰਗ ਦੀ ਮਾਰ
ਹਿਮਾਚਲ 'ਚ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ ਅਜੇ ਕੋਰੋਨਾ ਮਹਾਮਾਰੀ ਦੇ ਝਟਕੇ ਤੋਂ ਉੱਭਰ ਹੀ ਰਹੀ ਸੀ। ਅੰਕੜਿਆਂ ਮੁਤਾਬਕ 2019 'ਚ ਲਗਭਗ 3.82 ਲੱਖ ਵਿਦੇਸ਼ੀ ਸੈਲਾਨੀ ਆਏ ਸਨ। ਕੋਰੋਨਾ ਕਾਰਨ 2020 'ਚ ਇਹ ਗਿਣਤੀ ਤੇਜ਼ੀ ਨਾਲ ਘੱਟ ਕੇ ਲਗਭਗ 43,000 ਅਤੇ 2021 'ਚ ਸਿਰਫ਼ 5,500 ਰਹਿ ਗਈ ਸੀ। ਇਹ ਗਿਣਤੀ ਹੌਲੀ-ਹੌਲੀ ਵੱਧ ਕੇ 2022 'ਚ ਲਗਭਗ 29,000, 2023 'ਚ ਲਗਭਗ 62,800 ਅਤੇ 2024 'ਚ ਲਗਭਗ 82,000 ਸੈਲਾਨੀ ਹੋ ਗਈ। ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਜ਼ਰਾਈਲੀ ਸੈਲਾਨੀ ਗਿਣਤੀ 'ਚ ਸਭ ਤੋਂ ਵੱਡਾ ਗਰੁੱਪ ਨਹੀਂ ਹਨ, ਪਰ ਉਨ੍ਹਾਂ ਦੇ ਲੰਬੇ ਸਮੇਂ ਤੱਕ ਠਹਿਰਨ ਕਾਰਨ ਕੁੱਲੂ ਅਤੇ ਕਾਂਗੜਾ ਦੀ ਸਥਾਨਕ ਆਰਥਿਕਤਾ ਉਨ੍ਹਾਂ 'ਤੇ ਕਾਫੀ ਨਿਰਭਰ ਕਰਦੀ ਹੈ। ਜੇਕਰ ਜੰਗ ਲੰਬੀ ਖਿੱਚੀ ਗਈ, ਤਾਂ ਹਿਮਾਚਲ ਦੇ ਸੈਰ-ਸਪਾਟੇ ਨੂੰ ਵੱਡਾ ਘਾਟਾ ਸਹਿਣਾ ਪੈ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
1, 2, 3 ਨਹੀਂ..7ਵਾਂ ਵਿਆਹ ਕਰਵਾਉਣ ਦੀ ਤਿਆਰੀ 'ਚ ਪਿਓ, ਥਾਣੇ ਪੁੱਜਾ ਪੁੱਤ, ਕਿਹਾ- ਸਰ! ਮੇਰੇ ਪਿਓ ਨੂੰ ਰੋਕੋ
NEXT STORY